Beauty therapist course will now be conducted by women prisoners in the jail
ਚੰਡੀਗੜ੍ਹ, 27 ਮਈ (ਕੇਸਰੀ ਨਿਊਜ਼ ਨੈੱਟਵਰਕ)-ਇੱਕ ਨਿਵੇਕਲੀ ਪਹਿਲਕਦਮੀ ਵਜੋਂ ਜੇਲ੍ਹ ਵਿੱਚਲੇ ਕੈਦੀਆਂ ਖਾਸ ਕਰਕੇ ਮਹਿਲਾਵਾਂ ਨੂੰ ਉਨ੍ਹਾਂ ਦੀ ਕੈਦ ਪੂਰੀ ਹੋਣ ਉਪਰੰਤ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਮਹਿਲਾ ਜੇਲ੍ਹ ਲੁਧਿਆਣਾ ਵਿਖੇ ਸਹਾਇਕ ਬਿਊਟੀ ਥੈਰੇਪਿਸਟ ਦਾ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ।
ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਵਧੀਕ ਮਿਸ਼ਨ ਡਾਇਰੈਕਟਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਰਾਜੇਸ਼ ਤ੍ਰਿਪਾਠੀ ਨੇ ਅੱਜ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ “ਸੰਕਲਪ ਸਕੀਮ” ਤਹਿਤ ਮਹਿਲਾ ਜੇਲ੍ਹ, ਲੁਧਿਆਣਾ ਦੇ ਜੇਲ੍ਹ ਕੈਦੀਆਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਸਹਾਇਕ ਬਿਊਟੀ ਥੈਰੇਪਿਸਟ ਦੇ ਕੋਰਸ ਕਰ ਰਹੇ ਕੈਦੀਆਂ ਨੂੰ ਕਿਤਾਬਾਂ ਅਤੇ ਇੰਡਕਸ਼ਨ ਕਿੱਟਾਂ ਵੀ ਵੰਡੀਆਂ।
ਇਸ ਦੌਰਾਨ ਏ.ਡੀ.ਸੀ.(ਡੀ), ਲੁਧਿਆਣਾ ਅਮਿਤ ਕੁਮਾਰ ਪੰਚਾਲ, ਏ.ਐਮ.ਡੀ., ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਰਾਜੇਸ਼ ਤ੍ਰਿਪਾਠੀ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਪਰਵਿੰਦਰ ਕੌਰ, ਸੁਪਰਡੈਂਟ ਜੇਲ੍ਹ ਰਾਹੁਲ ਰਾਜਾ, ਡਿਪਟੀ ਸੁਪਰਡੈਂਟ ਜੇਲ੍ਹ ਚੰਚਲ ਕੁਮਾਰੀ, ਵੀਸੀਓ ਸਕਿੱਲਜ਼ ਪ੍ਰਾ. ਲਿਮਟਿਡ ਦੇ ਡਾਇਰੈਕਟਰ ਦੀਪਿੰਦਰ ਸਿੰਘ ਸੇਖੋਂ ਅਤੇ ਵੀ.ਸੀ.ਓ. ਐਜੂ. ਸਕਿੱਲਜ਼ ਪ੍ਰਾ. ਲਿਮਟਿਡ ਦੇ ਸੀ.ਈ.ਓ. ਮਨੀਤ ਦੀਵਾਨ ਨੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀ ਇਸ ਪਹਿਲਕਦਮੀ ਦੀ ਮਦਦ ਨਾਲ ਕੈਦੀਆਂ ਨੂੰ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ।
ਪਤਵੰਤਿਆਂ ਨੇ ਜੇਲ੍ਹ ਦੇ ਕੈਦੀਆਂ ਨੂੰ ਪੂਰੀ ਲਗਨ ਨਾਲ ਹੁਨਰ ਸਿਖਲਾਈ ਪ੍ਰਾਪਤ ਕਰਨ ਅਤੇ ਆਪਣੀ ਕੈਦ ਪੂਰੀ ਹੋਣ ਉਪਰੰਤ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਹ ਸਿਖਲਾਈ ਪ੍ਰੋਗਰਾਮ 390 ਘੰਟੇ ਦਾ ਹੈ ਅਤੇ ਰੋਜ਼ਾਨਾ 4 ਘੰਟੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸਦੇ ਲਈ ਜੇਲ੍ਹ ਦੇ ਅਹਾਤੇ ਵਿੱਚ ਪ੍ਰੈਕਟੀਕਲ ਲੈਬ ਸਥਾਪਿਤ ਕੀਤੀ ਗਈ ਹੈ। ਸਿਖਲਾਈ ਪੂਰੀ ਹੋਣ ਉਪਰੰਤ, ਥਰਡ ਪਾਰਟੀ ਮੁਲਾਂਕਣ ਇਕਾਈ ਵੱਲੋਂ ਮੁਲਾਂਕਣ ਕੀਤਾ ਜਾਵੇਗਾ। ਮੁਲਾਂਕਣ ਦੌਰਾਨ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਅਤੇ ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 2500 ਰੁਪਏ ਦਿੱਤੇ ਜਾਣਗੇ।