Latest news
ਮੀਰਾ ਦੀ ਸ਼ਰਧਾ 'ਚ ਰੰਗਿਆ ਪੰਚਕੂਲਾ, ਅਗਰਵਾਲ ਭਵਨ 'ਚ 'ਸਰਵ ਸਮਾਜ ਬੰਧੂਤਵ' ਸਾਂਝੀਵਾਲਤਾ ਯਾਤਰਾ- 2022 ਦਾ ਸ਼ਾਨਦਾਰ ਸਵ... वरिष्ठ पत्रकार जसविंदर सिंह आजाद DMA के चीफ एडवाइजर व मोहित सेखड़ी सेक्रेटरी नियुक्त  ਐਨ.ਆਈ.ਟੀ.ਟੀ.ਟੀ.ਆਰ.-ਚੰਡੀਗੜ੍ਹ ਵਿੱਚ ਆਯੋਜਿਤ ਹੋਵੇਗੀ ਮੀਡੀਆ ਚੌਪਾਲ-2022 इस बार एनआईटीटीटीआर-चंडीगढ़ में लगेगा मीडिया चौपाल ਧਾਰਮਿਕ ਪ੍ਰੋਗਰਾਮਾਂ ਨਾਲ ਵਧਦੀ ਹੈ ਭਾਈਚਾਰਕ ਸਾਂਝ:ਰਣਜੀਤ ਸਿੰਘ ਖੋਜੇਵਾਲ ਅਕਾਲੀ ਦਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ *ਪੱਤਰਕਾਰ ਅਜੀਤ ਸਿੰਘ ਬੁਲੰਦ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ, ਪ੍ਰਧਾਨ ਅਮਨ ਬੱਗਾ ਅਤੇ ਚੇਅਰਮੈਨ ਪ੍ਰਦੀ... ਸਾਂਝੀਵਾਲਤਾ ਯਾਤਰਾ-2022 ਦਾ ਡੇਰਾ ਸੰਤ ਗੋਪਾਲ ਨੰਦ ਜੀ ਅਗੰਮ ਪੁਰ ਵਿਖੇ ਭਰਵਾਂ ਸਵਾਗਤ ਸਾਂਝੀਵਾਲਤਾ ਯਾਤਰਾ-2022 ਦਾ ਭੀਖੀ ਵਿੱਚ ਭਰਵਾਂ ਸਵਾਗਤ, ਅੱਜ ਪੁੱਜੇਗੀ ਸੰਗਰੂਰ ਐਨ ਆਰ ਆਈ ਸਭਾ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਪ੍ਰਵਾਸੀ ਭਾਰਤੀ: ਨਾਪਾ

ਕੇਸਰੀ ਵਿਰਾਸਤ

ਮਨੁੱਖਾ ਜੀਵਨ ਦੇ ਅਸਲ ਮਨੋਰਥ ਸਮਝ ਲਿਆ ਜਾਵੇ ‘ਭਗਤ ਤ੍ਰਿਲੋਚਨ ਜੀ

ਅਰੀ ਬਾਈ! ਗੋਬਿੰਦ ਨਾਮੁ ਮਤਿ ਬੀਸਰੈ॥

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥1॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥2॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥3॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥4॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥5॥2॥

