ਭਵਿੱਖ ’ਚ ਬੁਲੰਦੀਆਂ ਹਾਸਲ ਕਰਨ ਲਈ ਦਿੱਤੀਆਂ ਸ਼ੁਭਕਾਮਨਾਵਾਂ
ਜਲੰਧਰ, 5 ਜੁਲਾਈ (ਕੇਸਰੀ ਨਿਊਜ਼ ਨੈੱਟਵਰਕ)- ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਮੈਰਿਟ ਲਿਸਟ ਵਿੱਚ ਦੂਜਾ ਅਤੇ ਸਾਇੰਸ ਸਟ੍ਰੀਮ ਵਿੱਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਗਰੀਬ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਰੋਹਿਤ ਕੁਮਾਰ ਦਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸਨਮਾਨ ਕਰਦਿਆਂ ਹੌਸਲਾ ਅਫ਼ਜ਼ਾਈ ਵਜੋਂ 50 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ ਗਿਆ।
500 ’ਚੋਂ 496 ਅੰਕ ਹਾਸਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਮਾਹੀ ਦੇਵੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀ ਰੋਹਿਤ ਕੁਮਾਰ ਪੁੱਤਰ ਸਵ. ਸ਼ਾਮ ਲਾਲ, ਨੂੰ ਆਰਥਿਕ ਤੰਗੀ ਅਤੇ ਪ੍ਰਤੀਕੂਲ ਹਾਲਾਤ ਦੇ ਬਾਵਜੂਦ ਇਹ ਪ੍ਰਾਪਤੀ ਹਾਸਲ ਕਰਨ ’ਤੇ ਡਿਪਟੀ ਕਮਿਸ਼ਨਰ ਨੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਨਿਰੰਤਰ ਤੇ ਅਣਥੱਕ ਮਿਹਨਤ ਨਾਲ ਸੈਂਕੜੇ ਰੁਕਾਵਟਾਂ ਦੇ ਬਾਵਜੂਦ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸ ਵੱਲੋਂ ਹਾਸਲ ਕੀਤੀ ਗਈ ਕਾਮਯਾਬੀ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ, ਜੋ ਕਿ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਹੈ।
ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਘਨਸ਼ਿਆਮ ਥੋਰੀ ਨੇ ਵਿਦਿਆਰਥੀ ਨੂੰ ਇਸੇ ਲਗਨ ਅਤੇ ਦ੍ਰਿੜਤਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਰੋਹਿਤ ਨਾਲ ਉਸ ਦੇ ਭਵਿੱਖ ਦੇ ਟੀਚਿਆਂ ਬਾਰੇ ਵੀ ਗੱਲਬਾਤ ਕੀਤੀ। ਵਿਦਿਆਰਥੀ ਨੇ ਸਨਮਾਨ ਤੇ ਹੌਸਲਾ ਅਫਜ਼ਾਈ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਮਿਹਨਤ ਦੇ ਰਾਹ ’ਤੇ ਚੱਲਣ ਦਾ ਵਿਸ਼ਵਾਸ ਦਿਵਾਇਆ।
ਜ਼ਿਕਰਯੋਗ ਹੈ ਕਿ ਵਿਦਿਆਰਥੀ ਰੋਹਿਤ ਕੁਮਾਰ ਦੇ ਪਿਤਾ ਸ਼ਾਮ ਲਾਲ, ਜੋ ਕਿ ਇਕ ਮਕੈਨਿਕ ਸਨ, ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਉਸ ਦੀ ਮਾਤਾ ਜੀ ਰੇਖਾ ਦੇਵੀ ਵੱਲੋਂ ਲੋਕਾਂ ਦੇ ਘਰਾਂ ਵਿੱਚ ਮਿਹਨਤ ਕਰ ਕੇ ਉਸ ਦੇ ਪਾਲਣ ਪੋਸ਼ਣ ਅਤੇ ਪੜ੍ਹਾਈ ਦਾ ਖਰਚ ਉਠਾਇਆ ਜਾ ਰਿਹਾ ਹੈ। ਰੋਹਿਤ ਵੱਲੋਂ ਆਪਣੇ ਨਾਨਕੇ ਪਿੰਡ ਬਹਿ ਰੰਗਾ ਵਿਖੇ ਰਹਿ ਕੇ ਪੜ੍ਹਾਈ ਕੀਤੀ ਗਈ ਹੈ।
ਇਸ ਮੌਕੇ ਕੈਮਿਸਟਰੀ ਲੈਕਚਰਾਰ ਸੂਰਜ ਪ੍ਰਕਾਸ਼ ਤੇ ਕੰਪਿਊਟਰ ਫੈਕਲਟੀ ਅਰੁਣ ਕੁਮਾਰ ਵੀ ਮੌਜੂਦ ਸਨ।