– ਸੋਲ੍ਹਾਂ ਕਿਤਾਬਾਂ ਲਿਖਣ ਵਾਲੇ ਪੰਜਾਬ ਦੇ ਪਹਿਲੇ ਆਈ.ਪੀ.ਐਸ ਨੇ ਇਕਬਾਲ ਸਿੰਘ ਲਾਲਪੁਰਾ
ਸਾਕਾ ਨੀਲਾ ਤਾਰਾ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਕਰਵਾਈ ਸੀ ਕਾਰਸੇਵਾ ਸ਼ੁਰੂ
ਕੇਸਰੀ ਵਿਰਾਸਤ ਦੇ ਪਾਠਕਾਂ ਲਈ ਦੱਸ ਦੇਈਏ ਕਿ ਸਰਦਾਰ ਇਕਬਾਲ ਸਿੰਘ ਲਾਲਪੁਰਾ ਪੁਲਿਸ ਸੇਵਾ ਦੇ ਨਾਲ-ਨਾਲ ਲੇਖਨ ਦੇ ਖੇਤਰ ਵਿਚ ਵੀ ਲੰਬੇ ਸਮੇਂ ਤੋਂ ਸਰਗਰਮ ਹਨ। ਜਪੁਜੀ ਸਾਹਿਬ ਇਕ ਵੀਚਾਰ ਤੋਂ ਲੈ ਕੇ ਤਿਲਕ ਜੰਜੂ ਕਾ ਰਾਖਾ ਤੱਕ 16 ਪੁਸਤਕਾਂ ਲਿਖਣ ਵਾਲੇ ਲਾਲਪੁਰਾ ਦੀ ਪੁਸਤਕ ਬ੍ਰਾਹਮਣ ਭਲਾ ਆਖੀਐ ਦਾ ਹਿੰਦੀ ਵਿਚ ਅਨੁਵਾਦ ਵੀ ਹੋ ਚੁੱਕਾ ਹੈ। ਲਾਲਪੁਰਾ ਇੱਕ ਅਜਿਹਾ ਲੇਖਕ ਹੈ ਜਿਸ ਦੀ ਕਿਤਾਬ ਮੁਸਲਮਾਨ ਕਹਾਵਣ ਮੁਸ਼ਕਿਲ ਸ਼ਾਹਮੁਖੀ ਵਿੱਚ ਛਪੀ ਅਤੇ ਪਾਕਿਸਤਾਨ ਵਿੱਚ ਬਹੁਤ ਮਸ਼ਹੂਰ ਹੋਈ।
ਆਪਣੀ ਹਰ ਪੁਸਤਕ ਰਾਹੀਂ ਨਵਾਂ ਸੁਨੇਹਾ ਦੇਣ ਵਾਲੇ ਸਰਦਾਰ ਲਾਲਪੁਰਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਚੀਫ਼ ਖ਼ਾਲਸਾ ਦੀਵਾਨ ਤੋਂ ਇਲਾਵਾ ਕਈ ਕੌਮੀ ਅਤੇ ਕੌਮਾਂਤਰੀ ਸੰਗਠਨਾ ਵਲੋਂ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵੀ ਹਾਸਲ ਹੋ ਚੁੱਕਾ ਹੈ।
ਭਾਜਪਾ ਵਿੱਚ ਰਹਿੰਦਿਆਂ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲਾਲਪੁਰਾ ਸਾਲ 2012 ਵਿੱਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦੇ ਨਾਲ-ਨਾਲ ਕੌਮੀ ਕਾਰਜਕਾਰਨੀ ਮੈਂਬਰ ਵੀ ਰਹੇ। ਪਾਰਟੀ ਵਿੱਚ, ਅੰਤਰ ਰਾਸ਼ਟਰੀ ਸੈੱਲ ਦੇ ਕਨਵੀਨਰ ਵਜੋਂ, ਪਹਿਲਾਂ ਸੂਬਾਈ ਬੁਲਾਰੇ ਵਜੋਂ ਅਤੇ ਫਿਰ ਰਾਸ਼ਟਰੀ ਬੁਲਾਰੇ ਵਜੋਂ ਕੰਮ ਕੀਤਾ। ਜਦੋਂ ਲਾਲਪੁਰਾ ਨੂੰ ਭਾਜਪਾ ਵੱਲੋਂ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਤਾਂ ਉਨ੍ਹਾਂ ਨੇ ਨਿਰਪੱਖ ਭੂਮਿਕਾ ਨਿਭਾਈ। ਭਾਜਪਾ ਹਾਈਕਮਾਂਡ ਵਲੋਂ ਸਰਦਾਰ ਲਾਲਪੁਰਾ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਹੈ।
