ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ
ਨਵੀਂ ਦਿੱਲੀ (ਕੇਸਰੀ ਨਿਊਜ਼ ਨੈੱਟਵਰਕ)- ਕ੍ਰਿਕਟ ਜਗਤ ਵਿਚ ਤੇਜ਼ ਗੇਂਦਬਾਜ਼ ਵਜੋਂ ਜਾਣੇ ਜਾਂਦੇ ਜਸਪ੍ਰੀਤ ਬੁਮਰਾਹ (Jasprit bumrah) ਨੂੰ ਟੀਮ ਇੰਡੀਆ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਇਸਦਾ ਐਲਾਨ ਕੀਤਾ। ਰੈਗੂਲਰ ਕਪਤਾਨ ਰੋਹਿਤ ਸ਼ਰਮਾ ਕੋਰੋਨਾ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ। ਬੁਮਰਾਹ ਕਪਿਲ ਦੇਵ ਤੋਂ ਬਾਅਦ ਭਾਰਤ ਦੀ ਕਪਤਾਨੀ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਹਨ।

ਭਾਰਤ ਅਤੇ ਇੰਗਲੈਂਡ ਵਿਚਾਲੇ 5ਵਾਂ ਟੈਸਟ ਮੈਚ ਕੱਲ ਤੋਂ ਐਜਬੈਸਟਨ ‘ਚ ਸ਼ੁਰੂ ਹੋ ਰਿਹਾ ਹੈ। ਟੀਮ ਇੰਡੀਆ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਅਜਿਹੇ ‘ਚ ਬੁਮਰਾਹ ਕਪਤਾਨ ਦੇ ਰੂਪ ‘ਚ ਟੀਮ ਨੂੰ ਸੀਰੀਜ਼ ‘ਚ ਜਿੱਤ ਵੱਲ ਲੈ ਕੇ ਜਾਣਾ ਚਾਹੁਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਇਹ ਮੈਚ ਬਹੁਤ ਮਹੱਤਵਪੂਰਨ ਹੈ।
ਬੀਸੀਸੀਆਈ ਵੱਲੋਂ ਦੱਸਿਆ ਗਿਆ ਕਿ ਰੋਹਿਤ ਸ਼ਰਮਾ ਦਾ ਵੀਰਵਾਰ ਸਵੇਰੇ ਟੈਸਟ ਕੀਤਾ ਗਿਆ ਅਤੇ ਉਹ ਦੁਬਾਰਾ ਪਾਜ਼ੇਟਿਵ ਆਏ ਹਨ। ਅਜਿਹੇ ‘ਚ ਉਹ ਇਸ ਮੈਚ ਤੋਂ ਬਾਹਰ ਹੋ ਗਏ ਹਨ। ਅਜਿਹੇ ‘ਚ ਚੋਣ ਕਮੇਟੀ ਨੇ ਬੁਮਰਾਹ ਨੂੰ ਕਪਤਾਨ ਜਦਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਬਣਾਇਆ ਹੈ। ਪੰਤ ਨੇ ਪਿਛਲੇ ਸਾਲ ਇੰਗਲੈਂਡ ‘ਚ ਸੈਂਕੜਾ ਲਗਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਵੀ ਟੀਮ ਦੀ ਕਮਾਨ ਮਿਲੀ ਸੀ।
ਜਸਪ੍ਰੀਤ ਬੁਮਰਾਹ ਨੇ 2016 ਦੇ ਆਸਟ੍ਰੇਲੀਆ ਦੌਰੇ ਤੋਂ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਇੰਗਲੈਂਡ ਤੋਂ ਕਪਤਾਨੀ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ 29 ਟੈਸਟ ਮੈਚਾਂ ‘ਚ 123 ਵਿਕਟਾਂ ਲਈਆਂ ਹਨ। 8 ਵਾਰ 5 ਵਿਕਟ ਝਟਕੇ ਹੈ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 27 ਦੌੜਾਂ ਦੇ ਕੇ 6 ਵਿਕਟਾਂ ਹੈ। 28 ਸਾਲਾ ਬੁਮਰਾਹ ਨੇ 70 ਵਨਡੇ ਮੈਚਾਂ ‘ਚ 113 ਅਤੇ 57 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 67 ਵਿਕਟਾਂ ਹਾਸਲ ਕੀਤੀਆਂ ਹਨ।