ਪਦ ਅਰਥ: ਅੰਤਿ ਕਾਲ: ਮਰਨ ਸਮੇਂ ਲਛਮੀ-ਮਾਇਆ, ਧੰਨ।

ਵਲਿ ਵਲਿ: ਮੁੜ ਮੁੜ। ਅਉਤਰੈ: ਜੰਮਦਾ ਹੈ।

ਅਰੀ ਬਾਈ: ਹੇ ਭੈਣ! ਮਤਿ: ਮਤਾਂ, ਨਾਂਹ। ਸੂਕਰ: ਸੂਰ, ਪੀਤੰਬਰ: ਪਰਮਾਤਮਾ, ਵਾ ਕੇ: ਉਸ ਦੇ।

ਇਹ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਗੂਜਰੀ

ਰਾਗ ਵਿਚ ਪੰਨਾ 526 ਉੱਤੇ ਸੁਸ਼ੋਬਤ ਹੈ। ਇਸ ਸ਼ਬਦ ਦੇ ਕੇਂਦਰੀ ਭਾਵ ਵਿਚ ਮਨੁੱਖਾ ਜੀਵਨ ਦਾ ਮਨੋਰਥ ਕੀ ਹੈ, ਬਾਰੇ ਸਿੱਖਿਆ ਰੂਪ ਵਰਣਨ ਕੀਤਾ ਗਿਆ ਹੈ। ਇਸ ਸ਼ਬਦ ਦਾ ਭਾਵ ਇਹ ਨਹੀਂ ਹੈ ਕਿ ਮਰਨ ਤੋਂ ਬਾਅਦ ਪ੍ਰਾਣੀ ਕਿਵੇਂ ਕਿਹੜੀ ਜੂਨ ਵਿਚ ਪਵੇਗਾ। ਗੁਰਮਤ ਫਿਲਾਸਫੀ ਸਮਝਣ ਵਾਸਤੇ ਇਸ ਸ਼ਬਦ ਦਾ ਸਹੀ ਭਾਵ ਸਮਝਣਾ ਜ਼ਰੂਰੀ ਹੈ। ਇਸ ਕਰਕੇ ਇਸ ਸ਼ਬਦ ਦੇ ਕੇਂਦਰੀ ਭਾਵ ਨੂੰ ਸਮਝਣ ਲਈ ਆਓ ਪਹਿਲਾਂ ਸਿੱਖ ਧਰਮ ਦੀ ਫਿਲਾਸਫੀ ਵੱਲ ਥੋੜ੍ਹਾ ਧਿਆਨ ਕਰੀਏ।

1. ਰੱਬ ਤਾਂ ਅਗੰਮ, ਅਗੋਚਰ, ਅਲੱਖ ਅਤੇ ਅਭੇਦ ਹੈ। ਉਸ ਦਾ ਅਸੀਂ ਭੇਦ ਨਹੀਂ ਪਾ ਸਕਦੇ ਕਿਉਂਕਿ ਅਸੀਂ ਇਕ ਮੱਛਲੀ ਦੀ ਤਰ੍ਹਾਂ ਹਾਂ ਰੱਬ ਦਰੀਆਉ ਹੈ। ਅਸੀਂ ਪਾਣੀ ਦੀ ਬੂੰਦ ਹਾਂ ਉਹ ਸਮੁੰਦਰ ਹੈ।

ਇਕ ਮੱਛਲੀ, ਸਮੁੰਦਰ ਦੀ ਥਾਹ ਕਿਸ ਤਰ੍ਹਾਂ ਲੱਭ ਸਕਦੀ ਹੈ?

2. ਜੋ ਕੁਝ ਬੀ ਇਸ ਦੁਨੀਆਂ ਵਿਚ ਹੋ ਰਿਹਾ ਹੈ ਉਹ ਸਭ ਅਕਾਲ ਪੁਰਖ ਦੀ ਰਜ਼ਾ ਵਿਚ ਹੋ ਰਿਹਾ ਹੈ। ਪਰਮਾਤਮਾ ਸਭ ਕੁਝ ਕਰਨ ਵਿਚ ਕਿਸੇ ਦੀ ਸਲਾਹ ਜਾਂ ਮਸ਼ਵਰਾ ਨਹੀਂ ਲੈਂਦਾ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥

(ਗੁਰੂ ਗ੍ਰੰਥ ਸਾਹਿਬ, ਪੰਨਾ 469)

3. ਸਿੱਖ ਧਰਮ ਇਕ ਵਖਰਾ ਧਰਮ ਹੈ। ਇਹ ਹਿੰਦੂ, ਮੁਸਲਮਾਨਾਂ ਅਤੇ ਹੋਰ ਧਰਮਾਂ ਤੋਂ ਨਿਆਰਾ ਹੈ।

1. ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1136)

2. ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1158)