ਬਤੌਰ ਪੁਲਿਸ ਅਧਿਕਾਰੀ ਲਾਲਪੁਰਾ ਨੇ ਸਾਲ 1977 ਤੋਂ 1997 ਤੱਕ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸੇਵਾ ਨਿਭਾਈ। ਇਕਬਾਲ ਸਿੰਘ ਲਾਲਪੁਰਾ ਨੇ ਐਸਐਸਪੀ ਕਪੂਰਥਲਾ, ਐਸਐਸਪੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਅਤੇ ਐਸਐਸਪੀ ਤਰਨਤਾਰਨ ਦੇ ਅਹੁਦਿਆਂ ’ਤੇ ਰਹਿੰਦਿਆਂ ਇੱਕ ਇਮਾਨਦਾਰ ਅਤੇ ਕੁਸ਼ਲ ਪ੍ਰਸ਼ਾਸਕ ਦਾ ਅਕਸ ਬਣਾਇਆ। ਲਾਲਪੁਰਾ ਪੰਜਾਬ ਦਾ ਇਕਲੌਤਾ ਪੁਲਿਸ ਅਧਿਕਾਰੀ ਹੈ ਜਿਸ ਨੇ ਅਮਰੀਕੀ ਏਜੰਸੀ ਐਫਬੀਆਈ ਨਾਲ ਵੀ ਕੰਮ ਕੀਤਾ ਹੈ।ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਵਿੱਚ ਅਤਿਵਾਦ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਆਪਣਾ ਮਨ ਬਦਲ ਕੇ ਆਮ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ ਸੀ।
ਇਕਬਾਲ ਸਿੰਘ ਲਾਲਪੁਰਾ ਆਪਣੇ ਸਮੇਂ ਦੇ ਪਹਿਲੇ ਪੁਲਿਸ ਅਧਿਕਾਰੀ ਹਨ, ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਤੋਂ ਬਾਅਦ ਪੁਲਿਸ ਨੂੰ ਦਰਬਾਰ ਸਾਹਿਬ ਦੀ ਹਦੂਦ ਤੋਂ ਹਟਾਇਆ, ਪਰ 1988 ਵਿਚ ਦੁਬਾਰਾ ਕਾਰਸੇਵਾ ਸ਼ੁਰੂ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ। ਜਦੋਂ ਪੰਜਾਬ ਵਿਚ ਅੱਤਵਾਦ ਆਪਣੇ ਸਿਖਰ ‘ਤੇ ਸੀ ਤਾਂ ਲਾਲਪੁਰਾ ਨੇ ਪਹਿਲੀ ਵਾਰ ਪੁਲਿਸ-ਪਬਲਿਕ ਕੋਆਰਡੀਨੇਸ਼ਨ ਕਮੇਟੀਆਂ ਦਾ ਗਠਨ ਕੀਤਾ ਤਾਂ ਜੋ ਆਮ ਲੋਕਾਂ ਦੇ ਦਿਲਾਂ ਵਿਚੋਂ ਪੁਲਿਸ ਦਾ ਡਰ ਖ਼ਤਮ ਕੀਤਾ ਜਾ ਸਕੇ ਅਤੇ ਸਰਹੱਦੀ ਜ਼ਿਲ੍ਹਿਆਂ ਵਿਚ ਪੁਲਿਸ ਦਾ ਅਕਸ ਬਿਹਤਰ ਬਣਾਇਆ ਜਾ ਸਕੇ। ਇਕਬਾਲ ਸਿੰਘ ਲਾਲਪੁਰਾ, ਜਿਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਦੌਰਾਨ ਕਈ ਨਾਮੀ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਵਾਇਆ ਸੀ, ਨੇ ਲੇਖਕ, ਪੁਲਿਸ ਅਫਸਰ ਅਤੇ ਆਗੂ ਵਜੋਂ ਸੇਵਾ ਨਿਭਾਉਂਦੇ ਹੋਏ ਹਮੇਸ਼ਾ ਜਾਤੀਵਾਦ ਤੋਂ ਉਪਰ ਉਠ ਕੇ ਲੋਕਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਘੱਟ ਗਿਣਤੀਆਂ ਦੇ ਹਿੱਤਾਂ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ।
ਪੰਜਾਬ ਵਾਸੀਆਂ ਨੂੰ ਸਰਦਾਰ ਇਕਬਾਲ ਸਿੰਘ ਲਾਲਪੁਰਾ ਉੱਪਰ ਮਾਣ ਤਾਂ ਹੈ ਹੀ ਖਾਸ ਤੌਰ ਤੇ ਪੰਜਾਬ ਦੇ ਆਰਥਿਕ ਤੋਰ ਤੇ ਪੱਛੜੇ ਰੋਪੜ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਲਾਲਪੁਰ ਦੇ ਜੰਮਪਲ ਅਤੇ ਖੇਤਰ ਵਿਚੋਂ ਪਹਿਲੇ ਆਈਪੀਐਸ ਅਧਿਕਾਰੀ ਸਰਦਾਰ ਇਕਬਾਲ ਸਿੰਘ ਦੀਆਂ ਪ੍ਰਾਪਤੀਆਂ ਨੇ ਆਨੰਦਪੁਰ ਸਾਹਿਬ ਅਤੇ ਨੇੜਲੇ ਖੇਤਰ ਵਾਸੀਆਂ ਨੂੰ ਆਪਣੇ ਇਲਾਕੇ ਉੱਪਰ ਮਾਣ ਕਰਨ ਦਾ ਇਕ ਹੋਰ ਸਬੱਬ ਬਖਸ਼ਿਆ ਹੈ।