Only budgetary announcements backup with central funds : Mahila Kisan Union
Responding to the budget here on Monday, President of Mahila Kisan Union Biba Rajwinder Kaur Raju deplored that in this directionless budget, the Bhagwant Mann government has for the first time drifted away with the tradition and unnecessarily praised the Chief Minister of another state and its ‘master’ while the reputation earned by the schools of Punjab in the field of quality education at the national level has been ignored.
ਪੰਜਾਬ ਦਾ ਬੱਜਟ ਥੋਥਾ, ਮਹਿਲਾਵਾਂ ਤੇ ਕਿਸਾਨ ਹੋਏ ਨਿਰਾਸ਼ : ਬੀਬਾ ਰਾਜਵਿੰਦਰ ਕੌਰ ਰਾਜੂ
· ਕੇਂਦਰੀ ਫੰਡਾਂ ਨਾਲ ਬੱਜਟ ਦੀ ਲੀਪਾਪੋਤੀ ਕਰਕੇ ਸਿਰਫ਼ ਐਲਾਨ ਕੀਤੇ : ਮਹਿਲਾ ਕਿਸਾਨ ਯੂਨੀਅਨ
ਚੰਡੀਗੜ 27 ਜੂਨ (ਕੇਸਰੀ ਨਿਊਜ਼ ਨੈੱਟਵਰਕ)- ਮਹਿਲਾ ਕਿਸਾਨ ਯੂਨੀਅਨ ਨੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਪਲੇਠੇ ਬੱਜਟ ਨੂੰ ਥੋਥਾ ਕਰਾਰ ਦਿੰਦਿਆਂ ਆਖਿਆ ਹੈ ਕਿ ਇਸ ਬੱਜਟ ਵਿੱਚ ਖੇਤੀਬਾੜੀ, ਕਿਸਾਨਾਂ, ਮਜ਼ਦੂਰਾਂ, ਮਹਿਲਾਵਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਕੁੱਝ ਵੀ ਨਵਾਂ ਨਹੀਂ ਸਗੋਂ ਪੰਜਾਬ ਦੀ ਮਾੜੀ ਵਿੱਤੀ ਹਾਲਤ ਸੁਧਾਰਨ ਲਈ ਕੋਈ ਠੋਸ ਯੋਜਨਾ ਪੇਸ਼ ਕਰਨ ਦੀ ਬਜਾਏ ਕੇਂਦਰੀ ਸਕੀਮਾਂ ਰਾਹੀਂ ਮਿਲਦੇ ਫੰਡਾਂ ਦੇ ਸਹਾਰੇ ਆਮ ਜਨਤਾ ਦਾ ਧਿਆਨ ਖਿੱਚਣ ਲਈ ਬੱਜਟ ਦੀ ਲੀਪਾਪੋਤੀ ਕਰਕੇ ਸਿਰਫ਼ ਐਲਾਨ ਕੀਤੇ ਗਏ ਹਨ।
ਅੱਜ ਇੱਥੇ ਬੱਜਟ ਸਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਰਵਾਇਤਾਂ ਨੂੰ ਤਿਆਗ ਕੇ ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਅਤੇ ਆਪਣੇ ‘ਆਕਾ‘ ਦੀ ਇਸ ਦਿਸ਼ਾਹੀਣ ਬੱਜਟ ਵਿੱਚ ਬੇਲੋੜੀ ਸ਼ਲਾਘਾ ਕੀਤੀ ਹੈ ਜਦਕਿ ਕੌਮੀ ਪੱਧਰ ਉੱਤੇ ਮਿਆਰੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਸਕੂਲਾਂ ਵੱਲੋਂ ਖੱਟੀ ਗਈ ਸੋਭਾ ਨੂੰ ਅਣਗੌਲੇ ਕੀਤਾ ਗਿਆ ਹੈ।
ਮਹਿਲਾ ਕਿਸਾਨ ਨੇਤਾ ਨੇ ਕਿਹਾ ਕਿ ਇਸ ਬਜਟ ਵਿੱਚ ਫ਼ਸਲੀ ਵਿਭਿੰਨਤਾ, ਸੁਧਰੇ ਤੇਲ ਬੀਜਾਂ, ਕਿਸਾਨਾਂ ਦੀਆਂ ਖੁਦਕਸ਼ੀਆਂ ਰੋਕਣ, ਖੇਤੀ ਪੈਦਾਵਾਰ ਦੀ ਪ੍ਰਾਸੈਸਿੰਗ ਰਾਹੀਂ ਕਿਸਾਨਾਂ ਦੀ ਆਮਦਨੀ ਵਧਾਉਣ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ, ਬੇਜ਼ਮੀਨ ਪਰਿਵਾਰਾਂ ਦੀ ਉੱਨਤੀ ਲਈ ਠੋਸ ਯੋਜਨਾਵਾਂ, ਬੇਰੁਜ਼ਗਾਰਾਂ ਲਈ ਨੌਕਰੀਆਂ ਦੇ ਮੌਕੇ, ਮੁਲਾਜ਼ਮਾਂ ਲਈ ਬਕਾਏ ਅਤੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਬਾਰੇ ਕੁੱਝ ਵੀ ਉਪਰਾਲੇ ਤੇ ਠੋਸ ਯੋਜਨਾਵਾਂ ਨਹੀਂ ਪੇਸ਼ ਕੀਤੀਆਂ ਗਈਆਂ ਜਿਸ ਤੋਂ ਇਸ ਨਵੀਂ ਸਰਕਾਰ ਦੀ ਤਜਰਬਾਹੀਣਤਾ ਉਜਾਗਰ ਹੁੰਦੀ ਹੈ।