4. ਗੁਰੂ ਨਾਨਕ ਦੇ ਘਰ, ਸਿੱਖ ਧਰਮ ਵਿਚ ਦਾਨ ਪੁੰਨ, ਕਿਆਸ ਰਿਆਈਆਂ, ਪੁੱਛਾਂ-ਗਿੱਛਾਂ, ਟੇਵੇ, ਕਰਾਮਾਤਾਂ, ਵਰਤਾਂ ਆਦਿ ਨੂੰ ਕੋਈ ਥਾਂ ਨਹੀਂ। ਅਸੀਂ ਆਪਣਾ ਜੀਵਨ ਮਾਲਕ ਦੇ ਭਾਣੇ ਵਿਚ ਬਤੀਤ ਕਰਨਾ ਹੈ।

ਬੰਦਿ ਖਲਾਸੀ ਭਾਣੈ ਹੋਇ॥ ਹੋਰਿ ਆਖਿ ਨਾ ਸਕੈ ਕੋਇ॥

(ਜਪੁ ਜੀ ਸਾਹਿਬ, ਪੰਨਾ 24)

5. ਇਸ ਸੰਸਾਰ ਵਿਚ ਹਰ ਜੀਵ ਨੇ ਇਕ ਦਿਨ ਮਰਨਾ ਹੈ। ਸਾਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਅੱਗੇ ਕਿਹੜੀ ਜੂਨ ਵਿਚ ਜਾਵਾਂਗੇ। ਕੋਸ਼ਿਸ਼ ਕਰੀਏ ਕਿ ਗੁਰੂ ਹੁਕਮਾਂ ਦੀ ਸੋਝੀ ਪ੍ਰਾਪਤ ਕਰੀਏ ਅਤੇ ਉਸ ਮੁਤਾਬਿਕ ਜੀਵਨ ਬਿਤਾਈਏ, ਜੀਵਨ ਮੁਕਤ ਹੋਈਏ ਅਤੇ ਮੌਤ ਨੂੰ ਹਮੇਸ਼ਾ ਯਾਦ ਰੱਖੀਏ।

ਉਪਰੋਤਕ ਸ਼ਬਦ ਤੇ ਸਰਸਰੀ ਨਿਗਾਹ ਮਾਰਨ ਤੋਂ ਇੰਜ ਮਾਲੂਮ ਹੁੰਦਾ ਹੈ ਕਿ ਭਗਤ ਤ੍ਰਿਲੋਚਨ, ਇਸ ਸ਼ਬਦ ਵਿਚ ਮਰਨ ਤੋਂ ਬਾਅਦ ਜੀਵ ਕਿਉਂ-ਕਿਹੜੀ ਜੂਨ ਵਿਚ ਪਵੇਗਾ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਨਹੀਂ, ਇੰਜ ਨਹੀਂ ਹੈ। ਉਹ ਤਾਂ ਇਸ ਸ਼ਬਦ ਵਿਚ ਮਨੁੱਖਾ ਜੀਵਨ ਦੇ ਅਸਲ ਮਨੋਰਥ ਬਾਰੇ ਵਿਚਾਰ ਪੇਸ਼ ਕਰ ਰਹੇ ਹਨ। ਇਸ ਸ਼ਬਦ ਦੇ ਅਰਥ ਸਮਝਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸ਼ਬਦਾਂ ਦੇ ਅਸੂਲਾਂ ਨੂੰ ਸਮਝ ਲਿਆ ਜਾਵੇ:-

1. ਸ਼ਬਦ ਦਾ ਕੇਂਦਰੀ ਭਾਵ ਹਰ ਸ਼ਬਦ ਦੀ `ਰਹਾਉ` ਵਾਲੀ ਤੁੱਕ ਵਿਚ ਹੁੰਦਾ ਹੈ। ਬਾਕੀ ਦੇ ਸ਼ਬਦ ਵਿਚ `ਰਹਾਉ` ਵਾਲੀ ਤੁਕ ਦੀ ਵਿਆਖਿਆ ਕੀਤੀ ਗਈ ਹੁੰਦੀ ਹੈ।

