CM ANNOUNCES TO PROCURE MOONGI ON MSP
ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
ਕਿਸਾਨਾਂ ਨੂੰ ਮੂੰਗੀ ਵਾਲੇ ਖੇਤ ਵਿਚ ਝੋਨੇ ਦੀ ਕਿਸਮ-126 ਜਾਂ ਬਾਸਮਤੀ ਲਾਉਣੀ ਹੋਵੇਗੀ
ਮਾਰਕੀਟ ਵਿਚ ਕੀਮਤਾਂ ਦੀ ਸਥਿਰਤਾ ਯਕੀਨੀ ਬਣਾਉਣ ਲਈ ਲਾਹੇਵੰਦ ਭਾਅ ਉਤੇ ਬਾਸਮਤੀ ਖਰੀਦਣ ਦਾ ਭਰੋਸਾ
ਚੰਡੀਗੜ੍ਹ, 6 ਮਈ(ਕੇਸਰੀ ਨਿਊਜ਼ ਨੈੱਟਵਰਕ)- ਪੰਜਾਬ ਵਿਚ ਖੇਤੀ ਵੰਨ-ਸੁਵੰਨਤਾ ਨੂੰ ਵੱਡੀ ਪੱਧਰ ਉਤੇ ਹੁਲਾਰਾ ਦੇਣ ਅਤੇ ਬਹੁਮੁੱਲੇ ਕੁਦਰਤੀ ਸਰੋਤ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰਨ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਮੂੰਗੀ ਦੀ ਫਸਲ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਉਤੇ ਖਰੀਦਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ, “ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਕਿਸਾਨਾਂ ਨੂੰ ਮੂੰਗੀ ਦੀ ਪੈਦਾਵਾਰ ਸਮਰਥਨ ਮੁੱਲ ਉਤੇ ਖਰੀਦਣ ਦਾ ਪੱਕਾ ਭਰੋਸਾ ਦੇ ਰਹੀ ਹੋਵੇ। ਇਸ ਨਾਲ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਦਰਮਿਆਨ ਇਕ ਹੋਰ ਫਸਲ ਬੀਜਣ ਦਾ ਮੌਕਾ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਆਰਥਿਕ ਤੌਰ ਉਤੇ ਵੀ ਲਾਭ ਹੋਵੇਗਾ।”
ਦੱਸਣਯੋਗ ਹੈ ਕਿ ਮੂੰਗੀ ਦਾ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਪੰਜਾਬ ਵਿਚ ਮੌਜੂਦਾ ਸਾਲ ਵਿਚ ਹੁਣ ਤੱਕ ਲਗਪਗ 77,000 ਏਕੜ ਰਕਬਾ ਮੂੰਗੀ ਦੀ ਕਾਸ਼ਤ ਹੇਠ ਆ ਚੁੱਕਾ ਹੈ ਜਦਕਿ ਬੀਤੇ ਵਰ੍ਹੇ ਲਗਪਗ 50,000 ਏਕੜ ਰਕਬਾ ਇਸ ਦੀ ਕਾਸ਼ਤ ਹੇਠ ਸੀ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਲਾਹੇਵੰਦ ਭਾਅ ਉਤੇ ਬਾਸਮਤੀ ਦੀ ਖਰੀਦ ਕਰੇਗੀ ਤਾਂ ਕਿ ਕਿਸਾਨਾਂ ਨੂੰ ਕਿਸੇ ਘਾਟੇ ਤੋਂ ਬਚਾਉਣ ਲਈ ਮਾਰਕੀਟ ਦੀਆਂ ਕੀਮਤਾਂ ਵਿਚ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।