KMV By IBT One-day workshop on How to Crack Competitive Exams in collaboration with the Institute
ਜਲੰਧਰ (ਕੇਸਰੀ ਨਿਊਜ਼ ਨੈੱਟਵਰਕ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਸੈਂਟਰ ਫਾਰ ਕੰਪੀਟੇਟਿਵ ਐਗਜ਼ਾਮਸ ਦੁਆਰਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲਤਾ ਕਿਵੇਂ ਹਾਸਿਲ ਕੀਤੀ ਜਾਵੇ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਬੈਂਕਿੰਗ, ਫਾਈਨੈਂਸ ਅਤੇ ਸਰਕਾਰੀ ਅਦਾਰਿਆਂ ਦੇ ਵਿਚ ਵੱਖ-ਵੱਖ ਰੁਜ਼ਗਾਰ ਦੇ ਮੌਕਿਆਂ ਬਾਰੇ ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦੇ ਮਕਸਦ ਦੇ ਨਾਲ ਇਹ ਵਰਕਸ਼ਾਪ ਆਈ.ਬੀ.ਟੀ. ਇੰਸਟੀਚਿਊਟ, ਜਲੰਧਰ ਦੇ ਨਾਲ ਮਿਲ ਕੇ ਆਯੋਜਿਤ ਕਰਵਾਈ ਗਈ। ਇਸ ਹੀ ਸੰਸਥਾ ਤੋਂ ਸ੍ਰੀ ਪ੍ਰਦੀਪ ਸਿੰਘ(ਐਮ.ਡੀ.) , ਕਾਰਪੋਰੇਟ ਟ੍ਰੇਨਰ ਨੇ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਸੇਲਜ਼, ਮਾਰਕੀਟਿੰਗ ਅਤੇ ਕਾਰਪੋਰੇਟ ਸੈਕਟਰ ਦਾ ਵਿਆਪਕ ਤਜਰਬਾ ਰੱਖਣ ਵਾਲੇ ਸ੍ਰੀ ਪ੍ਰਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਹੁੰਦੇ ਹੋਏ ਜੀਵਨ ਦੇ ਵਿੱਚ ਮਕਸਦ ਨੂੰ ਨਿਰਧਾਰਿਤ ਕਰਨ ਅਤੇ ਇਸ ਦੀ ਪ੍ਰਾਪਤੀ ਦੇ ਲਈ ਵੱਖ-ਵੱਖ ਮਹੱਤਵਪੂਰਨ ਨੀਤੀਆਂ ਨੂੰ ਅਪਨਾਉਣ ਸਬੰਧੀ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਜੀਵਨ ਦੇ ਵਿੱਚ ਸਫ਼ਲਤਾ ਹਾਸਲ ਕਰਨੀ ਹੈ ਤਾਂ ਜ਼ਿੰਦਗੀ ਵਿਚਲੀਆਂ ਅਸਫ਼ਲਤਾਵਾਂ ਤੋਂ ਵੀ ਪੂਰੇ ਆਸ਼ਾਵਾਦੀ ਨਜ਼ਰੀਏ ਨਾਲ ਸਿੱਖਣਾ ਚਾਹੀਦਾ ਹੈ। ਵੱਖ-ਵੱਖ ਨਿੱਜੀ ਅਤੇ ਸਰਕਾਰੀ ਖੇਤਰਾਂ ਦੇ ਵਿਚ ਰੁਜ਼ਗਾਰ ਸਬੰਧੀ ਵੱਖ-ਵੱਖ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਮੇਕ ਮਾਈ ਐਗਜ਼ਾਮ ਜਿਹੀਆਂ ਵਿਭਿੰਨ ਐਪਸ ਤੋਂ ਜਾਣਕਾਰੀ ਹਾਸਿਲ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਯੂ.ਪੀ.ਐੱਸ.ਸੀ., ਐੱਸ.ਐੱਸ.ਸੀ., ਬੈਂਕ, ਪੀ.ਓ. ਅਤੇ ਆਈ.ਬੀ.ਪੀ.ਐੱਸ. ਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵੀ ਚਰਚਾ ਕੀਤੀ।
ਵਿਦਿਆਲਾ ਦੀਆਂ ਸਾਇੰਸ, ਆਈ.ਟੀ., ਕਾਮਰਸ ਅਤੇ ਹਿਊਮੈਨੀਟੀਜ਼ ਦੀਆਂ 150 ਤੋਂ ਵੀ ਵੱਧ ਵਿਦਿਆਰਥਣਾਂ ਨੇ ਇਸ ਵਰਕਸ਼ਾਪ ਦੇ ਵਿਚ ਵੱਧ-ਚਡ਼੍ਹ ਕੇ ਭਾਗ ਲੈਂਦੇ ਹੋਏ ਆਪਣੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਸਰੋਤ ਬੁਲਾਰੇ ਤੋਂ ਬੇਹੱਦ ਆਸਾਨ ਤਰੀਕੇ ਦੇ ਨਾਲ ਪ੍ਰਾਪਤ ਕੀਤੇ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਸ੍ਰੀ ਪ੍ਰਦੀਪ ਸਿੰਘ ਪ੍ਰਤੀ ਧੰਨਵਾਦ ਵਿਅਕਤ ਕੀਤਾ ਅਤੇ ਨਾਲ ਹੀ ਕਿਹਾ ਕਿ ਮੌਜੂਦਾ ਸਮੇਂ ਦੇ ਵਿਚ ਜਿੱਥੇ ਸਿੱਖਿਆ ਦਾ ਕਿੱਤਾਮੁਖੀ ਅਤੇ ਕੌਸ਼ਲ ਆਧਾਰਤ ਹੋਣਾ ਸਮੇਂ ਦੀ ਮੰਗ ਹੈ ਉੱਥੇ ਨਾਲ ਹੀ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਵੀ ਬੇਹੱਦ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦਰ ਸਮੇਂ ਸਬੰਧਿਤ ਖੇਤਰਾਂ ਦੇ ਵਿੱਚ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਸਬੰਧੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਉਨ੍ਹਾਂ ਦਾ ਰਾਹ ਰੁਸ਼ਨਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਡਾ. ਸਬੀਨਾ ਬੱਤਰਾ,ਡਾ. ਪ੍ਰਦੀਪ ਅਰੋਡ਼ਾ ਅਤੇ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।