2. ਗੁਰਬਾਣੀ ਵਿਚ ਐਸਾ ਕੋਈ ਵੀ ਸ਼ਬਦ ਨਹੀਂ ਜੋ ਗੁਰਮਤ ਫਿਲਾਸਫੀ ਤੋਂ ਉਲਟ ਹੋਵੇ।

3. ਇਕ ਤੋਂ ਵੱਧ ਮਤ/ਧਰਮ ਦੀ ਗੱਲ ਕਰਨ ਵੇਲੇ ਗੁਰੂ ਸਾਹਿਬਾਨ ਅਤੇ ਹੋਰ ਭਗਤਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ, ਇਕ ਨਿਰਾਲਾ ਢੰਗ ਵਰਤਿਆ ਗਿਆ ਹੈ। ਆਪਣਾ ਮਤ/ਧਰਮ ਪੇਸ਼ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅਤੇ ਭਗਤ ਦੂਜੇ ਮਤ/ਧਰਮ ਦਾ ਖਿਆਲ ਪੇਸ਼ ਕਰਦੇ ਹਨ ਅਤੇ ਅੰਤ ਵਿਚ ਗੁਰਮਤ ਅਨੁਸਾਰ ਖਿਆਲ ਪੇਸ਼ ਕਰਕੇ ਸ਼ਬਦ ਦਾ ਨਿਰਣਾ ਕਰਦੇ ਹਨ। ਇਸ ਸ਼ਬਦ ਵਿਚ ਵੀ ਇਹੀ ਢੰਗ ਵਰਤਿਆ ਗਿਆ ਹੈ। ਇਸ ਸ਼ਬਦ ਵਿਚ ਭਗਤ ਤ੍ਰਿਲੋਚਨ ਜੀ ਪਹਿਲਾਂ ਬ੍ਰਹਮਣੀ ਮਤ ਪੇਸ਼ ਕਰਦੇ ਹਨ ਜਿਸ ਅਨੁਸਾਰ ਦੱਸਿਆ ਗਿਆ ਹੈ ਮਰਨ ਤੋਂ ਬਾਅਦ ਇਨਸਾਨ ਕਿਵੇਂ ਵੱਖ-ਵੱਖ ਜੂਨਾਂ ਵਿਚ ਪੈਂਦਾ ਹੈ। ਅੰਤ ਵਿਚ ਗੁਰਮਤ ਫਿਲਾਸਫੀ ਅਨੁਸਾਰ ਇਹ ਦੱਸਦੇ ਹਨ ਕਿ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਪਰਮਾਤਮਾ ਨਾਲ ਜਿਉਂਦੇ ਜੀਅ ਅਭੇਦ ਹੋਣਾ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਗ੍ਰਹਿਸਤ ਜੀਵਨ ਜਿਊਂਦੇ ਹੋਏ, ਧਰਮ ਦੀ ਕਾਰ-ਵਿਹਾਰ ਕਰਦੇ ਅਕਾਲ ਪੁਰਖ ਨਾਲ ਜੁੜੇ ਰਹੀਏ, ਯਾਦ ਕਰਦੇ ਰਹੀਏ ਭਾਵ ਸਿਮਰਨ ਕਰਦੇ ਰਹੀਏ। ਜੋ ਉਹ ਵਿਸਰ ਗਿਆ ਤਾਂ ਫਿਰ ਹੋਰ ਹੋਰ ਜੂਨਾਂ ਵਿਚ ਹੀ ਪੈਣਾ ਹੈ। ਇਹ ਸ਼ਬਦ ਕਿਉਂਕਿ ਗੁਰਮਤ ਅਨੁਸਾਰ ਬਿਲਕੁਲ ਠੀਕ ਹੈ ਅਤੇ ਗੁਰੂ ਨਾਨਕ ਦੀ ਫਿਲਾਸਫੀ ਮੁਤਾਬਿਕ ਇਸੇ ਕਰਕੇ ਗੁਰੂ ਨਾਨਕ ਨੂੰ ਇਹ ਸ਼ਬਦ ਚੰਗਾ ਲੱਗਾ। ਉਨ੍ਹਾਂ ਨੇ ਇਹ ਸ਼ਬ ਆਪਣੀਆਂ ਪ੍ਰਚਾਰਕ ਫੇਰੀਆਂ (ਉਦਾਸੀਆਂ) ਸਮੈਂ ਕਿੱਠਾ ਕੀਤਾ ਅਤੇ ਆਪਣੀ ਪੋਥੀ ਜੋ ਉਨ੍ਹਾਂ ਕੋਲ ਹਰ ਵੇਲੇ ਹੁੰਦੀ ਸੀ, ਵਿਚ ਦਰਜ ਕਰ ਲਿਆ। ਸਮਾ ਆਉਣ ਤੇ ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਿਆ।

