ਕੇਸਰੀ ਨਿਊਜ਼ ਨੈੱਟਵਰਕ-ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੋਸਟ ਗ੍ਰੈਜੂਏਟ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਅਤੇ ਹੋਲਿਸਟਿਕ ਡਿਵੈਲਪਮੈਂਟ ਸੈਲ ਵੱਲੋਂ ਪੰਜਾਬੀ ਕਵਿਤਰੀ ਸੁਰਿੰਦਰ ਗੀਤ ਨਾਲ ਰੂ-ਬ-ਰੂ ਕਰਵਾਇਆ ਗਿਆ।
ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਅਤੇ ਪੰਜਾਬੀ ਵਿਭਾਗ ਮੁਖੀ ਸ਼੍ਰੀਮਤੀ ਨਵਰੂਪ ਅਤੇ ਪੰਜਾਬੀ ਸਾਹਿਤ ਸਭਾ ਦੇ ਮੁਖੀ ਸ਼੍ਰੀਮਤੀ ਕੁਲਜੀਤ ਕੌਰ ਦੇ ਯਤਨਾਂ ਸਦਕਾ ਇਸ ਪ੍ਰੋਗਰਾਮ ਵਿੱਚ ਸੁਰਿੰਦਰ ਗੀਤ ਨੇ ਕੈਨੇਡਾ ਵਿਖੇ ਆਪਣੇ ਨਿਜੀ ਅਨੁਭਵ ਅਤੇ ਆਪਣੇ ਸਮੇਂ ਦੀਆਂ ਚੁਣੌਤੀਆਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ।
ਉਨ੍ਹਾਂ ਆਪਣੀਆਂ ਕਾਵਿ ਰਚਨਾਵਾਂ ਨੂੰ ਵੀ ਸਾਂਝਾ ਕੀਤਾ ਜਿਸ ਵਿੱਚ ਵਤਨ ਪ੍ਰਤੀ ਪਿਆਰ, ਜਿੰਦਗੀ ਦੇ ਕੌੜੇ-ਮਿੱਠੇ ਅਨੁਭਵ ਸ਼ਾਮਿਲ ਹਨ।
ਸ਼੍ਰੀਮਤੀ ਨਵਰੂਪ ਨੇ ਵਿਦਿਆਰਥਣਾਂ ਨੂੰ ਸੁਰਿੰਦਰ ਗੀਤ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੋਤਸਾਹਿਤ ਕੀਤਾ। ਸ਼੍ਰੀਮਤੀ ਵੀਨਾ ਅਰੋੜਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਸੁਰਿੰਦਰ ਗੀਤ ਦੀ ਕਾਵਿ ਯਾਤਰਾ ਨੂੰ ਪ੍ਰੇਰਣਾ ਭਰਪੂਰ ਦੱਸਿਆ।
ਸ਼੍ਰੀਮਤੀ ਕੁਲਜੀਤ ਕੌਰ ਨੇ ਮੰਚ ਸੰਚਾਲਨ ਕਰਦੇ ਹੋਏ ਸੁਰਿੰਦਰ ਗੀਤ ਦੀ ਕਾਵਿ ਸੰਵੇਦਨਾ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਸੁਰਿੰਦਰ ਗੀਤ ਨੂੰ ਸਨਮਾਨਿਤ ਕੀਤਾ ਅਤੇ ਪੰਜਾਬੀ ਵਿਭਾਗ ਦੇ ਇਸ ਯਤਨ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਾਹਿਤ ਪ੍ਰਤੀ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪੰਜਾਬੀ ਵਿਭਾਗ ਤੋਂ ਡਾ. ਮਨਦੀਪ ਕੌਰ, ਡਾ. ਸੰਦੀਪ ਕੌਰ, ਸੁਸ਼੍ਰੀ ਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਪਵਨਦੀਪ ਕੌਰ ਵੀ ਮੌਜੂਦ ਸਨ।
