ਨਵੀਂ ਦਿੱਲੀ, ਕੇਸਰੀ ਨਿਊਜ਼ ਨੈੱਟਵਰਕ– ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਬੈਂਕਿੰਗ ਸੁਵਿਧਾਵਾਂ ਨੂੰ ਆਖਰੀ ਵਿਅਕਤੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ 75 ਡਿਜੀਟਲ ਬੈਂਕਿੰਗ ਯੂਨਿਟ (Digital Banking Units -DBUs) ਅੱਜ ਲਾਂਚ ਕੀਤੇ । ਪੀਐਮ ਮੋਦੀ ਨੇ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ-ਕਸ਼ਮੀਰ ਦੀਆਂ 2 ਡਿਜੀਟਲ ਬੈਂਕਿੰਗ ਯੂਨਿਟਾਂ ਸਮੇਤ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਪੀਐਮ ਮੋਦੀ ਨੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਡਿਜੀਟਲ ਬੈਂਕਿੰਗ ਯੂਨਿਟ ਆਧੁਨਿਕ ਭਾਰਤ ਵੱਲ ਵਧਦਾ ਕਦਮ ਹੈ। ਇਹ ਸੇਵਾਵਾਂ ਕਾਗਜ਼ੀ ਕਾਰਵਾਈ, ਲਿਖਤੀ ਅਤੇ ਹੋਰ ਮੁਸ਼ਕਲਾਂ ਤੋਂ ਮੁਕਤ ਹੋਣਗੀਆਂ। ਇਹ ਡਿਜੀਟਲ ਬੈਂਕਿੰਗ ਸੇਵਾਵਾਂ ਪਹਿਲਾਂ ਨਾਲੋਂ ਵੀ ਆਸਾਨ ਹੋ ਜਾਣਗੀਆਂ। ਇਸ ਨਾਲ ਪਿੰਡਾਂ ਅਤੇ ਛੋਟੇ ਸ਼ਹਿਰਾਂ ਵਿੱਚ ਪੈਸੇ ਭੇਜਣ ਤੋਂ ਲੈ ਕੇ ਕਰਜ਼ਾ ਲੈਣ ਤੱਕ ਸਭ ਕੁਝ ਆਸਾਨ ਹੋ ਜਾਵੇਗਾ।
ਪੀਐਮ ਮੋਦੀ ਨੇ ਕਿਹਾ, ‘ਸਾਡਾ ਉਦੇਸ਼ ਬੈਂਕਿੰਗ ਪ੍ਰਣਾਲੀ ਵਿੱਚ ਸੁਧਾਰ, ਮਜ਼ਬੂਤ ਅਤੇ ਪਾਰਦਰਸ਼ਤਾ ਲਿਆਉਣਾ ਹੈ। ਲੋਕਾਂ ਦਾ ਸਸ਼ਕਤੀਕਰਨ ਸਾਡੀ ਸਰਕਾਰ ਦਾ ਟੀਚਾ ਹੈ। ਹੁਣ ਬੈਂਕ ਖੁਦ ਗਰੀਬਾਂ ਦੇ ਘਰ ਜਾਣਗੇ, ਇਸ ਦੇ ਲਈ ਸਾਨੂੰ ਬੈਂਕ ਅਤੇ ਗਰੀਬਾਂ ਵਿਚਾਲੇ ਦੂਰੀ ਘੱਟ ਕਰਨੀ ਪਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਬੈਂਕਿੰਗ ਸੇਵਾਵਾਂ ਨੂੰ ਦੂਰ-ਦੁਰਾਡੇ, ਘਰ-ਘਰ ਤੱਕ ਪਹੁੰਚਾਉਣ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਅੱਜ, ਭਾਰਤ ਦੇ 99% ਤੋਂ ਵੱਧ ਪਿੰਡਾਂ ਵਿੱਚ ਪੰਜ ਕਿਲੋਮੀਟਰ ਦੇ ਅੰਦਰ ਕੋਈ ਨਾ ਕੋਈ ਬੈਂਕ ਸ਼ਾਖਾ, ਬੈਂਕਿੰਗ ਆਉਟਲੈਟ ਜਾਂ ਬੈਂਕਿੰਗ ਮਿੱਤਰ ਹੈ। ਡਿਜੀਟਲ ਬੈਂਕਿੰਗ ਯੂਨਿਟ ਉਸ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ ਜੋ ਭਾਰਤੀਆਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਦੇਸ਼ ਵਿੱਚ ਚੱਲ ਰਿਹਾ ਹੈ। ਇਹ ਅਜਿਹੀ ਵਿਸ਼ੇਸ਼ ਬੈਂਕਿੰਗ ਪ੍ਰਣਾਲੀ ਹੈ, ਜੋ ਘੱਟੋ-ਘੱਟ ਡਿਜੀਟਲ ਬੁਨਿਆਦੀ ਢਾਂਚੇ ਦੇ ਨਾਲ ਵੱਧ ਤੋਂ ਵੱਧ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰੇਗੀ।ਡਿਜੀਟਲ ਬੈਂਕਿੰਗ ਯੂਨਿਟਾਂ ਦੀ ਸ਼ੁਰੂਆਤ ਦੇ ਨਾਲ, ਤੁਹਾਨੂੰ ਹੁਣ ਬਚਤ ਖਾਤੇ ਖੋਲ੍ਹਣ, ਪਾਸਬੁੱਕ ਛਾਪਣ, ਵੱਖ-ਵੱਖ ਬੈਂਕ ਸਕੀਮਾਂ ਵਿੱਚ ਨਿਵੇਸ਼ ਕਰਨ ਅਤੇ ਕਰਜ਼ਿਆਂ ਲਈ ਬੈਂਕ ਜਾਣ ਦੀ ਲੋੜ ਨਹੀਂ ਪਵੇਗੀ। ਹੁਣ ਇਹ ਸਹੂਲਤ ਘਰ ਦੇ ਨੇੜੇ ਹੀ ਮਿਲਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਾਲ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75 ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹਣ ਦਾ ਐਲਾਨ ਕੀਤਾ ਸੀ।