ਸਾਰੇ ਸ਼ਬਦ ਦੇ ਅਰਥ ਹੇਠਾਂ ਦਿੱਤੇ ਜਾ ਰਹੇ ਹਨ। ਇਹ ਅਰਥ ਡਾ (ਪ੍ਰੋਫੈਸਰ) ਸਾਹਿਬ ਸਿੰਘ ਜੀ ਨੇ ਕੀਤੇ ਹਨ ਜੋ ਉਨ੍ਹਾਂ ਦੇ ਟੀਕੇ, `ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ` ਦੀ ਪੋਥੀ ਨੰ: 4 ਦੇ ਪੰਨਾ 178 ਤੋਂ 180 ਵਿਚ ਦਰਜ ਹਨ।

ਅਰਥ: ਹੇ ਭੈਣ! (ਮੇਰੇ ਲਈ ਅਰਦਾਸ ਕਰ) ਕਿ ਮੈਨੂੰ ਪਰਮਾਤਮਾ ਦਾ ਨਾਮ ਨਾ ਭੁੱਲੇ ਤਾਂ ਜੋ ਅੰਤ ਵੇਲੇ ਵੀ ਉਹ ਪਰਮਾਤਮਾ ਹੀ ਚੇਤੇ ਆਵੇ॥ ਰਹਾਉ ॥

ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ, ਤਾਂ ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ॥1॥

ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਹੀ ਯਾਦ ਕਰਦਾ ਹੈ ਅਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ, ਉਹ ਮੁੜ-ਮੁੜ ਵੇਸਵਾ ਦਾ ਜਨਮ ਲੈਂਦਾ ਹੈ॥2॥

ਜੋ ਮਨੁੱਖ ਮਰਨ ਸਮੇਂ ਆਪਣੇ ਪੁੱਤਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤਰਾਂ ਨੂੰ ਯਾਦ ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨੇ ਮੁੜ-ਮੁੜ ਜੰਮਦਾ ਹੈ॥3॥

ਜੋ ਮਨੁੱਖ ਅਖੀਰ ਵੇਲੇ ਆਪਣੇ ਘਰ ਮਹਲ-ਮਾੜੀਆਂ ਦੇ ਹਾਉਕੇ ਲੈਂਦਾ ਹੈ ਤੇ ਇਨ੍ਹਾਂ ਹਉਕਿਆਂ ਵਿਚ ਹੀ ਮਰਦਾ ਹੈ ਤਾਂ ਉਹ ਮੁੜ-ਮੁੜ ਪ੍ਰੇਤ ਹੀ ਬਣਦਾ ਹੈ ॥5॥

(ਭਗਤ) ਤ੍ਰਿਲੋਚਨ ਆਖਦਾ ਹੈ – ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ ਧਨ, ਇਸਤ੍ਰੀ, ਪੁੱਤਰ ਅਤੇ ਘਰ ਆਦਿਕ ਦੇ ਮੋਹ ਤੋਂ ਆਜ਼ਾਨ ਹੋ ਜਾਂਦਾ ਹੈ। ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ।

ਸਿੱਟਾ: ਸਵਾਲ ਪੈਦਾ ਹੁੰਦਾ ਹੈ ਕਿ ਭਗਤ ਤ੍ਰਿਲੋਚਨ ਜੀ ਨੇ ਇਹ ਕਿਆਸ ਕਿਵੇਂ ਲਾਇਆ ਕਿ ਇਸ ਸ਼ਬਦ ਅਨੁਸਾਰ ਅੰਤ ਵੇਲੇ ਇਸ ਤਰ੍ਹਾਂ ਕਿਸ-ਕਿਸ ਜੂਨ ਵਿਚ ਪਵੇਗਾ?

