ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਢੀਂਡਸਾ ਰੇਰੂ ਨੇ ਇਕ ਬਿਆਨ ਵਿੱਚ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਖਤਿਆਰ ਕੀਤੀਆਂ ਜਾਣ ਵਾਲੀਆਂ ਭਰਮਾਊ ਨੀਤੀਆਂ ਅਤੇ ਅਧਾਰਹੀਣ ਬਿਆਨਬਾਜੀਆਂ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸਰਦਾਰ ਢੀਂਡਸਾ ਨੇ ਕਿਹਾ ਕਿ ਹਾਲ ਹੀ ਵਿੱਚ ਅਪਣੇ ਜਰਮਨੀ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਥੋਂ ਦੀ ਪ੍ਰਸਿੱਧ ਕਾਰ ਕੰਪਨੀ ਬੀ ਐਮ ਡਬਲਯੂ ਵਲੋਂ ਪੰਜਾਬ ਵਿੱਚ ਪਲਾਂਟ ਸਥਾਪਤ ਕਰਨ ਦੀ ਸਹਿਮਤੀ ਸਬੰਧੀ ਬਿਆਨ ਆਇਆ ਸੀ। ਪਰ ਅਗਲੇ ਹੀ ਦਿਨ ਬੀ ਐਮ ਡਬਲਯੂ ਇੰਡੀਆ ਵਲੋਂ ਬਕਾਇਦਾ ਪ੍ਰੈੱਸ ਨੋਟ ਜਾਰੀ ਕਰਕੇ ਕਿਸੇ ਇਨਵੈਸਟਮੈਂਟ ਦੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਜਿਸ ਕਾਰਨ ਇੱਕ ਪਾਸੇ ਨਾ ਸਿਰਫ ਸੂਬੇ ਦੇ ਮੁੱਖ ਮੰਤਰੀ ਵਲੋਂ ਕੀਤੇ ਜਾਣ ਵਾਲੇ ਦਾਵਿਆਂ ਦੇ ਭਰੋਸੇ ਨੂੰ ਠੇਸ ਪਹੁੰਚੀ ਬਲਕਿ ਮੁੱਖ ਮੰਤਰੀ ਦੇ ਅਹੁਦੇ ਦੇ ਸਨਮਾਨ ਨੂੰ ਵੀ ਭਾਰੀ ਸੱਟ ਵੱਜੀ ਹੈ। ਏਨਾ ਹੀ ਨਹੀਂ ਵਿਦੇਸੀ ਕੰਪਨੀਆਂ ਨੂੰ ਪੰਜਾਬ ਵਿੱਚ ਇਨਵੇਸਟਮੇਂਟ ਕਰਕੇ ਪੰਜਾਬੀਆਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਦੀ ਮੁਹਿੰਮ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਜਿੱਥੇ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਆਪਣੀ ਇਸ ਹਰਕਤ ਨਾਲ ਇਨਵੇਸਟ ਪੰਜਾਬ ਮੁਹਿੰਮ ਨੂੰ ਵੱਡੀ ਢਾਹ ਲਗਾਈ ਹੈ ਉੱਥੇ ਹੀ ਸੰਸਾਰ ਭਰ ਵਿੱਚ ਪੰਜਾਬੀਆਂ ਦੇ ਰੁਤਬੇ ਨੂੰ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਹਰਕਤਾਂ ਧੁੰਦਲਾ ਕਰਨ ਦਾ ਗੁਨਾਹ ਕਰ ਰਹੀਆਂ ਹਨ।
ਢੀਂਡਸਾ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਇਸ ਕੋਝੀ ਹਰਕਤ ਲਈ ਅੱਗੇ ਵਾਸਤੇ ਅਜਿਹਾ ਕੋਈ ਅਧਾਰਹੀਨ ਬਿਆਨ ਜਾਰੀ ਕਰਨ ਤੋਂ ਤੌਬਾ ਕਰਦੇ ਹੋਏ ਤੁਰੰਤ ਸਮੂਹ ਪੰਜਾਬੀਆਂ ਕੋਲੋ ਮੁਆਫੀ ਮੰਗਣ।