*ਜਲੰਧਰ ਦੇ ਡੀਸੀਪੀ ਨਰੇਸ਼ ਡੋਗਰਾ ਅਤੇ ‘ਆਪ’ ਵਿਧਾਇਕ ਰਮਨ ਅਰੋੜਾ ਵਿਚਾਲੇ ਜ਼ਬਰਦਸਤ ਬਹਿਸ*
*ਵਿਧਾਇਕ ਨਾਲ ਬਦਸਲੂਕੀ ਤੇ ਹੱਥੋਪਾਈ, 3 ਆਪ ਸਮਰਥਕ ਜ਼ਖਮੀ*
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਅਕਸਰ ਹੀ ਕਈ ਵਿਵਾਦਾਂ ‘ਚ ਰਹਿਣ ਵਾਲੇ ਪੁਲਸ ਅਧਿਕਾਰੀ ਡੀਸੀਪੀ ਨਰੇਸ਼ ਡੋਗਰਾ ਨੂੰ ਲੈ ਕੇ ਇਕ ਵਾਰ ਫਿਰ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਸ਼ਾਸਤਰੀ ਮਾਰਕੀਟ ਚੌਕ ਵਿੱਚ ਦੋ ਦੁਕਾਨਦਾਰਾਂ ਦੇ ਆਪਸੀ ਝਗੜੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਦੇ ਲੋਕ ਡੀਸੀਪੀ ਅਤੇ ਵਿਧਾਇਕ ਰਮਨ ਅਰੋੜਾ ਮਿਸ਼ਨ ਚੌਕ ਨੇੜੇ ਸਥਿਤ ਦਫ਼ਤਰ ਵਿੱਚ ਪੁੱਜੇ ਸਨ।
ਇਸ ਤੋਂ ਤੁਰੰਤ ਬਾਅਦ ਰਮਨ ਅਰੋੜਾ ਅਤੇ ਨਰੇਸ਼ ਡੋਗਰਾ ਵਿਚਕਾਰ ਤਕਰਾਰ ਵਧ ਗਈ ਜੋ ਆਪਸੀ ਟਕਰਾਅ ਵਿਚ ਬਦਲ ਗਈ, ਜਿਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ ਦੇ ਸਮਰਥਕਾਂ ਵਿਚ ਤਕਰਾਰਬਾਜ਼ੀ ਤੋਂ ਬਾਅਦ ਹੱਥੋਪਾਈ ਹੋ ਗਈ। ਇਸ ਦੌਰਾਨ ਵਿਧਾਇਕ ਨਾਲ ਹੱਥੋਪਾਈ ਵੀ ਹੋ ਗਈ, ਜਿਸ ਦੌਰਾਨ ਵਿਧਾਇਕ ਦੇ ਤਿੰਨ ਸਮਰਥਕ ਰਾਹੁਲ, ਸੰਨੀ ਅਤੇ ਉਮੇਸ਼ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ‘ਚ 12 ਵਜੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾਇਆ ਗਿਆ।
ਉਕਤ ਜ਼ਖਮੀਆਂ ਦਾ ਦੋਸ਼ ਹੈ ਕਿ ਡੀਸੀਪੀ ਡੋਗਰਾ ਨੇ ਉਨ੍ਹਾਂ ਨਾਲ ਅਜਿਹੀ ਹਾਲਤ ਕੀਤੀ ਹੈ ਅਤੇ ਡੀਸੀਪੀ ਨੇ ਵਿਧਾਇਕ ਨਾਲ ਹੱਥੋਪਾਈ ਕੀਤੀ ਹੈ। ਇਸ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਡੀਸੀਪੀ ਨਰੇਸ਼ ਡੋਗਰਾ ਦੇ ਖ਼ਿਲਾਫ਼ ਐਸਸੀ/ਐਸਟੀ ਐਕਟ ਤੋਂ ਇਲਾਵਾ ਧਾਰਾ 307 ਸਮੇਤ ਦੁਰਵਿਹਾਰ ਅਤੇ ਧੱਕਾ ਕਰਨ ਦੇ ਤਹਿਤ ਥਾਣਾ-6 ਵਿੱਚ ਐਫਆਈਆਰ-159/22 ਦਰਜ ਕੀਤੀ ਹੈ। ਦੱਸ ਦੇਈਏ ਕਿ ਹੁਸ਼ਿਆਰਪੁਰ ਵਿੱਚ ਵੀ ਡੀਸੀਪੀ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਵੀ ਮੁਲਜ਼ਮ ਹੈ।
