ਸਿੱਧੂ ਨੇ ਕਿਹਾ ਕਿ ਆਪ ਸਰਕਾਰ ਤੋਂ ਲੋਕਾਂ ਨੂੰ ਜੋ ਉਮੀਦ ਤੇ ਭਰੋਸਾ ਸੀ, ਉਸ ਨੂੰ ਕਾਇਮ ਰੱਖਣ ਵਿਚ ਆਪ ਸਰਕਾਰ ਅਸਫ਼ਲ ਰਹੀ ਹੈ, ਜਿਸ ਕਾਰਨ ਲੋਕਾਂ ਦਾ ਆਪ ਤੋਂ ਭਰੋਸਾ ਉਠ ਗਿਆ ਹੈ।
ਇਸ ਦਾ ਕਾਰਨ ਇਹ ਹੈ ਆਪ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਲੋਕ ਲੁਭਾਵਣੇ ਅਨੇਕਾਂ ਵਾਅਦੇ ਕਰ ਲਏ ਸਨ। ਕਈ ਗਰੰਟੀਆਂ ਵੀ ਦਿੱਤੀਆਂ ਸਨ ਪਰ ਹੁਣ ਉਨ੍ਹਾਂ ਨੂੰ ਪੂੂਰਾ ਕਰਨ ਲਈ ਪੰਜਾਬ ਸਰਕਾਰ ਕੋਲ ਪੈਸਾ ਨਹੀਂ ਹੈ ਤੇ ਨਾ ਹੀ ਆਮਦਨ ਵਧਾਉਣ ਦੇ ਸ੍ਰੋਤ ਹਨ।
ਅਮਨ ਕਾਨੂੰਨ ਪੰਜਾਬ ਵਿਚ ਵਿਗਡ਼ਦੀ ਸਥਿਤੀ ਨੂੰ ਲੈ ਕੇ ਉਨ੍ਹਾਂ ਕਿਹਾ ਪੰਜਾਬ ਵਿਚ ਅਮਨ ਕਾਨੂੰਨ ਦਾ ਬਹੁਤ ਮਾਡ਼ਾ ਹਾਲ ਹੈ। ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ 40 ਲੋਕਾਂ ਦੇ ਕਤਲ ਹੋ ਚੁੱਕੇ ਹਨ। ਪੰਜਾਬ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਪਰ ਆਏ ਦਿਨ ਚੱਲ ਰਹੀਆਂ ਗੋਲੀਆਂ ਤੇ ਹੋ ਰਹੇ ਕਤਲ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਸਰਕਾਰ ਲਾਅ ਐਂਡ ਆਰਡਰ ਕਾਇਮ ਕਰਨ ਵਿਚ ਅਸਫ਼ਲ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੀ ਫਿਕਰ ਨਹੀਂ। ਉਹ ਪੰਜਾਬ ਛੱਡ ਕੇ ਗੁਜਰਾਤ ਤੇ ਹਿਮਾਚਲ ਘੁੰਮ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਦੀ ਵੱਡੀ ਘਾਟ ਹੈ। ਥਰਮਲ ਪਲਾਂਟ ਲਗਾਤਾਰ ਬੰਦ ਹੋ ਰਹੇ ਹਨ। ਇਸ ਕਾਰਨ ਪਾਵਰਕੱਟ ਲੱਗ ਰਹੇ ਹਨ। ਗਰਮੀ ਦਾ ਕਹਿਰ ਝੱਲ ਰਹੇ ਲੋਕ ਬਿਜਲੀ ਨਾ ਮਿਲਣ ਕਾਰਨ ਚੀਕਾਂ ਮਾਰ ਰਹੇ ਹਨ। ਜਲਦ ਹੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਤਾਂ ਬਿਜਲੀ ਦੀ ਡਿਮਾਂਡ ਹੋਰ ਵੱਧ ਜਾਵੇਗੀ ਇਸ ਨਾਲ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਜਾਵੇਗੀ।
ਸਿੱੱਧੂ ਨੇ ਕਿਸਾਨਾਂ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਇਸ ਵਾਰ ਗਰਮੀ ਜਲਦ ਪੈਣ ਕਾਰਨ ਕਣਕ ਦਾ ਝਾਡ਼ ਘੱਟ ਰਿਹਾ ਹੈ। ਇਸ ਲਈ ਕਿਸਾਨਾਂ ਨੂੰ 500 ਰੁਪਏ ਬੋਨਸ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜੇ ਦਿੱਲੀ ਦੇ ਦਰਵਾਜ਼ੇ ਖਡ਼ਕਾਉਣੇ ਪਏ ਤਾਂ ਇਹ ਵੀ ਜ਼ਰੂਰ ਕਰਾਂਗੇ। ਕਿਸਾਨਾਂ ਨੇ ਆਪਣੇ ਹੱਕ ਪਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਲੰਬਾ ਸਮਾਂ ਸੰਘਰਸ਼ ਕੀਤਾ ਹੈ।
ਉਨ੍ਹਾਂ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ’ਤੇ ਹੋਏ ਪਰਚਿਆਂ ’ਤੇ ਬੋਲਦਿਆਂ ਕਿਹਾ ਕਿ ਸੱਚ ਬੋਲਣ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ, ਇਹ ਮਾਡ਼ੀ ਰਾਜਨੀਤੀ ਦਾ ਸਿੱਟਾ ਹੈ।ਉਨ੍ਹਾਂ ਕਿਹਾ ਕਿ ਇਹ ਬਦਲਾਅ ਨਹੀਂ ਬਦਲਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਣਖੀਲ਼ਾ ਹੋਣਾ ਚਾਹੀਦਾ ਹੈ। ਹੁਣ ਤਾਂ ਇਹ ਹਾਲ ਹੈ ਕਿ ਗੇਮ ਕੋਈ ਖੇਡਦਾ ਤੇ ਨੱਚਦਾ ਕੋਈ ਹੈ।
ਐਸਵਾਈਐਲ ਦੇ ਮੁੱਦੇ ’ਤੇ ