ਜਲੰਧਰ 26 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : 5ਵੀਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ (ਪੁਰਸ ਅਤੇ ਮਹਿਲਾ) ਚੈਂਪੀਅਨਸ਼ਿੱਪ 2021-22 ਇਸ ਵਾਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਜਲੰਧਰ ਵਿਖੇ 4 ਮਈ ਤੋਂ 7 ਮਈ ਤੱਕ ਕਰਵਾਈ ਜਾ ਰਹੀ ਹੈ।
ਗੱਤਕਾ ਦੇ ਸਿੰਗਲ ਸੋਟੀ ਤੇ ਫੱਰੀ ਸੋਟੀ (ਵਿਅਕਤੀਗਤ ਤੇ ਟੀਮ ਈਵੈਂਟ) ਦੇ ਹੋਣ ਵਾਲੇ ਇੰਨਾਂ ਮੁਕਾਬਲਿਆਂ ਵਿੱਚ ਟੀਮਾਂ ਦੇ ਭਾਗ ਲੈਣ ਬਾਰੇ ਅਤੇ ਟੀਮਾਂ ਦੀਆਂ ਐਂਟਰੀਆਂ ਭੇਜਣ ਲਈ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਨੂੰ ਪਹਿਲਾਂ ਹੀ ਈਮੇਲ ਰਾਹੀਂ ਸੂਚਨਾ ਭੇਜੀ ਜਾ ਚੁੱਕੀ ਹੈ। ਉਨਾਂ ਦੇਸ਼ ਦੀਆਂ ਸਮੂਹ ਯੂਨੀਵਰਸਿਟੀਆਂ ਦੇ ਖੇਡ ਡਾਇਰੈਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਯੂਨੀਵਰਸਿਟੀਆਂ ਦੀਆਂ ਟੀਮਾਂ (ਮਰਦ ਅਤੇ ਔਰਤਾਂ) ਦੀਆਂ ਐਂਟਰੀਆਂ ਯੂਨੀਵਰਸਿਟੀ ਦੀ ਈਮੇਲ sportssbbsu@gmail.com ਉੱਪਰ ਹਰ ਹਾਲਤ ਵਿੱਚ 30 ਅਪ੍ਰੈਲ ਤੱਕ ਭੇਜ ਦੇਣ।
ਹੋਰ ਵੇਰਵੇ ਦਿੰਦਿਆਂ ਗੱਤਕਾ ਪ੍ਰਮੋਟਰ ਹਰਜੀਤ ਗਰੇਵਾਲ ਅਤੇ ਡਾ. ਪ੍ਰੀਤਮ ਸਿੰਘ ਨੇ ਦੱਸਿਆ ਕਿ 2 ਮਈ ਨੂੰ ਇੰਨਾਂ ਮੁਕਾਬਲਿਆਂ ਲਈ ਸਾਰੀਆਂ ਟੀਮਾਂ ਦੀਆਂ ਟਾਈਆਂ ਪੈਣਗੀਆਂ ਜਦਕਿ 4 ਅਤੇ 5 ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਰਦਾਂ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ। ਇਸੇ ਤਰਾਂ 6 ਅਤੇ 7 ਮਈ ਨੂੰ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਮਹਿਲਾ ਗੱਤਕਾ ਟੀਮਾਂ ਦੇ ਮੁਕਾਬਲੇ ਹੋਣਗੇ।
ਉਨਾਂ ਦੱਸਿਆ ਕਿ ਉਕਤ ਟੂਰਨਾਮੈਂਟਾਂ ਤੋਂ ਇੱਕ ਦਿਨ ਪਹਿਲਾਂ ਭਾਗ ਲੈਣ ਵਾਲੀਆਂ ਵੱਖ-ਵੱਖ ਗੱਤਕਾ ਟੀਮਾਂ ਦੇ ਮੈਨੇਜਰਾਂ ਦੀ ਮੀਟਿੰਗ ਹੋਵੇਗੀ ਜਿਸ ਵਿਚ ਟੀਮਾਂ ਦੇ ਭਾਗ ਲੈਣ, ਐਨਜੀਏਆਈ ਦੇ ਗੱਤਕਾ ਨਿਯਮਾਂ ਅਤੇ ਅਨੁਸ਼ਾਸ਼ਨ ਸਬੰਧੀ ਹਦਾਇਤਾਂ ਦੱਸੀਆਂ ਜਾਣਗੀਆਂ।