ਸਾਡੇ ਆਪਣੇ ਭਾਈਜਾਨ ਅਖਵਾਉਣ ਵਾਲੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਕੁਝ ਕੱਟੜਪੰਥੀਆਂ ਵਲੋਂ ਸਾਡੇ ਪਾਵਨ ਗੁਰਧਾਮਾਂ ਦੀ ਬੇਅਦਬੀ ਰਾਹੀਂ ਸਿੱਖ ਹਿਰਦਿਆਂ ਨੂੰ ਅਜਿਹਾ ਮਾਨਸਿਕ ਜ਼ਖ਼ਮ ਦਿੱਤਾ ਜਾ ਰਿਹਾ ਹੈ ਜਿਸ ਨੇ ਸਾਨੂੰ 10 ਗੁਰੂ ਸਹਿਬਾਨ ਅਤੇ ਬਾਅਦ ਦੀ ਕਰੀਬ ਡੇਢ ਸਦੀ ਦੌਰਾਨ ਮਜ਼ਹਬੀ ਕੱਟੜਤਾ ਦੇ ਵਸ ਹੋ ਕੇ ਦਿੱਤੇ ਗਏ ਗਹਿਰੇ ਜ਼ਖ਼ਮਾਂ ਨੂੰ ਮੁੜ ਤੋਂ ਤਾਜਾ ਕਰਨ ਦਾ ਕੰਮ ਕੀਤਾ ਹੈ। ਮਜ਼ਹਬੀ ਕੱਟੜਤਾ ਦੇ ਇਹ ਬੁਲਡੋਜ਼ਰ ਸਿੱਖ ਗੁਰਧਾਮਾਂ ਅਤੇ ਵਿਰਾਸਤਾਂ ਨੂੰ ਤਹਿਸ ਨਹਿਸ ਕਰਕੇ ਪਾਕਿਸਤਾਨ ਵਿਚੋਂ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦਾ ਨਾਮੋ ਨਿਸ਼ਾਨ ਮੇਟਣ ਲਈ ਪੂਰੀ ਵਾਹ ਲਗਾ ਰਹੇ ਹਨ। ਜੋ ਖ਼ਬਰਾਂ ਪਾਕਿਸਤਾਨ ਦੀ ਧਰਤੀ ਤੋਂ ਆ ਰਹੀਆਂ ਹਨ ਉਹਨਾ ਨੇ ਸਮੂਹ ਪੰਥ ਨੂੰ ਚਿੰਤਾ ਵਿਚ ਪਾ ਦਿੱਤਾ ਹੈ।
ਡੇਲੀ ਹੰਟ ਰਾਹੀਂ ਪ੍ਰਕਾਸ਼ਤ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਸਥਾਨਕ ਪ੍ਰਸ਼ਾਸਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਘੋਰ ਬੇਅਦਬੀ ਕਰ ਰਿਹਾ ਹੈ ਅਤੇ ਉਹਨਾ ਉਪਰ ਨਾਜਾਇਜ਼ ਕਬਜਾ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਦੱਸਦੀਆਂ ਹਨ ਕਿ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਖੁਲੇਆਮ ਅਣਦੇਖੀ ਕੀਤੀ ਜਾ ਰਹੀ ਹੈ । ਕਈ ਗੁਰਦੁਆਰਿਆਂ ਦੀ ਹਾਲਤ ਕਾਫੀ ਖ਼ਸਤਾ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿਹਨਾ ਨੂੰ ਲੈ ਕੇ ਸਿੱਖ ਭਾਈਚਾਰਾ ਬਹੁਤ ਚਿੰਤਤ ਹੈ । ਅਜਿਹੇ ਹੀ ਗੁਰਧਾਮਾਂ ਵਿਚੋਂ ਇਕ ਹੈ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਰਾਵਲਪਿੰਡੀ ਜੋ ਉੱਥੋਂ ਦੇ ਰਾਜਾ ਬਾਜਾਰ ਵਿਚ ਸਥਿੱਤ ਹੈ। ਇਸ ਗੁਰਦੁਆਰਾ ਸਾਹਿਬ ਨੂੰ ਬਾਬਾ ਖੇਮ ਸਿੰਘ ਬੇਦੀ ਨੇ 1876 ਵਿਚ ਬਣਵਾਇਆ ਸੀ। ਪਰ ਕਹਿਣ ਨੂੰ ਤਾਂ ਪਾਕਿ ਭਾਵ ਪਵਿੱਤਰ, ਪਰ ਗੈਰ ਮੁਸਲਮਾਨਾਂ ਲਈ ਨਰਕ ਬਣ ਚੁੱਕੇ ਮੁਲਕ ਪਾਕਿਸਤਾਨ ਵਿਚ ਅੱਜ ਹਾਲਾਤ ਏਨੇ ਬਦਤਰ ਬਣਾ ਦਿੱਤੇ ਗਏ ਨੇ ਕਿ ਇਹਨਾ ਰਿਪੋਰਟਾਂ ਨੇ ਰੂਹ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਹੈ। ਸਥਾਨਕ ਕੱਟੜਵਾਦੀ ਲੋਕ ਇਸ ਧਾਰਮਿਕ ਸਥਾਨ ਨੂੰ ਬੁੱਚੜਖਾਨੇ ਅਤੇ ਮੀਟ ਦੀ ਦੁਕਾਨ ਵਜੋਂ ਵਰਤ ਰਹੇ ਹਨ। ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਉਪਰ ਪਿਛਲੇ ਕਈ ਸਾਲਾਂ ਤੋਂ ਮੀਟ ਦੀਆਂ ਕਈ ਦੁਕਾਨਾ ਕਾਇਮ ਕਰ ਲਈਆਂ ਗਈਆਂ ਹਨ। ਉਂਜ ਤਾਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਵਿਚ ਇਕ ਵਿਸ਼ਾਲ ਯਾਤਰੀ ਨਿਵਾਸ, ਜਿਸ ਵਿਚ 70-75 ਕਮਰੇ ਹਨ, ਹੇਠਲੀ ਮੰਜਿਲ ਵਿਚ ਇਕ ਵਿਸ਼ਾਲ ਲੰਗਰ ਹਾਲ,ਪਾਵਨ ਪ੍ਰਕਾਸ਼ ਅਸਥਾਨ ਅਤੇ ਗੁਰੂ ਸਹਿਬਾਨ ਲਈ ਸੁਖਆਸਨ ਅਸਥਾਨ ਤੋਂ ਇਲਾਵਾ ਜੋੜਾ ਘਰ ਵੀ ਮੌਜੂਦ ਹੈ। ਪਰ ਇਨਾਂ ਸਰੀਆਂ ਥਾਵਾਂ ਨੂੰ ਬੜੀ ਨਿਰਦਇਤਾ ਨਾਲ ਸਥਾਨਕ ਦੁਕਾਨਦਾਰਾਂ ਦੇ ਪਰਿਵਾਰਾਂ ਨੇ ਨਾਜਾਇਜ਼ ਕਬਜੇ ਕਰਕੇ ਵੱਖ ਵੱਖ ਘਰੇਲੂ ਕੰਮਾਂ ਲਈ ਵਰਤਣਾ ਸ਼ੁਰੂ ਕਰ ਲਿਆ ਹੋਇਆ ਹੈ।
ਇਥੇ ਹੀ ਬਸ ਨਹੀਂ, ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਅਣਦੇਖੀ ਦੀ ਇਕ ਹੋਰ ਉਦਾਹਰਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ। ਇਹ ਪਾਕਿਸਤਾਨੀ ਪੰਜਾਬ ਦੇ ਗੱਲਾ ਮੰਡੀ ਖੇਤਰ ਵਿਚ ਸਥਿੱਤ ਹੈ । ਇਹ ਇਮਾਰਤ ਹੈ ਤਾਂ ਬਹੁਤ ਵੱਡੀ । ਪਰ ਫਿਲਹਾਲ, ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜੇ ਵਿਚ ਲੈ ਕੇ ਉੱਥੇ ਥਾਣਾ ਬਣਾ ਲਿਆ ਹੈ ਜਿੱਥੇ ਭਾਰੀ ਬੂਟਾਂ ਵਾਲੇ ਸਿਪਾਹੀ ਆਪਣੇ ਹੱਥਾਂ ਵਿਚ ਡੰਡੇ ਅਤੇ ਬੰਦੂਕਾਂ ਫੜੀ ਦਿਨ ਰਾਤ ਆਪਣਾ ਤੰਤਰ ਚਲਾਉਂਦੇ ਦਿਖਾਈ ਦਿੰਦੇ ਹਨ ।
ਇਸ ਸੂਚੀ ਵਿਚ ਪਾਵਨ ਗੁਰਦੁਆਰਾ ਕਿਲਾ ਸਾਹਿਬ ਵੀ ਸ਼ਾਮਲ ਹੈ ਜਿਸ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਯਾਦ ਵਿਚ ਬਣਾਇਆ ਗਿਆ ਸੀ। ਇਹ ਗੁਰਦੁਆਰਾ ਸਾਹਿਬ ਹੈ ਤਾਂ ਹਾਫਿਜਾਬਾਦ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚ ਸਥਿਤ, ਪਰ ਦੇਖੋ ਪਾਕਿਸਤਾਨ ਵਿਚ ਰਹਿਣ ਵਾਲੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਬਦਕਿਸਮਤੀ ਕਿ ਨਾਮ ਸਿਮਰਨ ਦੇ ਨਾਲ ਨਾਲ ਸਵੈ ਅਤੇ ਦੂਜਿਆਂ ਦੀ ਰਖਵਾਲੀ ਦੀ ਮਹਾਨ ਪਰੰਪਰਾ ਦੇ ਜਾਮਨ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨਾਲ ਸਬੰਧਤ ਇਸ ਅਸਥਾਨ ਨੂੰ ਵੀ ਜੋਰਾਵਰ ਲੋਕਾਂ ਵਲੋਂ ਧੱਕੇ ਨਾਲ ਕਬਰਸਥਾਨ ਵਿਚ ਬਦਲ ਦਿੱਤਾ ਗਿਆ ਹੈ। ਸਥਾਨਕ ਸਿੱਖਾਂ ਨੇ ਇਸ ਨਾਜਾਇਜ਼ ਕਬਜੇ ਦਾ ਮੁੱਦਾ ਕਈ ਵਾਰ ਉਠਾਇਆ, ਪਰ ਹਾਲੇ ਤਕ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਇਸ ਤਰਾਂ ਕਈ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਨੂੰ ਇਸ ਵੇਲੇ ਮੁਸਲਮਾਨੀ ਢੰਗ ਨਾਲ ਜੀਵਾਂ ਨੂੰ ਹਲਾਲ ਕਰਨ ਲਈ ਬੁੱਚੜਖਾਨਿਆਂ, ਮੀਟ ਦੀਆਂ ਦੁਕਾਨਾ, ਕਬਰਾਂ ਤੋਂ ਇਲਾਵਾ ਜਾਨਵਰਾਂ ਲਈ ਸ਼ੈੱਡ ਵਜੋਂ ਵਰਤ ਕੇ ਉਹਨਾ ਦੀ ਘੋਰ ਬੇਅਦਬੀ ਕੀਤੀ ਜਾ ਰਹੀ ਹੈ।