ਇਸ ਮਾਮਲੇ ਵਿੱਚ ‘ਆਪ’ ਆਗੂਆਂ ਨੇ ਦੱਸਿਆ ਕਿ ਜਿਉਂ ਹੀ ਰਮਨ ਅਰੋੜਾ ਦੋਵਾਂ ਧਿਰਾਂ ਦੀ ਲੜਾਈ ਨੂੰ ਸੁਲਝਾਉਣ ਲਈ ਆਏ ਤਾਂ ਗੁੱਸੇ ਵਿੱਚ ਆਏ ਡੀਸੀਪੀ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਦੁਕਾਨਦਾਰ ਮੇਰਾ ਮਾਮਾ ਹੈ। ਵਿਧਾਇਕ ਰਮਨ ਅਰੋੜਾ ਨੂੰ ਕਿਹਾ ਗਿਆ ਕਿ ਤੁਸੀਂ ਕੌਣ ਹੋ ? ਅਤੇ ਗਾਲੀ-ਗਲੋਚ ਅਤੇ ਹੱਥੋਪਾਈ ਹੋਈ।
ਦੋਸ਼ ਹੈ ਕਿ ਡੀਸੀਪੀ ਦੋਵੇਂ ਧਿਰਾਂ ਦਾ ਮਸਲਾ ਸੁਲਝਾਉਣ ਦੀ ਬਜਾਏ ਆਪ ਪਾਰਟੀ ਬਣਦੇ ਨਜ਼ਰ ਆਏ ਅਤੇ ਜਿਸ ਤਰੀਕੇ ਨਾਲ ਡੀਸੀਪੀ ਨਰੇਸ਼ ਡੋਗਰਾ ਨੇ ਇੱਕ ਵਿਧਾਇਕ ਦੇ ਖਿਲਾਫ ਵਤੀਰਾ ਆਪਣਾਇਆ ਉਹ ਬਹੁਤ ਸ਼ਰਮਨਾਕ ਹੈ।
ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਮੌਕੇ ‘ਤੇ ਡੀਸੀਪੀ ਲਾਅ ਐਂਡ ਆਰਡਰ ਅੰਕੁਰ ਗੁਪਤਾ, ਡੀਸੀਪੀ ਇਨਵੈਸਟੀਗੇਸ਼ਨ ਜਸਕਰਨ ਸਿੰਘ ਤੇਜਾ, ਏਡੀਸੀਪੀ ਅਦਿੱਤਿਆ, ਏਡੀਸੀਪੀ ਕੰਵਰਪ੍ਰੀਤ ਸਿੰਘ ਚਾਹਲ, ਏਸੀਪੀ ਮਨਵੀਰ ਸਿੰਘ ਬਾਜਵਾ, 4 ਥਾਣੇ, 12 ਪੀਸੀਆਰ ਅਤੇ 100 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੇ ਸਥਿਤੀ ਨੂੰ ਕਾਬੂ ਕੀਤਾ।
ਰਮਨ ਅਰੋੜਾ ਨੇ ਦੱਸਿਆ ਕਿ ਡੀਸੀਪੀ ਨਰੇਸ਼ ਡੋਗਰਾ ਨੇ ਉਨ੍ਹਾਂ ਨਾਲ ਜੋ ਵਿਵਹਾਰ ਕੀਤਾ ਹੈ, ਉਹ ਸਾਰੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਗੇ। ਮੇਰੇ ਕੋਲ ਡੀਸੀਪੀ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਹੈ, ਜੋ ਮੈਂ ਸੀਐਮ, ਡੀਜੀਪੀ ਅਤੇ ਸੀਪੀ ਨੂੰ ਭੇਜ ਰਿਹਾ ਹਾਂ।
ਉਕਤ ਡੀਸੀਪੀ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਆਪਸੀ ਤਕਰਾਰ ਦੌਰਾਨ ਰਮਨ ਅਰੋੜਾ ਨੇ ਪੁਲੀਸ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ।