ਆਖਰ ਅਜਿਹਾ ਕੀ ਹੋ ਗਿਆ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪਿਛਲੇ ਦਿਨੀ ਆਪ੍ਰੇਸ਼ਨ ਬਲਿਊ ਸਟਾਰ ਦੀ 38ਵੀਂ ਬਰਸੀ ਦੌਰਾਨ ਪੰਜਾਬ ਵਿਚ ਕੁਝ ਵਿਦੇਸ਼ੀ ਵਿਚਾਰਧਾਰਾਵਾਂ ਦੀਆਂ ਵਧ ਚੁੱਕੀਆਂ ਸਰਗਰਮੀਆਂ ਦੀ ਚਿੰਤਾ ਪੰਥ ਨਾਲ ਸਾਂਝੀ ਕਰਨੀ ਪਈ। ਪੰਜਾਬੀਆਂ ਦੀ ਮਾਨਸਿਕਤਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬੀਆਂ ਦੀ ਵਿਦੇਸ਼ੀ ਭਾਖਾਵਾਂ (ਬੋਲੀਆਂ), ਭਾਸ਼ਾਵਾਂ (ਲਿੱਪੀਆਂ) ਅਤੇ ਸਭਿਆਚਾਰਾਂ ਵਿਚੋਂ ਕਬੂਲਣ ਜਾਂ ਨਕਾਰਨਯੋਗ ਪ੍ਰਭਾਵਾਂ ਜਾਂ ਚੁਣੌਤੀਆਂ ਵਿਚਾਲੇ ਫਰਕ ਨੂੰ ਸਮਝਣ ਵਿਚ ਦੇਰੀ ਇਕ ਕਾਰਨ ਦਿਖਾਈ ਦਿੰਦਾ ਹੈ। ਸਰਬ ਸਾਂਝੀਵਾਲਤਾ ਇਕ ਅਜਿਹਾ ਸ਼ਬਦ ਹੈ ਜਿਸ ਨੂੰ ਸਹੀ ਅਰਥਾਂ ਚ ਸਮਝਣ ਵਿਚ ਲੱਗਣ ਵਾਲਾ ਭੁਲੇਖਾ ਅਰਥੋਂ-ਅਨਰਥ ਕਰ ਰਿਹਾ ਜਾਪਦਾ ਹੈ।
ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿਚਲੀ ਵਿਭਿੰਨਤਾ ਅਤੇ ਬਾਣੀ ਦਾ ਸਾਹਿਤਿਕ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਸਮਾਜ ਦੀਆਂ ਸਭਿਆਚਾਰਕ ਲੋੜਾਂ-ਥੁੜਾਂ ਤੋਂ ਚੰਗੀ ਤਰਾਂ ਜਾਗਰੂਕ ਸਨ। ਭਾਸ਼ਾ ਨੂੰ ਲੈ ਕੇ ਗੁਰੂ ਜੀ ਬਹੁਤ ਸੁਚੇਤ ਸਨ ਅਤੇ ਚੰਗੀ ਤਰਾਂ ਜਾਣਦੇ ਸਨ ਕਿ ਵਿਦੇਸ਼ੀ ਹਮਲਾਵਰਾਂ ਕਰਕੇ ਲੋਕ ਉਨਾਂ ਤੋਂ ਡਰਦੇ ਆਪਣਾ ਧਰਮ ਵੀ ਤਿਆਗ ਕਰੀ ਜਾ ਰਹੇ ਸਨ ਅਤੇ ਉਨਾਂ ਨੂੰ ਵਿਸ਼ਵਾਸ਼ ਦੁਆਉਣ ਲਈ ਉਨਾਂ ਦੀ ਹੀ ਬੋਲੀ ਆਪਣੇ ਘਰਾਂ ਵਿਚ ਬੋਲਣ ਲੱਗ ਪਏ ਸਨ। ਖਤਰੀਆ ਤਾ ਧਰਮੁ ਛੋਡਿਆ, ਮਲੇਛ ਭਾਖਿਆ ਗਹੀ।। (ਅੰਗ 663) ਅਤੇ ਘਰਿ ਘਰਿ ਮੀਆ ਸਭਨਾ ਜੀਆ ਬੋਲੀ ਅਵਰੁ ਤੁਮਾਰੀ।। (ਅੰਗ 1191)।
ਡਾਕਟਰ ਕਾਲਾ ਸਿੰਘ ਬੇਦੀ (ਗੁਰੂ ਨਾਨਕ ਭਾਸਾ, ਪੰਨਾ 38) ਅਨੁਸਾਰ ਗੁਰੂਦੇਵ ਨੇ ਦੇਸ ਕਾਲ ਤੇ ਪਾਤਰ ਨੂੰ ਦ੍ਰਿਸ਼ਟੀ ਵਿਚ ਰੱਖ ਕੇ ਇਕ ਪੱਖੀ ਸਿਧਾਂਤ ਕਾਇਮ ਨਹੀਂ ਕੀਤਾ, ਸਗੋ ਸਾਂਝੀਵਾਲਤਾ ਅਤੇ ਲੋਕ ਕਲਿਆਣ ਨੂੰ ਮੁੱਖ ਰੱਖਕੇ ਉੱਤਰੀ ਭਾਰਤ ਵਿਚ ਆਮ ਸਮਝੀ ਜਾਣ ਵਾਲੀ ਮਿੱਸੀ ਸਾਧ ਭਾਖਾ (ਬੋਲੀ) ਪੰਜਾਬੀ ਅਪਣਾਈ। ਪਰ ਇਸਦੇ ਨਾਲ ਹੀ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ, ਅਰਬੀ, ਫਾਰਸੀ, ਪੰਜਾਬੀ ਦੀਆਂ ਉੱਪ ਭਾਖਾਵਾਂ (ਉੱਪ ਬੋਲੀਆਂ) ਅਤੇ ਦੂਜੀਆਂ ਹਿੰਦੋਸਤਾਨੀ ਬੋਲੀਆਂ ਦੇ ਸ਼ਬਦਾਂ ਨੂੰ ਵੀ ਬਾਣੀ ਵਿਚ ਖੂਬ ਵਰਤਿਆ । ਗੁਰੂ ਜੀ ਤੋਂ ਪਹਿਲਾਂ ਨਾਥ ਜੋਗੀ ਸਾਹਿਤ ਸਾਧੂਕੜੀ ਪ੍ਰਧਾਨ ਪੰਜਾਬੀ, ਸੰਤਾਂ ਭਗਤ ਸੰਸਕ੍ਰਿਤ ਪ੍ਰਧਾਨ ਪੰਜਾਬੀ, ਮੁਸਲਮਾਨ ਜੋਗੀ (ਸੰਦੇਸ਼ ਰਾਸਿਕ) ਅਪਭ੍ਰੰਸ ਪ੍ਰਧਾਨ ਪੰਜਾਬੀ, ਸੂਫੀ ਤੇ ਕਿੱਸਾ ਸਾਹਿਤ (ਮਸਊਦ ਤੇ ਫਰੀਦ) ਫਾਰਸੀ ਪ੍ਰਧਾਨ ਪੰਜਾਬੀ, ਅਮੀਰ ਖੁਸਰੋ ਖੜੀ ਬੋਲੀ ਪ੍ਰਧਾਨ ਪੰਜਾਬੀ, ਵਾਰ ਸਾਹਿਤ ਰਾਜਸਥਾਨ ਪ੍ਰਧਾਨ ਪੰਜਾਬੀ, ਲੋਕਗੀਤ ਸਾਹਿਤ ਵਿਚ ਲੋਕ ਬੋਲੀ ਪੰਜਾਬੀ ਆਦਿ ਖਾਸ ਬੋਲੀ ਪ੍ਰਧਾਨ ਵਿਚ ਰਚਦੇ ਰਹੇ। ਇਸ ਤਰਾਂ ਕਈ ਲੋਕ ਬੋਲੀਆਂ ਪੰਜਾਬੀ ਦੇ ਨਾਲ ਨਾਲ ਤੁਰੀਆਂ ਆ ਰਹੀਆਂ ਸਨ। ਇਸੇ ਬੋਲੀ ਪ੍ਰੰਪਰਾ ਨੂੰ ਗੁਰੂ ਨਾਨਕ ਅਤੇ ਮਗਰਲੇ ਗੁਰੂ ਸਹਿਬਾਨ ਨੇ ਬਾਣੀ ਰਚਨਾ ਦਾ ਆਧਾਰ ਬਣਾਇਆ। ਗੁਰੂ ਗਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਇਕ ਅਜੀਬ ਮਿਸ਼ਰਣ ਨਜ਼ਰ ਆਉਂਦਾ ਹੈ ਜਿਸ ਨੂੰ ਕੁਝ ਵਿਦਵਾਨ ਸੰਤ ਭਾਸ਼ਾ ਅਤੇ ਕੁਝ ਮਿੱਸੀ ਸਾਧ ਭਾਖਾ ਅਤੇ ਕੁਝ ਸਧੂਕੜੀ ਦਾ ਨਾਮ ਦਿੰਦੇ ਹਨ। ਗੁਰੂ ਗਰੰਥ ਸਾਹਿਬ ਵਿਚ ਪਾਕਪਟਨ ਜਿਲਾ ਮੁਲਤਾਨ ਦੇ ਰਹਿਣ ਵਾਲੇ ਸ਼ੇਖ ਫਰੀਦ ਦੀ ਬਾਣੀ ਵਿਚ ਲਹਿੰਦੀ ਬੋਲੀ ਦਾ ਰੰਗ, ਫਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠ।। ਕਜਲ ਰੇਖ ਨ ਸਹਿਦਿਆ ਸੇ ਪੰਖੀ ਸੂਏ ਬਹਿਠ।। (ਅੰਗ 1378), ਫਰੀਦਾ ਖਾਕ ਨ ਨਿੰਦੀਐ ਖਾਕੂ ਜੇਡ ਨ ਕੋਇ।। ਜੀਵਦਿਆ ਪੈਰਾ ਤਲੇ ਮੋਇਆ ਉਪਰ ਹੋਇ।। (ਅੰਗ 1378) ਮੌਜੂਦ ਹੈ।ਗੁਰੂ ਸਾਹਿਬ ਵੀ ਲਹਿੰਦੀ ਬੋਲੀ ਦੀ ਵਰਤੋਂ ਕਰਦੇ ਰਹੇ। ਬੰਗਾਲ ਦੇ ਰਹਿਣ ਵਾਲੇ ਜੈਦੇਵ ਜੀ ਦੇ ਪਦੇ ਵਿਚ, ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਰਤੰ। ਪਰਮਦ ਭੁਤੰ ਪਰ ਕਿਤਿ ਪਰੰ, ਜਦਿ ਚਿੰਤਿ ਸਰਬ ਗਤੰ।। (ਅੰਗ 526), ਕੋਟਾ ਬੂੰਦੀ ਦੇ ਰਹਿਣ ਵਾਲੇ ਭਗਤ ਪੀਪਾ ਜੀ ਦੀ ਸ਼ਬਦਾਵਲੀ ਵਿਚ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ।। ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਵੇ।। (ਅੰਗ 695) ਅਤੇ ਸਿੰਧ ਦੀ ਧਰਤੀ ਤੇ ਪੈਦਾ ਹੋਣ ਵਾਲੇ ਭਗਤ ਸਧਨਾ ਦੇ ਇੱਕੋ ਇੱਕ ਸ਼ਬਦ, ਨ੍ਰਿਪ ਕੰਨਿਆ ਕੇ ਕਾਰਨੈ, ਇਕੁ ਭਇਆ ਭੇਖਧਾਰੀ।। ਕਾਮਾਰਥੀ ਸੁਆਰਥੀ, ਵਾ ਕੀ ਪੈਜ ਸਵਾਰੀ।। (ਅੰਗ 858) ਵਿਚ ਇਹ ਝਲਕਾਰਾ ਬਾਖੂਬੀ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਨੇ ਉਕਤ ਸਾਰੇ ਸੰਤਾਂ ਭਗਤਾਂ ਦੀ ਬਾਣੀ ਨੂੰ ਇਕ ਥਾਂ ਇਕੱਤਰ ਕਰਕੇ ਗੁਰੂ ਰੂਪ ਬਣਾ ਦੇਣ ਦਾ ਕਮਾਲ ਕਰ ਵਿਖਾਇਆ। ਇਸ ਤਰਾਂ ਗੁਰੂ ਸਹਿਬਾਨ ਨੇ ਭਾਖਾ (ਬੋਲੀ) ਦੀਆਂ ਸੀਮਾਵਾਂ ਨੂੰ ਤੋੜ ਕੇ ਇਕ ਥਾਂ ਇਕੱਠੇ ਬਹਿਣ ਦੀ ਪਿਰਤ ਪਾਈ। ਬੇਸ਼ੱਕ ਇਸਦਾ ਮੂਲ ਮਕਸਦ ਸਰਬ ਸਾਂਝੀਵਾਲਤਾ ਹੈ ਜੋ ਸਾਡੀ ਭਾਰਤ ਭਰ ਦੇ ਵੱਖ ਵੱਖ ਸੂਬਿਆਂ ਵਿਚ ਰਹਿਣ ਅਤੇ ਵੱਖ- ਵੱਖ ਬੋਲੀਆਂ, ਉੱਪ ਬੋਲੀਆਂ ਬੋਲਣ ਵਾਲਿਆਂ ਵਿਚਾਲੇ ਇਕ ਗੂੜੀ ਸਾਂਝ ਦਾ ਪ੍ਰਤੀਕ ਹੈ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਪੰਜਾਬ ਅੰਤਰ ਪ੍ਰਾਂਤੀ ਅਤੇ ਅੰਤਰ ਬੋਲੀਆਂ ਦਾ ਕੇਂਦਰ ਸਾਬਿਤ ਹੁੰਦਾ ਹੈ। ਦੇਸੀ ਅਤੇ ਵਿਦੇਸ਼ੀ ਦੇ ਮੇਲ ਨਾਲ ਮਿਸ਼ਰਤ ਹੋਈ ਪੰਜਾਬ ਦੀ ਬੋਲੀ ਇਕ ਦੂਜੀਆਂ ਬੋਲੀਆਂ ਵਿਚਾਲੇ ਪੁਲ ਦਾ ਕੰਮ ਵੀ ਕਰ ਰਹੀ ਹੈ। ਪੰਜਾਬੀ ਦੀ ਆਪਣੀ ਨਿੱਜੀ ਵਿਲੱਖਣਤਾ ਇਹੋ ਹੈ ਕਿ ਉਹ ਸ਼ਬਦਾਂ ਦਾ ਪੰਜਾਬੀਕਰਨ ਕਰਕੇ ਅਪਣਾਉਂਦੀ ਰਹੀ ਹੈ ਜੋ ਇਸਦਾ ਘੇਰਾ ਬਹੁਤ ਵਿਸ਼ਾਲ ਕਰਨ ਦਾ ਸਬੱਬ ਬਣਿਆ। ਪੰਜਾਬੀ ਹਰ ਭਾਸ਼ਾ ਦੇ ਸ਼ਬਦ ਨੂੰ ਧੁਨੀ ਪਰਿਵਰਤਨ, ਰੂਪ ਪਰਿਵਰਤਨ ਅਤੇ ਅਰਥ ਪਰਿਵਰਤਨ ਰਾਹੀਂ ਆਪਣੇ ਹਾਣ ਦਾ ਬਣਾਕੇ ਅਪਣਾਉਂਦੀ ਰਹੀ ਹੈ।
ਪਰ ਗੁਰੂ ਗਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਅਧਿਐਨ ਵਿਚੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਗੁਰੂ ਸਹਿਬਾਨ ਵਲੋਂ ਦਰਸਾਏ ਸਾਂਝੀਵਾਲਤਾ ਦੇ ਫਲਸਫੇ ਦਾ ਅਰਥ ਧਰਮ, ਖੇਤਰ, ਬੋਲੀ, ਭਾਸ਼ਾ ਆਦਿ ਦੇ ਭੇਦਭਾਵ ਤੋਂ ਉੱਪਰ ਉੱਠਣਾ ਤਾਂ ਹੈ ਪਰ ਆਪਣੀ ਧਾਰਮਿਕ ਮਾਨਤਾ, ਸਭਿਆਚਾਰਕ (ਸੰਸਕ੍ਰਿਤਿਕ) ਪਛਾਣ ਉੱਪਰ ਕਿਸੇ ਵੀ ਹੋਰ ਵਿਚਾਰਧਾਰਾ ਨੂੰ ਭਾਰੂ ਪੈਣ ਦਾ ਮੌਕਾ ਦੇਣਾ ਬਿਲਕੁਲ ਨਹੀਂ । ਕਿਉਂਕਿ ਜੇਕਰ ਇਸਲਾਮ ਵਿਚੋਂ ਨਿਕਲੇ ਸੂਫੀ ਚਿਸ਼ਤੀ ਸਿਲਸਿਲੇ ਦੇ ਫਕੀਰ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀ ਹੈ, ਕਾਦਰੀ ਸਿਲਸਿਲੇ ਦੇ ਫਕੀਰ ਸਾਈਂ ਮੀਆਂ ਮੀਰ ਨੂੰ ਪੰਚਮ ਪਾਤਸ਼ਾਹ ਦੇ ਹੁਕਮਾਂ ਅਨੁਸਾਰ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਸੁਭਾਗ ਹਾਸਲ ਹੋਇਆ ਤਾਂ ਉਸੇ ਇਸਲਾਮ ਦੇ ਨਕਸ਼ਬੰਦੀ ਸਿਲਸਿਲੇ ਦੀ ਵੀ ਪੰਚਮ ਪਾਤਸ਼ਾਹ ਅਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਵਿਚ ਅਹਿਮ ਭੂਮਿਕਾ ਹਰਗਿਜ਼ ਨਾ ਹੁੰਦੀ। ਮੁਜ਼ੱਦਦ ਅਲਫਿਸਾਨੀ (ਹਜ਼ਾਰਾਂ ਯੁੱਗਾਂ ਦਾ ਸੁਧਾਰਕ) ਦਾ ਖਿਤਾਬ ਧਾਰਨ ਕਰਨ ਵਾਲੇ ਸ਼ੇਖ ਅਹਿਮਦ ਸਰਹਿੰਦੀ ਦੀ ਨਰਾਜ਼ਗੀ ਦੀ ਅੱਗ ਵਿਚ ਗੁਰੂ ਮਹਾਰਾਜ ਜੀ ਨੂੰ ਤੱਤੀ ਤਵੀ ਉੱਪਰ ਬੈਠ ਕੇ ਸਿਰ ਵਿਚ ਤੱਤੀ ਰੇਤ ਪਾਏ ਜਾਣ ਦੇ ਅਸਹਿ ਅਤੇ ਅਕਹਿ ਤਸੀਹੇ ਝੱਲਣ ਦੀ ਲੋੜ ਹੀ ਨਾ ਪੈਂਦੀÍ ਇਸ ਤੋਂ ਪ੍ਰਤੱਖ ਹੈ ਕਿ ਸਾਂਝੀਵਾਲਤਾ ਸਿਰਫ ਧਾਰਮਿਕ ਗੁਣਾ ਵਿਚਾਲੇ ਹੀ ਸੰਭਵ ਹੈ ਜਦਕਿ ਆਪਣੀ ਵਿਚਾਰਧਾਰਾ ਨੂੰ ਦੂਜਿਆਂ ਉੱਪਰ ਧੱਕੇ ਜਾਂ ਧੋਖੇ ਨਾਲ ਲੱਦ ਕੇ ਸਮਾਜ ਵਿਚ ਸਭਿਆਚਾਰਕ ਵਿਗਾੜ ਪੈਦਾ ਕਰਨ ਵਾਲਿਆਂ ਨਾਲ ਸਿੱਖ ਗੁਰੂ ਸਹਿਬਾਨ, ਸਿੱਖ ਸਿਧਾਂਤਾਂ ਅਤੇ ਸਿੱਖਾਂ ਦਾ ਦੂਰ ਦਾ ਵੀ ਵਾਸਤਾ ਜਾਂ ਲਿਹਾਜ਼ ਨਾ ਤਾਂ ਸੀ, ਨਾ ਹੀ ਹੁਣ ਹੋ ਸਕਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸ਼ਤਰ ਚੁੱਕਣਾ ਇਸਲਾਮ ਦੇ ਵਿਰੋਧ ਦਾ ਨਹੀਂ ਬਲਕਿ ਧੱਕੇ ਨਾਲ ਆਪਣੀ ਵਿਚਾਰਧਾਰਾ ਦੂਜਿਆਂ ਉੱਪਰ ਥੋਪਣ ਨੂੰ ਕਿਸੇ ਵੀ ਹਾਲਤ ਵਿਚ ਕਬੂਲ ਨਾ ਕਰਨ ਦਾ ਪ੍ਰਤੀਕ ਹੈ। ਜਾਪਦਾ ਹੈ ਕਿ ਜੇਕਰ ਅੱਜ ਦੇ ਪੰਜਾਬ ਨੇ ਧਾਰਮਿਕ ਆਜਾਦੀ, ਧਰਮ ਪ੍ਰਚਾਰ ਦੀ ਆਜਾਦੀ ਅਤੇ ਧੱਕੇ ਜਾਂ ਧੋਖੇ ਵਰਗੇ ਗੈਰਕਾਨੂੰਨੀ ਰਸਤਿਆਂ ਰਾਹੀਂ ਕੀਤੀ ਜਾਣ ਵਾਲੀ ਧਰਮ ਤਬਦੀਲੀ ਵਿਚਾਲੇ ਫਰਕ ਨੂੰ ਸਮਝਿਆ ਹੁੰਦਾ ਤਾਂ ਸ਼ਾਇਦ ਇਸ ਬਿਮਾਰੀ ਦਾ ਇਲਾਜ ਸਮਾਂ ਰਹਿੰਦੇ ਸ਼ੁਰੂ ਹੋ ਸਕਦਾ ਸੀ। ਹੁਣ ਸਿਰ ਉੱਪਰੋਂ ਪਾਣੀ ਲੰਘਦਾ ਵੇਖ ਕੇ ਕੌਮ ਦੇ ਪਹਿਰੇਦਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵੀ ਕੌਮ ਦੇ ਨਾਂ ਅਜਿਹੀਆਂ ਚਿਤਾਵਨੀਆਂ ਭਰੇ ਸੰਦੇਸ਼ ਅਤੇ ਸੰਤ ਮਹਾਂਪੁਰਖਾਂ ਨੂੰ ਮੁੜ ਤੋਂ ਸਿੱਖੀ ਦੀ ਪ੍ਰਚਾਰ ਵਾਸਤੇ ਮੈਦਾਨ ਵਿਚ ਨਿੱਤਰਨ ਦਾ ਸੱਦਾ ਦੇਣ ਤਕ ਨੌਬਤ ਜਾ ਪੁੱਜੀ ਹੈ।
ਪੰਜਾਬੀਓ ਅੱਜ ਵੀ ਵੇਲਾ ਹੈ। ਧਾਰਮਿਕ ਆਜਾਦੀ ਅਤੇ ਸਾਂਝੀਵਾਲਤਾ ਨੂੰ ਸਹੀ ਪਰਿਖੇਪ ਵਿਚ ਸਮਝਦੇ ਹੋਏ ਗੁਣਾਂ ਤੇ ਆਧਾਰਤ ਧਰਮ ਦਾ ਵਹਿਮਾਂ ਭਰਮਾਂ ਦੇ ਅਵਗੁਣਾ ਤੇ ਮਜਹਬੀ ਕੱਟੜਤਾ ਵਿਚਾਲੇ ਲਕੀਰ ਨੂੰ ਸਮਝਦੇ ਹੋਏ ਧਰਮ ਦੀ ਰਖਵਾਲੀ ਲਈ ਡਟ ਜਾਈਏ। ਇਹੋ ਸਮੇਂ ਦੀ ਲੋੜ ਹੈ।
ਗੁਰਪ੍ਰੀਤ ਸਿੰਘ ਸੰਧੂ