ਪਾਕਿਸਤਾਨ ਵਿਚ ਕਿਸੇ ਨਾ ਕਿਸੇ ਤਰਾਂ ਦਿਨ ਕਟੀ ਕਰਨ ਲਈ ਮਜਬੂਰ ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਬੀ. ਪੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਨੂੰ ਸਿੱਖ ਧਾਰਮਿਕ ਭਾਵਨਾਵਾਂ ਦਾ ਬਿਲਕੁਲ ਕੋਈ ਸਤਿਕਾਰ ਨਹੀਂ ਹੈ। ਜਦ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤਕ ਨਨਕਾਣਾ ਸਾਹਿਬ ਅਤੇ ਸਿੱਖ ਪੰਥ ਨਾਲ ਸਬੰਧਤ ਗੁਰਧਾਮਾਂ ਦੀ ਮੁਸਲਮਾਨਾਂ ਦੇ ਆਪਣੇ ਮੱਕਾ ਮਦੀਨਾ ਦੇ ਬਰਾਬਰ ਤੁਲਨਾ ਕਰਕੇ ਸਨਮਾਨ ਦੇਣ ਦਾ ਨਾਟਕ ਤਾਂ ਖੂਬ ਕਰਦੇ ਰਹਿੰਦੇ ਹਨ। ਪਰ ਦਿਨੋ ਦਿਨ ਸਿੱਖਾਂ, ਹਿੰਦੂਆਂ ਅਤੇ ਹੋਰ ਘਟ ਗਿਣਤੀਆਂ ਦੀ ਹੋਰ ਘਟਦੀ ਜਾ ਰਹੀ ਗਿਣਤੀ ਅਤੇ ਉਹਨਾ ਦੇ ਧਾਰਮਿਕ ਅਸਥਾਨਾਂ ਦੀ ਸਥਾਨਕ ਬਹੁਗਿਣਤੀ ਕੱਟੜਵਾਦੀਆਂ ਅਤੇ ਸਰਕਾਰਾਂ ਵਲੋਂ ਖੁਦ ਵੀ ਕੀਤੀ ਜਾਣ ਵਾਲੀ ਬੇਹੁਰਮਤੀ ਨੂੰ ਹਰ ਹਾਲ ਵਿਚ ਉਜਾਗਰ ਹੋਣ ਤੋਂ ਰੋਕਣ ਲਈ ਪੂਰਾ ਟਿੱਲ ਲਗਾਇਆ ਜਾ ਰਿਹਾ ਹੈ।
ਅੱਜ ਸਮੇਂ ਦੀ ਲੋੜ ਹੈ ਕਿ ਘੱਟ ਗਿਣਤੀ ਦੇ ਨਾਂ ਤੇ ਭਾਈਚਾਰੇ ਵਾਲੀ ਬੀਨ ਦੀ ਧੁਨ ਵਿਚ ਮੰਤਰਮੁਗਧ ਹੋਣ ਦੀ ਥਾਂ ਦੇਸ਼ ਵਿਦੇਸ਼ ਵਿਚ ਮੌਜੂਦ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰੂ ਸਹਿਬਾਨ ਵਲੋਂ ਬਖ਼ਸ਼ੀ ਗਈ ਗੁਰਮਤੇ ਦੀ ਮਹਾਨ ਪ੍ਰੰਪਰਾ ਅਨੁਸਾਰ ਫਿਰ ਤੋਂ ਇਕ ਛੱਤ ਹੇਠ ਇਕੱਠਾ ਹੋ ਕੇ ਆਪਣੇ ਪਾਵਨ ਗੁਰਧਾਮਾਂ ਨੂੰ ਫਿਰ ਤੋਂ ਕੱਟੜਵਾਦੀ ਮਸੰਦਾਂ ਦੇ ਕਬਜਿਆਂ ਚੋਂ ਛੁਡਾਉਣ ਲਈ ਤੁਰੰਤ ਮੋਰਚਾ ਲਗਾਵੇ ਨਹੀਂ ਤਾਂ ਪਾਕਿਸਤਾਨ ਵਿਚ ਰਹਿ ਗਈਆਂ ਗੁਰੂ ਮਹਾਰਾਜ ਦੀਆਂ ਪਾਵਨ ਨਿਸ਼ਾਨੀਆਂ ਕਦੋਂ ਬੇਦਰਦੀ ਨਾਲ ਨਸ਼ਟ ਕਰ ਦਿੱਤੀਆਂ ਜਾਣਗੀਆਂ, ਪਤਾ ਹੀ ਨਹੀਂ ਚੱਲੇਗਾ।
*ਗੁਰਪ੍ਰੀਤ ਸਿੰਘ ਸੰਧੂ*