ਉੱਤਰ: ਇਹ ਬੜੀ ਸਾਦੀ ਜਿਹੀ ਗੱਲ ਹੈ। ਭਗਤ ਤ੍ਰਿਲੋਚਨ ਜੀ ਇੱਕ ਤਾਂ ਆਪ ਬਹੁਤ ਪ੍ਰਚੱਲਤ ਸਨ। ਇਸ ਕਰਕੇ ਹਿੰਦੂ ਧਰਮ ਦੇ ਗ੍ਰੰਥਾਂ ਪੁਰਾਨ, ਸਾਸਤਰਾਂ ਆਦਿਕ ਵਾਲੇ ਖਿਆਲ ਕੁਦਰਤੀ ਤੌਰ ਤੇ ਜਨਤਾ ਵਿਚ ਪ੍ਰਚੱਲਤ ਸਨ, ਜਿਨ੍ਹਾਂ ਵਿਚ ਜੂਨਾਂ ਵਿਚ ਪੈਣ ਵਾਲੇ ਖਿਆਲ ਵੀ ਸ਼ਾਮਲ ਸਨ। ਉਨ੍ਹਾਂ ਗ੍ਰੰਥਾਂ, ਵੇਦਾਂ, ਸਾਸਤਰਾਂ, ਪੁਰਨਾਂ ਦਾ ਹਵਾਲਾ ਦੇਣ ਤੋਂ ਬਾਅਦ ਭਗਤ ਤ੍ਰਿਲੋਚਨ ਜੀ ਇਸ ਸ਼ਬਦ ਵਿਚ ਕਹਿ ਰਹੇ ਹਨ ਕਿ ਸਾਰੀ ਉਮਰ ਧਨ, ਇਸਤਰੀ, ਪੁੱਤਰਾਂ ਅਤੇ ਮਹਿਲ-ਮਾੜੀਆਂ ਦੇ ਧੰਦਿਆਂ ਵਿਚ ਇਤਨਾ ਖੱਚਿਤ ਨਾ ਹੋ ਜਾਵੋ ਕਿ ਮਰਨ ਵੇਲੇ ਵੀ ਸੂਰਤ ਇਨ੍ਹਾਂ ਵਿਚ ਹੀ ਟਿਕੀ ਰਹੇ। ਇਸ ਦੇ ਉਲਟ ਉਹ ਕਹਿ ਰਹੇ ਹਨ ਕਿ ਗ੍ਰਹਿਸਥ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ `ਪਰਮਾਤਮਾ ਕਦੇ ਵੀ ਨਾ ਵਿਸਰੇ` ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਪ੍ਰਭੂ ਚਰਨਾ ਵਿਚ ਜੁੜੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਜੀਵਨ ਬਤੀਤ ਕਰਨ ਵਾਲ ਸਹਿਜੇ ਹੀ ਅੰਤ ਪਰਮਾਤਮਾ ਵਿਚ ਲੀਨ ਹੋ ਸਕੀਦਾ ਹੈ। ਜੇ ਕੋਈ ਕਹੇ ਕਿ ਕੋਈ ਗੱਲ ਨਹੀਂ ਬਥੇਰੀ ਉਮਰ ਪਈ ਹੈ ਨਾਮ ਫਿਰ ਜਪ ਲਵਾਂਗੇ, ਜ਼ਰੂਰੀ ਨਹੀਂ ਕਿ ਸਮਾਂ ਆਵੇ ਕਿ ਨਾ ਆਵੇ। ਸਾਡੀ ਜੀਵਨ ਜੁਗਤ ਤਾਂ ਇਹ ਹੋਣੀ ਚਾਹੀਦੀ ਹੈ ਕਿ:

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥ (ਗੁਰੂ ਗ੍ਰੰਥ ਸਾਹਿਬ, ਪੰਨਾ 522)

ਬਲਬਿੰਦਰ ਸਿੰਘ ਅਸਟ੍ਰੇਲੀਆ

Leave a Reply

Your email address will not be published.