ਸ਼੍ਰੋਮਣੀ ਕਮੇਟੀ ਦੇ ਅੰਦਰਲੇ ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਹਲਕੇ ਦੇ ਦੋ ਸ਼੍ਰੋਮਣੀ ਕਮੇਟੀ ਮੈਂਬਰਾਂ ਪ੍ਰਿੰ. ਸੁਰਿੰਦਰ ਸਿੰਘ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਦੀ ਆਪਸੀ ਖਹਿਬਾਜ਼ੀ ਕਾਰਨ ਇਸ ਦਾ ਕੰਮ ਰੋਕਿਆ ਗਿਆ ਸੀ। ਜਦੋਂ ਇਸ ਜੋਡ਼ੇ ਘਰ ਦੀਆਂ ਖਬਰਾਂ ਅਖਬਾਰਾਂ ਦਾ ਸ਼ਿੰਗਾਰ ਬਣੀਆਂ ਤਾਂ ਸ੍ਰੋਮਣੀ ਕਮੇਟੀ ਵੱਲੋਂ ਇਸ ਦੇ ਹੱਲ ਲਈ ਇਕ ਕਮੇਟੀ ਬਣਾਈ ਗਈ ਜਿਸ ਵਿਚ ਮੈਂਬਰ ਤਾਰਾ ਸਿੰਘ ਸੱਲਾ, ਪਰਮਜੀਤ ਸਿੰਘ ਲੱਖੇਵਾਲ, ਚਰਨਜੀਤ ਸਿੰਘ ਕਾਲੇਕੇ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ. ਸੁਰਿੰਦਰ ਸਿੰਘ, ਡਾ. ਜੰਗ ਬਹਾਦਰ ਸਿੰਘ ਅਤੇ ਬੀਬੀ ਰਣਜੀਤ ਕੌਰ ਸ਼ਾਮਲ ਹਨ। ਇਸ ਕਮੇਟੀ ਦੀਆਂ ਕਈ ਮੀਟਿੰਗਾਂ ਵੀ ਹੋਈਆਂ ਪਰ ਇਨ੍ਹਾਂ ਦਾ ਕੋਈ ਨਤੀਜਾ ਨਾ ਨਿਕਲਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ ਵਲੋਂ ਵੀ ਇਸ ਜੋਡ਼ੇ ਘਰ ਦੇ ਹੱਲ ਲਈ ਯਤਨ ਕੀਤੇ ਗਏ ਪਰ ਕੋਈ ਵੀ ਯਤਨ ਕਾਰਗਰ ਨਾ ਹੋਇਆ ਤੇ ਹੁਣ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਮਾਸਟਰ ਪਲਾਨ ਤਿਆਰ ਕਰਵਾ ਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਕਈ ਸਾਲਾਂ ਤੋਂ ਚਲੇ ਆ ਰਹੇ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਗਿਆ ਹੈ ਪਰ ਇਸ ਨਾਲ ਸੰਗਤ ਦੇ ਜੋ ਲੱਖਾਂ ਰੁਪਏ ਬਰਬਾਦ ਹੋਏ ਹਨ ਉਸ ਦਾ ਜਵਾਬ ਦੇਣ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।
ਮਾਸਟਰ ਸਕੀਮ ਤਹਿਤ ਬਣੇਗਾ ਨਵਾਂ ਜੋਡ਼ਾ ਘਰ
ਇਸ ਬਾਰੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਮਾਸਟਰ ਸਕੀਮ ਤਿਆਰ ਕੀਤੀ ਗਈ ਹੈ ਜਿਸ ਤਹਿਤ ਉਪਰ ਦਫਤਰ ਬਣਾਏ ਜਾਣਗੇ ਤੇ ਥੱਲੇ ਜੋਡ਼ਾ ਘਰ ਬਣਾਇਆ ਜਾਵੇਗਾ। ਪੁਰਾਣੇ ਜੋਡ਼ਾ ਘਰ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਸ ਜਗ੍ਹਾ ’ਤੇ ਜੋਡ਼ਾ ਘਰ ਬਣਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਸੀ। ਨਕਸ਼ੇ ਮੁਤਾਬਕ ਇਸ ਜੋਡ਼ਾ ਘਰ ਦੇ ਨਾਲ ਹੱਥ ਧੋਣ ਲਈ ਵਾਸ਼ ਬੇਸਿਨ ਤਿਆਰ ਹੋਣੀਆਂ ਸਨ ਤੇ ਨਾਲ ਹੀ ਕਡ਼ਾਹ ਪ੍ਰਸ਼ਾਦ ਦੇ ਕਾਊਂਟਰ ਹਨ ਜਿੱਥੋ ਪ੍ਰਸ਼ਾਦ ਲੈ ਕੇ ਸੰਗਤ ਤਖਤ ਸਾਹਿਬ ਦੇ ਦਰਸ਼ਨਾਂ ਲਈ ਜਾਣੀਆਂ ਸਨ।
2 ਸਾਲਾਂ ’ਚ ਮੁਕੰਮਲ ਹੋਵੇਗਾ ਕੰਮ : ਮੈਨੇਜਰ
ਇਸ ਸਬੰਧੀ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਮਾਸਟਰ ਸਕੀਮ ਤਹਿਤ ਜੋ ਕੰਮ ਸ਼ੁਰੂ ਹੋਇਆ ਹੈ ਉਸ ਵਿਚ ਜਥੇਦਾਰ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਦੀ ਰਿਹਾਇਸ਼, ਮੈਨੇਜਰ ਤਖਤ ਸਾਹਿਬ ਦਾ ਪ੍ਰਬੰਧਕੀ ਅਮਲਾ ਜਿਸ ਵਿਚ ਅਕਾਊਂਟੈਂਟ, ਖਜ਼ਾਨਚੀ, ਰਿਕਾਰਡ ਕੀਪਰ ਆਦਿ ਸਮੇਤ ਸਾਰੇ ਦਫਤਰ ਅਤੇ ਜੋਡ਼ਾ ਘਰ ਬਨਾਉਣ ਦਾ ਨਕਸ਼ਾ ਹੈ। ਉਨ੍ਹਾਂ ਦੱਸਿਆ ਕਿ ਸਾਰਾ ਕੰਮ ਦੋ ਸਾਲਾਂ ਦੇ ਅੰਦਰ ਮੁਕੰਮਲ ਹੋ ਜਾਵੇਗਾ।
ਅੱਗੇ ਤੋਂ ਅਜਿਹਾ ਨਹੀ ਹੋਵੇਗਾ : ਪੰਜੋਲੀ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੇ ਇਸ ਸਬੰਧੀ ਕਿਹਾ ਕਿ ਅੱਗੇ ਤੋਂ ਇਸ ਤਰ੍ਹਾਂ ਸੰਗਤਾਂ ਦਾ ਪੈਸਾ ਬਰਬਾਦ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਕਿਸੇ ਵੀ ਗੁਰਦੂਆਰਾ ਸਾਹਿਬ ਵਿਖੇ ਕੋਈ ਵੀ ਕੰਮ ਹੋਵੇਗਾ ਤਾਂ ਉਸ ਦਾ ਬਾਕਾਇਦਾ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਦੁਬਾਰਾ ਢਾਹ-ਢੁਹਾਈ ਨਾ ਹੋਵੇ।