COURT SYSTEM BREAKING
ਇਸ ਮੌਕੇ ਮੁਲਜ਼ਮ ਨੇ ਜੋ ਸ਼ਬਦਾਵਲੀ ਬੋਲੀ ਅਤੇ ਪੁਲਿਸ ਨੂੰ ਆਪਣੇ ਬਿਆਨ ਦਰਜ਼ ਕਰਵਾਏ ਉਹਨਾ ਦੇ ਮੱਦੇਨਜ਼ਰ ਅਦਾਲਤਾਂ ਦੇ ਕੰਮਕਾਰ ਵਿਚ ਇਨਸਾਫ ਲੈਣ ਦੀ ਪ੍ਰਕਿਰਿਆ ਉੱਪਰ ਵੀ ਵੱਡੇ ਸਵਾਲ ਉੱਠ ਰਹੇ ਹਨ। ਪਰ ਬਦਕਿਸਮਤੀ ਨਾਲ ਪੁਲਿਸ ਨੂੰ ਜੱਜ ਸਹਿਬਾਨ ਦੀ ਸੁਰੱਖਿਆ ਵਿਚ ਚੂਕ ਕੋਂ ਅੱਗੇ ਵਧ ਕੇ ਸਾਡੇ ਤੰਤਰ ਵਿਚ ਵਿਆਪਕ ਭ੍ਰਿਸ਼ਟਾਚਾਰ ਕਾਰਨ ਲੋਕ ਮਨਾਂ ਅੰਦਰ ਪੈਦਾ ਹੋ ਰਹੇ ਰੋਹ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਸ਼ਾਇਦ ਸਮਾਂ ਹੀ ਨਹੀਂ। ਮੀਡੀਆ ਦੇ ਵੱਡੇ ਹਿੱਸੇ ਨੇ ਵੀ ਇਸ ਮਾਮਲੇ ਨੂੰ ਮਹਿਜ਼ ਸੁਰੱਖਿਆ ਵਿਚ ਸੇਂਧ ਤੋਂ ਅੱਗੇ ਜਾ ਕੇ ਸਿਸਟਮ ਉੱਪਰ ਸਵਾਲ ਖੜੇ ਕਰਨ ਤੋਂ ਟਾਲਾ ਹੀ ਵੱਟਿਆ ਹੈ। ਪਰ ਕੋਰਟ ਕਚਹਿਰੀਆਂ ਵਿਚ ਪੇਸ਼ੀਆਂ ਦੌਰਾਨ ਮੁਲਜ਼ਮ ਨੂੰ ਝੱਲਣੀ ਪੈਂਦੀ ਖੱਜਲ ਖੁਆਰੀ ਉੱਪਰ ਵੀ ਇਹ ਘਟਨਾ ਸਵਾਲ ਖੜੇ ਕਰ ਰਹੀ ਹੈ।
ਦਰਅਸਲ ਦੁਪਹਿਰ ਤਿੰਨ ਵਜੇ ਵਾਪਰੀ ਇਸ ਘਟਨਾ ਦੌਰਾਨ ਨੌਜਵਾਨ ਦੇ ਹੱਥ ’ਚ ਪਿਸਤੌਲ ਦੇਖ ਕੇ ਹਫੜਾ-ਦਫੜੀ ਮਚ ਗਈ। ਬਾਹਰ ਖੜ੍ਹੇ ਏਐੱਸਆਈ ਲਾਲ ਚੰਦ ਨੇ ਅੰਦਰ ਆ ਕੇ ਉਕਤ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਦੇ ਹੱਥ ’ਚ ਫੜੀ ਪਿਸੌਤਲ ਖਿਡੌਣਾ ਨਿਕਲੀ। ਨੌਜਵਾਨ ਦੀ ਪਛਾਣ ਪਿੰਡ ਸੰਗੋਵਾਲ ਵਾਸੀ ਹੀਰਾ ਵਜੋਂ ਹੋਈ ਹੈ।
ਦੱਸਣਯੋਗ ਹੈ ਕਿ ਹੀਰਾ ਖਿਲਾਫ਼ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ’ਚੋਂ ਇਕ ਦੀ ਸੁਣਵਾਈ ’ਤੇ ਉਹ ਅਦਾਲਤ ’ਚ ਆਇਆ ਸੀ। ਗ੍ਰਿਫ਼ਤਾਰ ਹੀਰਾ ਨੇ ਦੱਸਿਆ ਕਿ ਉਸ ’ਤੇ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ। ਜਦੋਂ ਵੀ ਸੁਣਵਾਈ ’ਤੇ ਆਉਂਦਾ ਹੈ ਤਾਂ ਹਰ ਕੋਈ ਰਿਸ਼ਵਤ ਮੰਗਦਾ ਹੈ। ਨਾ ਦੇਣ ’ਤੇ ਉਸ ਦੇ ਹੱਕ ’ਚ ਕੋਈ ਗਵਾਹੀ ਨਹੀਂ ਹੋਣ ਦਿੰਦਾ। ਚੋਰੀ ਦੇ ਕੇਸ ਹੋਣ ਕਾਰਨ ਉਸ ਨੂੰ ਬਾਹਰ ਕੋਈ ਕੰਮ ਵੀ ਨਹੀਂ ਦੇ ਰਿਹਾ। ਉਸ ਦੀ ਪਤਨੀ ਗਰਭਵਤੀ ਹੈ। ਹਰ ਥਾਂ ਭ੍ਰਿਸ਼ਟਾਚਾਰ ਹੈ। ਉਹ ਅਜਿਹੇ ਹਾਲਾਤ ਵਿਚ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ, ਗੁਜ਼ਾਰਾ ਨਹੀਂ ਹੋ ਰਿਹਾ ਤਾਂ ਡੇਢ ਸੌ ਰੁਪਏ ’ਚ ਪਿਸਤੌਲ ਖਰੀਦ ਕੇ ਆਪਣੇ ਭਵਿੱਖ ਦਾ ਫੈਸਲਾ ਕਰਨ ਆਇਆ ਹੈ। ਫਿਲੌਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।