ਉਸ ਨੂੰ ਮਨੁੱਖੀ ਜਜ਼ਬਾਤਾਂ ਨਾਲ ਸੰਚਾਲਿਤ ਆਪਣੀਆਂ ਰਚਾਵਾਂ ਸਾਹਿਤਕ ਮੈਗਜ਼ੀਨਾਂ ਵਿਚ ਛਪਾਉਣ ਜਾਂ ਆਪਣੀ ਵਾਹ ਵਾਹ ਕਰਾਉਣ ਦੀ ਕੋਈ ਚਾਹਤ ਨਹੀਂ ਸੀ, ਪਰ ਫਿਰ ਵੀ ਉਸ ਦੀਆਂ ਗਾਹੇ ਬਗਾਹੇ ਛਪਦੀਆਂ ਕਵਿਤਾਵਾਂ ਨੇ ਪਾਠਕਾਂ ਦਾ ਧਿਆਨ ਆਪਣੇ ਵਲ ਖਿੱਚਿਆ। ਉਚੇਰੀ ਸਿੱਖਿਆ ਪ੍ਰਾਪਤ ਕਰਦਿਆਂ ਹੀ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ। ਉਹ ਆਪਣੀ ਲਿਆਕਤ ਨਾਲ ਪ੍ਰਿੰਸੀਪਲ ਦੇ ਰੁਤਬੇ ਤਕ ਵੀ ਪਹੁੰਚ ਗਿਆ। ਉਸ ਦਾ ਯਾਰਾਂ ਦੋਸਤਾਂ ਦਾ ਦਾਇਰਾ ਇੰਨਾ ਵੱਡਾ ਸੀ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਹੀ ਵਰਗਾ ਹੋ ਕੇ ਮਿਲਣ ’ਚ ਯਕੀਨ ਰੱਖਦਾ ਸੀ। ਉਸ ਦਾ 10 ਅਕਤੂਬਰ 2022 ਨੂੰ ਅਚਨਚੇਤ ਵਿਛੋੜਾ ਪਰਿਵਾਰ ਦੇ ਨਾਲ ਨਾਲ ਉਸ ਦੇ ਸਨੇਹੀਆਂ ਨੂੰ ਵੀ ਵੱਡੀ ਪੀੜਾ ਦੇ ਗਿਆ। ਉਸ ਨੇ ਜਿੱਥੇ ਉਸ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਇਆ ਉੱਥੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਵੀ ਕਦੇ ਪਾਸਾ ਨਹੀਂ ਵਟਿਆ।
ਆਪਣੇ ਦੋਹਾਂ ਬਚਿਆਂ ਉਦੇਚੇਤਨ ਗਿੱਲ ਅਤੇ ਸਾਵਲਪ੍ਰੀਤ ਗਿੱਲ ਦੇ ਭਵਿੱਖ ਨੂੰ ਸਵਾਰਨ ਲਈ ਉਨ੍ਹਾਂ ਨੂੰ ਵਿਦੇਸ਼ ਭੇਜ ਕੇ ਉਸ ਨੇ ਜਿੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਉੱਥੇ ਪਰਿਵਾਰ ਦੀਆਂ ਹੋਰ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਂਦਿਆਂ ਲੋੜ ਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਿਹਾ। ਉਸ ਨੂੰ ਹਰ ਰਿਸ਼ਤੇ ਨੂੰ ਥਾਂ ਪਰ ਥਾਂ ਰੱਖਣ ਦਾ ਵਲ ਆਉਂਦਾ ਸੀ। ਭਰ ਜਵਾਨ ਆਪਣੇ ਵੱਡੇ ਭਰਾ ਦੀ ਅਰਥੀ ਨੂੰ ਮੋਢਾ ਦੇਣਾ ਪਿਆ ਅਤੇ ਫਿਰ ਪਿਤਾ ਦੀ ਛਤਰ-ਛਾਇਆ ਤੋਂ ਵੀ ਜਲਦੀ ਵਾਂਝਾ ਹੋ ਗਿਆ। ਚੰਡੀਗੜ੍ਹ ਰਹਿਣਾ ਉਸ ਦੀ ਭਾਵੇਂ ਮਜਬੂਰੀ ਬਣ ਗਿਆ ਪਰ ਉਸ ਦਾ ਦਿਲ ਪਿੰਡਾਂ ਅਤੇ ਯਾਰੋ ਦੋਸਤਾਂ ਵਿਚ ਹੀ ਧੜਕਦਾ ਸੀ। 19 ਅਕਤੂਬਰ, ਦਿਨ ਬੁੱਧਵਾਰ ਨੂੰ ਉਨ੍ਹਾਂ ਦੀ ਅੰਤਿਮ ਅਰਦਾਸ ਚੰਡੀਗੜ੍ਹ ਦੇ 34 ਡੀ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਹੋ ਰਹੀ ਹੈ। ਆਓ ਇਸ ਰੂਹ ਨੂੰ ਹੁੰਮ੍ਹ ਹੁੰਮਾ ਕੇ ਸ਼ਰਧਾਂਜਲੀ ਦੇਈਏ।