ਚੰਡੀਗੜ, 2 ਮਈ (ਕੇਸਰੀ ਨਿਊਜ਼ ਨੈੱਟਵਰਕ) : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਐਤਵਾਰ ਨੂੰ ਬਠਿੰਡਾ ਤੋਂ ਜੇਲ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਨਜਦੀਕੀ ਸਾਥੀਆਂ ਨੂੰ ਗ੍ਰਿਫਤਾਰੀਆਂ ਕਰਕੇ ਵੱਡੀ ਸਫ਼ਲਤਾ ਦਰਜ ਕੀਤੀ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਨੂੰ ਤੇਜੀ ਲਿਆਉਣ ਲਈ ਡੀਜੀਪੀ ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਵਿਚ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇੱਕ ਏਜੀਟੀਐਫ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ . (ਏਜੀਟੀਐਫ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਖਤਾ ਸੂਚਨਾ ਦੇ ਆਧਾਰ ‘ਤੇ, ਬਠਿੰਡਾ ਤੋਂ ਏਜੀਟੀਐਫ ਦੀ ਟੀਮ ਨੇ ਤਿੰਨ ਮੁਲਜਮਾਂ ਨੂੰ ਕਾਬੂ ਕੀਤਾ ਹੈ, ਜੋ ਕਿ ਮਾਲਵਾ ਖੇਤਰ ਦੇ ਇੱਕ ਉੱਘੇ ਵਪਾਰੀ ਤੋਂ ਪੈਸੇ ਵਸੂਲਣ ਲਈ ਉਸ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨਾਂ ਕਿਹਾ ਕਿ ਇਨਾਂ ਮੁਲਜਮਾਂ ਦੀ ਗ੍ਰਿਫਤਾਰੀਆਂ ਨਾਲ ਇੱਕ ਸਨਸਨੀਖੇਜ਼ ਵਾਰਦਾਤ ਨੂੰ ਟਾਲਣ ਵਿੱਚ ਕਾਮਯਾਬੀ ਮਿਲੀ ਹੈ।
ਡੀਆਈਜੀ ਭੁੱਲਰ ਨੇ ਦੱਸਿਆ ਕਿ ਤਿੰਨੋਂ ਮੁਲਜਮ ਅਪਰਾਧਿਕ ਪਿਛੋਕੜ ਵਾਲੇ ਹਨ। ਸਚਿਨ ਅਤੇ ਹਿੰਮਤਵੀਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਅਤੇ ਦਿੱਲੀ ਵਿੱਚ ਨਸ਼ਾ ਤਸਰਕਰੀ ਅਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨਾਂ ਕਿਹਾ ਕਿ ਉਹ ਗਿਰੋਹ ਲਈ ਦੂਜੇ ਰਾਜਾਂ ਤੋਂ ਹਥਿਆਰ ਮੰਗਵਾ ਕੇ ਆਪਣੇ ਸਾਥੀਆਂ ਨੂੰ ਪਹੁੰਚਾਉਂਦੇ ਸਨ ਤਾਂ ਜੋ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਜਾ ਸਕੇ।
ਡੀਆਈਜੀ ਨੇ ਕਿਹਾ ਕਿ ਕੈਨੇਡੀਅਨ ਅਧਾਰਤ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੇਂਸ ਬਿਸਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਨਿਰਦੇੋਸ਼ਾਂ ‘ਤੇ, ਉਹ ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਦੇ ਭਗੌੜੇ ਗੈਂਗਸਟਰਾਂ ਨੂੰ ਛੁਪਣਗਾਹਾਂ ਉਪਲਬਧ ਕਰਵਾਉਂਦੇ ਸਨ।
ਉਨਾਂ ਅੱਗੇ ਕਿਹਾ “ਹਾਲ ਹੀ ਵਿੱਚ ਸਪੈਸ਼ਲ ਸੈੱਲ ਦਿੱਲੀ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਇੱਕ ਵਾਂਟਡ ਗੈਂਗਸਟਰ ਸ਼ਾਹਰੁਖ ਨੂੰ ਗ੍ਰਿਫਤਾਰੀਆਂ ਕੀਤਾ ਹੈ, ਜਿਸ ਨੂੰ ਸਚਿਨ ਅਤੇ ਉਸਦੇ ਸਾਥੀਆਂ ਦੁਆਰਾ ਪੰਜਾਬ ਵਿੱਚ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ।“
ਜ਼ਿਕਰਯੋਗ ਹੈ ਕਿ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 01-05-2022 ਨੂੰ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।