ਮੁਹਾਲੀ (ਕੇਸਰੀ ਨਿਊਜ਼ ਨੈਟਵਰਕ)- ਅਕਾਦਮਿਕ ਸਾਲ 2022-23 ’ਚ ਸਕੂਲ ਛੱਡ ਕੇ ਗਏ ਵਿਦਿਆਰਥੀਆਂ ਦੇ ਵੇਰਵੇ ਈ-ਪੋਰਟਲ ਪੰਜਾਬ ’ਤੇ ਅਪਡੇਟ ਨਹੀਂ ਹੋਏ ਹਨ। ਡਾਇਰੈਕਟਰ ਜਨਰਲ ਸਿੱਖਿਆ ਵਿਭਾਗ (DGSE) ’ਚੋਂ ਪ੍ਰੋਜੈਕਟ ਡਾਇਰੈਕਟਰ ਨੇ ਇਕ ਪੱਤਰ ਜਾਰੀ ਕਰ ਕੇ ਰਾਜ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੇਰਵੇ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ’ਚ ਸਿੱਖਿਆ ਹਾਸਲ ਕਰ ਰਹੇ ਸਾਰੇ ਵਿਦਿਆਰਥੀਆਂ ਦੇ ਵੇਰਵੇ ਈ-ਪੋਰਟਲ ’ਤੇ ਮੌਜੂਦ ਹਨ। ਅਸਲ ’ਚ ਸਾਲ 2021-22 ’ਚ ਜਿਹੜੇ ਵਿਦਿਆਰਥੀਆਂ ਨੇ ਵੱਖ-ਵੱਖ ਜਮਾਤਾਂ ’ਚ ਦਾਖ਼ਲਾ ਲਿਆ ਸੀ, ਉਨ੍ਹਾਂ ਵਿਚੋਂ 2022-23 ’ਚ ਬਹੁਤ ਸਾਰੇ ਵਿਦਿਆਰਥੀ ਕੁਝ ਕਾਰਨਾਂ ਕਰਕੇ ਸਕੂਲ ਛੱਡ ਗਏ ਜਿਨ੍ਹਾਂ ਦੇ ਵੇਰਵੇ ਹੁਣ ਪੋਰਟਲ ’ਤੇ ਮੌਜੂਦ ਹਨ। ਮੁਕੰਮਲ ਡਾਟਾ ਦੇਣ ਲਈ ਡੀਜੀਐੱਸਈ ਨੇ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਆਪਣੇ ਦੋ-ਨੁਕਾਤੀ ਪੱਤਰ ’ਚ ਡੀਜੀਐੱਸਈ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਗਿਆ ਹੈ ਕਿ ਪੁਰਾਣੇ ਅਕਾਦਮਿਕ ਵਰ੍ਹੇ ’ਚ ਦਾਖ਼ਲ ਵਿਦਿਆਰਥੀ ਜੋ ਇਸ ਸਾਲ ਸਕੁੂਲ ਛੱਡ ਗਏ ਹਨ ਉਨ੍ਹਾਂ ਦੇ ਮੁਕੰਮਲ ਵੇਰਵੇ ਪੋਰਟਲ ’ਤੇ 4 ਅਕਤੂਬਰ ਅਪਡੇਟ ਕੀਤੇ ਜਾਣ।
ਇਹ ਵੀ ਪਤਾ ਚੱਲਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਸਰਕਾਰੀ ਸਕੂਲਾਂ ’ਚ ਦਾਖ਼ਲੇ ਵਧਾਉਣ ’ਤੇ ਪੂਰਾ ਜ਼ੋਰ ਲੱਗਿਆ ਸੀ, ਇਸ ਸਾਲ ਅਜਿਹਾ ਕੋਈ ਵੱਡਾ ਤਰੱਦਦ ਦਿਖਾਈ ਨਹੀਂ ਦਿੱਤਾ। ਸਰਕਾਰੀ ਸਕੂਲਾਂ ’ਚ ਦਾਖ਼ਲੇ ਘੱਟ ਜਾਣ ਦੀਆਂ ਖ਼ਬਰਾਂ ਛਪਣ ਤੋਂ ਬਾਅਦ ਸਿੱਖਿਆ ਵਿਭਾਗ ਦੀ ਖਿੱਲੀ ਵੀ ਉੱਡੀ ਸੀ। ਖ਼ਾਸ ਕਰਕੇ ਮੁਹਾਲੀ ਵਰਗੇ ਸ਼ਹਿਰਾਂ ਦੇ ਸਕੂਲਾਂ ’ਚ ਲੰਘੇ ਸਾਲਾਂ ਦੇ ਮੁਕਾਬਲੇ 52 ਫ਼ੀਸਦੀ ਤੋਂ ਵਧੇਰੇ ਦਾਖ਼ਲੇ ਘੱਟ ਦਰਜ ਹੋਏ ਸਨ।