ਕੇਸਰੀ ਨਿਊਜ਼ ਨੈੱਟਵਰਕ: ਭਾਰਤੀ ਪੰਜਾਬ ਦੇ ਭੋਲੇ ਭਾਲੇ ਅਤੇ ਜਜ਼ਬਾਤੀ ਨੌਜਵਾਨਾ ਨੂੰ 1947 ਵਿਚ ਦੇਸ਼ ਦੀ ਵੰਡ ਕਰਕੇ ਬਣਾਏ ਗਏ ਵੱਖਰੇ ਇਸਲਾਮਿਕ ਮੁਲਕ ਪਾਕਿਸਤਾਨ ਦੀ ਤਰਜ਼ ਉੱਪਰ ਸਿੱਖਾਂ ਲਈ ਖਾਲਿਸਤਾਨ ਹਾਸਲ ਕਰਨ ਦੇ ਸੁਪਨੇ ਦਿਖਾ ਕੇ ਆਪਣੇ ਹੀ ਵਤਨ ਪੰਜਾਬ ਦੇ ਵਾਸੀਆਂ ਦੇ ਲਹੂ ਨਾਲ ਫਿਰ ਤੋਂ ਧਰਤੀ ਸਿੰਜਣ ਲਈ ਉਕਸਾਉਣ ਅਤੇ ਨੌਜਵਾਨਾ ਨੂੰ ਜੇਲ ਦੀ ਹਵਾ ਖੁਆਉਣ ਵਾਲਾ ਸਿਖਸ ਫਾਰ ਜਸਟਿਸ ਦਾ ਗੁਰਪਤਵੰਤ ਪੰਨੂ ਵਿਦੇਸ਼ ਕੈਨੇਡਾ ਵਿਚ ਖੁਦ ਆਲੀਸ਼ਾਨ ਜਿੰਦਗੀ ਜੀਅ ਰਿਹਾ ਹੈ। ਇਸਦਾ ਖੁਲਾਸਾ ਟੋਰਾਂਟੋ ਕੈਨੇਡਾ ਵਿਚ ਛਪੀ ਇਕ ਰਿਪੋਰਟ ਤੋਂ ਹੁੰਦਾ ਹੈ। ਇਸ ਆਲੀਸ਼ਾਨ ਮਕਾਨ ਦੀ ਡੀਲ ਪੰਨੂ ਨੇ ਪਿਛਲੇ ਸਾਲ 2021 ਵਿਚ 34 ਲੱਖ ਡਾਲਰ ਭਾਵ 21 ਕਰੋੜ ਭਾਰਤੀ ਰੁਪਏ ਦੇ ਕਰੀਬ ਕੀਮਤ ਵਿਚ ਕੀਤੀ ਦੱਸੀ ਗਈ ਹੈ।
ਜਾਣਕਾਰੀ ਅਨੁਸਾਰ ਪੰਨੂ ਵਲੋਂ ਕੀਤੀ ਗਈ ਇਸ ਮਕਾਨ ਦੀ ਡੀਲ ਸਬੰਧੀ ਜਾਣਕਾਰੀ ਜੁਟਾਉਣ ਤੋਂ ਬਾਅਦ ਭਾਰਤ ਵਿਚ ਪੰਨੂ ਖਿਲਾਫ ਅੱਤਵਾਦੀ ਕਾਰਵਾਈਆਂ ਕਾਰਨ ਦਰਜ ਪਰਚਿਆਂ ਅਤੇ ਉਸਦੇ ਸੰਗਠਨ ਸਿਖਸ ਫਾਰ ਜਸਟਿਸ ਉੱਪਰ ਭਾਰਤ ਵਿਚ ਲੱਗੀ ਪਾਬੰਦੀ ਨੂੰ ਦੇਖਦੇ ਹੋਏ ਭਾਰਤੀ ਏਜੰਸੀਆਂ ਨੇ ਪੰਨੂ ਦੀ ਭਾਰਤ ਨੂੰ ਸਪੁਰਦਗੀ ਲਈ ਕੈਨੇਡਾ ਵਿਚ ਦੂਤਾਵਾਸ ਰਾਹੀਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਨੇ ਗੁਰਪਤਵੰਤ ਪੰਨੂ ਅਤੇ ਗੁਰਲੀਨ ਪੰਨੂ ਦੇ ਨਾਂ ਹੇਠ 21 ਕਰੋੜ ਦੇ ਆਲੀਸ਼ਾਨ ਮਕਾਨ ਦੀ ਖਰੀਦ ਦਾ ਪਤਾ ਆਉਂਦੀ 18 ਸਤੰਬਰ ਨੂੰ ਉਸ ਵਲੋਂ ਇਕ ਵਾਰ ਫਿਰ ਕਰਵਾਈ ਜਾਣ ਵਾਲੇ ਰੈਫਰੈਂਡਮ ਤੋਂ ਕੁਝ ਹੀ ਦੇਰ ਪਹਿਲਾਂ ਲਗਾਇਆ ਹੈ। ਇਸ ਖ਼ਬਰ ਨੇ ਪੰਨੂ ਦੇ ਸੋਸ਼ਲ ਮੀਡੀਆ ਉੱਪਰ ਪ੍ਰਚਾਰ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਵੀ ਇਕ ਵਾਰ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਦੌਰਾਨ ਖਾਲਿਸਤਾਨ ਦੇ ਨਾਂ ਹੇਠ ਕੈਨੇਡਾ ਵਿਚ ਕਰਵਾਏ ਜਾ ਰਹੇ ਇਸ ਰੈਫਰੈਂਡਮ ਤੋਂ ਪਹਿਲਾਂ ਕੈਨੇਡੀਅਨ ਭਾਰਤੀਆਂ ਵਿਚਾਲੇ ਸਿਆਸਤ ਕਾਫੀ ਗਰਮਾ ਗਈ ਹੈ। ਜਿਸ ਕੈਨੇਡਾ ਵਿਚ ਬੈਠ ਕੇ ਪਾਕਿਸਤਾਨ ਦੀ ਸ਼ਹਿ ਉੱਪਰ ਪੰਨੂ ਭਾਰਤ ਦੇ ਟੁਕੜੇ ਟੁਕੜੇ ਕਰਨ ਦੇ ਸੁਪਨੇ ਦੇਖ ਰਿਰਾ ਹੈ ਉਥੇ ਹੀ ਉਸ ਨੂੰ ਸੂਬਾ ਪੰਜਾਬ ਨੂੰ ਪਿਆਰ ਕਰਨ ਵਾਲੇ ਮਾਂ ਭਾਰਤੀ ਦੇ ਸੱਚੇ ਸਪੂਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਬਰਾਂ ਅਨੁਸਾਰ ਜਿੱਥੇ ਭਾਰਤੀ ਪੰਜਾਬ ਵਿਚ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਦੇ ਹੱਕ ਵਿਚ ਸਮਰਥਨ ਹਾਸਲ ਕਰਨ ਲਈ ਵੱਖਵਾਦੀ ਧਿਰਾਂ ਟਰੱਕ ਰੈਲੀਆਂ ਕੱਢ ਕੇ ਅਤੇ ਟੋਰਾਂਟੋ ਦੇ ਇਕ ਗੁਰਦੁਆਰੇ ਵਿਚ ਆਪਣੇ ਪ੍ਰਚਾਰ ਰਾਹੀਂ ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਪੂਰੀ ਵਾਹ ਲਗਾ ਰਹੀਆਂ ਹਨ ਉੱਥੇ ਹੀ ਇਸ ਵੱਖਵਾਦੀ ਮੁਹਿੰਮ ਦੀ ਜਿਕਰਯੋਗ ਅਤੇ ਵਿਚਾਰਨਯੋਗ ਗੱਲ ਇਹ ਵੀ ਹੈ ਕਿ ਇਹ ਰੈਫਰੈਂਡਮ ਕੈਨੇਡਾ ਸਰਕਾਰ ਦੀ ਮਲਕੀਅਤ ਅਤੇ ਸਰਕਾਰ ਵਲੋਂ ਸੰਚਾਲਿਤ ਇਕ ਕਮਿਉਨਿਟੀ ਸੈਂਟਰ ਵਿਚ ਹੀ ਕਰਵਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਸਰਗਰਮ ਹਿਮਾਇਤ ਨਾਲ ਇਹ ਧਿਰਾਂ 31 ਅਕਤੂਬਰ 2021 ਨੂੰ ਅਜਿਹਾ ਜਨਮਤ ਸੰਗ੍ਰਿਹ ਲੰਡਨ ਵਿਚ ਕਰਵਾਉਣ ਤੋਂ ਇਲਾਵਾ ਇਟਲੀ ਅਤੇ ਸਵਿਟਜ਼ਰਲੈਂਡ ਵਿਚ ਵੀ ਕਰਵਾ ਚੁੱਕੀਆਂ ਹਨ।
ਹਾਲਾਂਕਿ ਵੱਖਵਾਦੀ ਧਿਰਾਂ ਇਸ ਰਾਏਸ਼ੁਮਾਰੀ ਵਿਚ ਹਜ਼ਾਰਾਂ ਲੋਕਾਂ ਵਲੋਂ ਭਾਗ ਲੈਣ ਦੇ ਦਾਅਵੇ ਕਰਦੀਆਂ ਹਨ ਪਰ ਰਿਪੋਰਟਾਂ ਅਨੁਸਾਰ ਇਸ ਮੁਹਿੰਮ ਵਿਚ ਭਾਗ ਲੈਣ ਵਾਲੇ ਪੰਜਾਬੀਆਂ ਦੀ ਗਿਣਤੀ ਇਕ ਅੱਧ ਸੈਂਕੜੇ ਤੋਂ ਉੱਪਰ ਨਹੀਂ ਟੱਪ ਸਕੀ ਸੀ। ਹਾਲਾਂਕਿ ਖਾਲਿਸਤਾਨ ਪੱਖੀਆਂ ਵਲੋਂ ਲੰਡਨ ਵਿਚ ਗੈਰਕਾਨੂੰਨੀ ਢੰਗ ਨਾਲ ਰਹਿਣ ਲਈ ਮਜਬੂਰ ਪੰਜਾਬੀਆਂ ਨੂੰ ਪੱਕੇ ਕਰਵਾਉਣ ਅਤੇ ਨਕਦੀ ਦਾ ਲਾਲਚ ਦੇ ਕੇ ਰੈਫਰੈਂਡਮ ਵਿਚ ਵੋਟਿੰਗ ਕਰਨ ਲਈ ਪ੍ਰੇਰਿਤ ਕਰਨ ਦੇ ਯਤਨ ਵੀ ਕੀਤੇ ਗਏ। ਪਰ ਪਤਾ ਲੱਗਾ ਹੈ ਕਿ 3 ਕੁ ਵੱਖਵਾਦੀ ਵਿਚਾਰਧਾਰਾ ਵਾਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਛੱਡ ਕੇ ਕਿਸੇ ਨੇ ਵੀ ਰੈਫਰੈਂਡਮ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਹੁਣ ਕੈਨੇਡਾ ਵਿਚ ਵੀ ਪੰਨੂ ਐਂਡ ਕੰਪਨੀ ਦੇ ਨਾਪਾਕ ਇਰਾਦਿਆਂ ਨੂੰ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ। ਰਿਪੋਰਟਾਂ ਦੱਸਦੀਆਂ ਹਨ ਕਿ ਜਿਸ ਦੇਸ਼ ਵਿਚ ਰਹਿਕੇ ਭਾਰਤ ਵਿਚ ਵੱਖਵਾਦ ਅਤੇ ਹਿੰਸਾ ਦੀ ਅੱਗ ਭੜਕਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਸੇ ਮੁਲਕ ਵਿਚ ਵਸਣ ਵਾਲੇ ਪ੍ਰਵਾਸੀ ਪੰਜਾਬੀ ਜਿਨਾਂ ਦੇ ਪਰਿਵਾਰ ਪੰਜਾਬ ਵਿਚ ਹੀ ਹਨ, ਪੰਜਾਬ ਦੀ ਸ਼ਾਂਤੀ ਦੀ ਕਾਮਨਾ ਕਰਦੇ ਹਨ। ਕਿਉਂਕਿ ਦੇਸ ਵਿਦੇਸ਼ ਵਿਚ ਰਹਿਣ ਵਾਲੇ ਪੰਜਾਬੀ ਬੀਤੇ ਅੱਤਵਾਦ ਦੇ ਦੌਰ ਦੌਰਾਨ ਹਜ਼ਾਰਾਂ ਨੌਜਵਾਨਾ ਦੀ ਦੁਖਦਾਈ ਮੌਤ ਨੂੰ ਭੁਲੇ ਨਹੀਂ ਹਨ। ਪੰਜਾਬੀਆਂ ਵਿਚ ਇਹ ਚਰਚਾ ਚਲ ਰਹੀ ਹੈ ਕਿ 1980 ਤੋਂ 1993 ਤਕ ਪੰਜਾਬ ਵਿਚ ਚੱਲੇ ਵੱਖਵਾਦ ਦੇ ਦੌਰ ਦੇ ਖਤਰਨਾਕ ਨਤੀਜੇ ਸਮੂਹ ਪੰਜਾਬੀਆਂ ਨੂੰ ਭੁਗਤਣੇ ਪਏ ਸਨ ਅਤੇ ਉਸ ਦੌਰ ਦਾ ਪੰਜਾਬ ਸਿਰ ਚੜਿਆ ਕਰਜਾ ਹਾਲੇ ਤਕ ਉਤਰਨ ਦਾ ਨਾਂ ਨਹੀਂ ਲੈ ਰਿਹਾ ਅਤੇ ਪੰਜਾਬ ਦੀ ਤਰੱਕੀ ਵਿਚ ਖੜੋਤ ਦਾ ਕਾਰਨ ਬਣਿਆ ਸੀ। ਇਸ ਲਈ ਵਿਦੇਸ਼ਾਂ ਵਿਚ ਬੈਠਾ ਸਮਝਦਾਰ ਪੰਜਾਬੀ ਪੰਜਾਬ ਦੀ ਨੌਜਵਾਨੀ ਨੂੰ ਇਕ ਵਾਰ ਫਿਰ ਵੱਖਵਾਦੀ ਹਿੰਸਾ ਦੀ ਅੱਗ ਵਿਚ ਡਿਗਦੀ ਨਹੀਂ ਦੇਖਣਾ ਚਾਹੁੰਦਾ ਅਤੇ ਖਾਲਿਸਤਾਨ ਦੇ ਏਜੰਡੇ ਦਾ ਵਿਰੋਧ ਕਰ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ ਵਿਚ ਰਹਿੰਦੇ ਜਾਗਰੂਕ ਪੰਜਾਬੀ ਇਹ ਗੱਲ ਭਲੀਭਾਂਤ ਸਮਝ ਚੁੱਕੇ ਹਨ ਕਿ ਖਾਲਿਸਤਾਨ ਦਾ ਏਜੰਡਾ ਸਿਰਫ ਭਾਰਤੀ ਪੰਜਾਬ ਵਿਚ ਤਰੱਕੀ ਦੀ ਰਫਤਾਰ ਨੂੰ ਸੁਸਤ ਬਣਾਈ ਰੱਖਣ ਅਤੇ ਭਾਰਤ ਦੇ ਟੁਕੜੇ ਟੁਕੜੇ ਕਰਨ ਦੀ ਮੰਦ ਭਾਵਨਾ ਤਕ ਹੀ ਸੀਮਿਤ ਹੈ । ਜਦ ਕਿ ਇਸਦੇ ਉਲਟ ਪਾਕਿਸਤਾਨ ਵਿਚ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾ ਸਮੇਤ ਖਾਲਸਾ ਰਾਜ ਦੀ ਰਾਜਧਾਨੀ ਲਹੌਰ ਅਤੇ ਪੱਛਮੀ ਪੰਜਾਬ ਨੂੰ ਹਾਸਲ ਕਰਨ ਦੀ ਮੰਗ ਤੋਂ ਬਹੁਤ ਬਚਕਾਨਾ ਕੁਤਰਕ ਦੇ ਕੇ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਖਾਲਿਸਤਾਨ ਦੀ ਲਹਿਰ ਚਲਾਉਣ ਵਾਲਿਆਂ ਦੇ ਅਸਲੀ ਮਨਸੂਬੇ ਖੁਦ ਹੀ ਬੇਨਕਾਬ ਹੋ ਕੇ ਰਹਿ ਚੁੱਕੇ ਹਨ।
ਪੰਜਾਬ ਵਿਚ ਵਿਚਰ ਕੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੀ ਪੰਜਾਬ ਭਰ ਵਿਚ ਕੋਈ ਪਾਏਦਾਰ ਹੁੰਗਾਰਾ ਨਹੀ ਮਿਲ ਰਿਹਾ ਜਿਸ ਨੂੰ ਹਾਸਲ ਹੋਣ ਵਾਲਾ ਵੋਟ ਇਕ ਫੀਸਦੀ ਤੋਂ ਵੀ ਘੱਟ ਹੈ। ਅਜਿਹੀ ਸੂਰਤ ਵਿਚ ਖਾਲਿਸਤਾਨ ਦੇ ਰੂਪ ਵਿਚ ਵੱਖਰੇ ਮੁਲਕ ਦਾ ਪੰਜਾਬੀਆਂ ਨੂੰ ਦਿਖਾਇਆ ਜਾਣ ਵਾਲਾ ਸੁਪਨਾ ਕਿਸੇ ਨੂੰ ਵੀ ਹਕੀਕਤ ਵਿਚ ਬਦਲਦਾ ਦਿਖਾਈ ਨਹੀਂ ਦੇ ਰਿਹਾ। ਬਸ ਹਾਸਲ ਹੋ ਰਿਹਾ ਹੈ ਤਾਂ ਵਿਦੇਸ਼ ਕੈਨੇਡਾ ਵਿਚ ਵੱਖਵਾਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਮੋਟੀ ਫੰਡਿੰਗ ਤੇ ਆਲੀਸ਼ਾਨ ਜਿੰਦਗੀ ਅਤੇ ਇਨਾਂ ਪਿੱਛੇ ਲੱਗਣ ਵਾਲੇ ਪੰਜਾਬੀ ਨੌਜਵਾਨਾ ਅਤੇ ਉਨਾਂ ਦੇ ਪਰਿਵਾਰਾਂ ਨੂੰ ਖੱਜਲ ਖੁਆਰੀ ਦੇ ਸਮਾਜਿਕ ਨਮੋਸ਼ੀ। ਪੰਨੂ ਵਲੋਂ ਹਾਲ ਹੀ ਵਿਚ ਬਹੁ ਕਰੋੜੀ ਆਲੀਸ਼ਾਨ ਮਕਾਨ ਖਰੀਦਣ ਦੀਆਂ ਖ਼ਬਰਾਂ ਨੇ ਖਾਲਿਸਤਾਨ ਦੀ ਮੁਹਿੰਮ ਪਿਛਲੀ ਇਸੇ ਕੌੋੜੀ ਹਕੀਕਤ ਨੂੰ ਪੰਜਾਬੀਆਂ ਦੇ ਸਾਹਮਣੇ ਲਿਆਂਦਾ ਹੈ।