ਜੀਓ ਫਾਈਬਰ ਨੇ ਬ੍ਰਾਡਬੈਂਡ ਖੇਤਰ ‘ਚ ਵੀ ਮਚਾਈ ਧਮਾਲ
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਜੀਓ ਫਾਈਬਰ ਨੇ ਵਾਇਰਲਾਈਨ ਬ੍ਰਾਡਬੈਂਡ ਹਿੱਸੇ ਵਿੱਚ ਦੇਰੀ ਨਾਲ ਐਂਟਰੀ ਤਾਂ ਜਰੂਰ ਕੀਤੀ ਹੈ ਪਰ ਮੋਬਾਈਲ ਵਾਂਗ ਕੰਪਨੀ ਨੇ ਬ੍ਰਾਡਬੈਂਡ ਖੇਤਰ ‘ਚ ਵੀ ਧਮਾਲ ਮਚਾ ਦਿੱਤੀ ਹੈ। ਇਸ ਖੇਤਰ ਵਿੱਚ ਜੀਓ ਤੋਂ ਪਹਿਲਾਂ ਏਅਰਟੈੱਲ, ਬੀਐਸਐਨਐਲ ਅਤੇ ਐਮਟੀਐਨਐਲ ਵਰਗੀਆਂ ਵੱਡੀਆਂ ਕੰਪਨੀਆਂ ਹੀ ਸਿਖਰ ‘ਤੇ ਰਹਿੰਦੀਆਂ ਸਨ।
ਕੰਪਨੀ ਮੁਤਾਬਕ ਦੇਸ਼ ‘ਚ ਕਰੀਬ 80 ਫੀਸਦੀ ਨਵੇਂ ਵਾਇਰਲਾਈਨ ਗਾਹਕ Jio Fiber ਨਾਲ ਜੁੜ ਰਹੇ ਹਨ। ਜਿਓ ਫਾਈਬਰ ਵਾਇਰਲਾਈਨ ਬ੍ਰਾਡਬੈਂਡ ਸੈਗਮੈਂਟ ਵਿੱਚ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਟਰਾਈ ਦੇ ਅੰਕੜੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਦੂਜੇ ਪਾਸੇ, ਜੇਕਰ ਅਸੀਂ ਵਾਇਰਲੈੱਸ ਬ੍ਰਾਡਬੈਂਡ ਸੇਵਾ ਦੀ ਗੱਲ ਕਰੀਏ, ਤਾਂ ਇੱਥੇ ਵੀ ਜੀਓ 53 ਪ੍ਰਤੀਸ਼ਤ ਮਾਰਕੀਟ ਸ਼ੇਅਰ ਦੇ ਨਾਲ ਚੋਟੀ ‘ਤੇ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਡਾਟਾ ਖਪਤ ਦੇ ਮਾਮਲੇ ‘ਚ ਜੀਓ ਦੇਸ਼ ਦੀਆਂ ਬਾਕੀ ਟੈਲੀਕਾਮ ਕੰਪਨੀਆਂ ਤੋਂ ਕਾਫੀ ਅੱਗੇ ਹੈ। ਜੀਓ ਕੋਲ 60 ਫੀਸਦੀ ‘ਡੇਟਾ ਟ੍ਰੈਫਿਕ ਮਾਰਕੀਟ ਸ਼ੇਅਰ’ ਹੈ, ਜੋ ਕਿ ਏਅਰਟੈੱਲ ਅਤੇ ਵੀਆਈ ਦੀ ਕੁੱਲ ਖਪਤ ਤੋਂ ਵੱਧ ਹੈ। ਇਕੱਲੇ ਜੀਓ ਨੈੱਟਵਰਕ ‘ਤੇ, ਗਾਹਕ ਪ੍ਰਤੀ ਮਹੀਨਾ ਔਸਤਨ 20.8 ਜੀਬੀ ਡਾਟਾ ਖਰਚ ਕਰਦੇ ਹਨ। ਇਸ ਦੇ ਨਾਲ ਹੀ ਪ੍ਰਤੀ ਗਾਹਕ ਪ੍ਰਤੀ ਮਹੀਨਾ ਵਾਇਸ ਕਲਿੰਗ ਵੀ 1000 ਮਿੰਟ ਤੋਂ ਵੱਧ ਦੇ ਅੰਕੜੇ ਨੂੰ ਛੂਹ ਗਈ ਹੈ।
ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜੇ ਦੱਸਦੇ ਹਨ ਕਿ ਰਿਲਾਇੰਸ ਜੀਓ ਦੀ ਪ੍ਰਤੀ ਮਹੀਨਾ ਪ੍ਰਤੀ ਉਪਭੋਗਤਾ ਆਮਦਨ ਵੀ 175.7 ਰੁਪਏ ਦੇ ਪੱਧਰ ‘ਤੇ ਪਹੁੰਚ ਗਈ ਹੈ। ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਲਈ ਰਿਲਾਇੰਸ ਜੀਓ ਇਨਫੋਕਾਮ ਦਾ ਸਟੈਂਡਅਲੋਨ ਸ਼ੁੱਧ ਲਾਭ ਸਾਲਾਨਾ ਆਧਾਰ ‘ਤੇ ਲਗਭਗ 24 ਫੀਸਦੀ ਵਧ ਕੇ 4,335 ਕਰੋੜ ਰੁਪਏ ਹੋ ਗਿਆ ਹੈ।
ਜੀਓ ਨੇ ਇਹ ਵੀ ਕਿਹਾ ਕਿ ਕੰਪਨੀ ਦਿੱਲੀ, ਲਖਨਊ, ਨਵੀਂ ਮੁੰਬਈ, ਮਰੀਨ ਡਰਾਈਵ ਮੁੰਬਈ, ਜਾਮਨਗਰ (ਗੁਜਰਾਤ), ਅਹਿਮਦਾਬਾਦ, ਚੇਨਈ, ਹੈਦਰਾਬਾਦ ਅਤੇ ਬੈਂਗਲੁਰੂ ਦੇ ਖੇਤਰਾਂ ਵਿੱਚ 5ਜੀ ਟੈਸਟ ਕਰ ਰਹੀ ਹੈ।
ਧਿਆਨ ਦੇਣ ਯੋਗ ਹੈ ਕਿ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਅਜੇ ਆਪਣੀ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨਾ ਹੈ। ਇਸ ਲਈ ਅਸੀਂ ਇਨ੍ਹਾਂ ਦੋਵਾਂ ਟੈਲੀਕਾਮ ਕੰਪਨੀਆਂ ਦੇ ਨਤੀਜੇ ਆਉਣ ਦਾ ਇੰਤਜ਼ਾਰ ਕਰਾਂਗੇ।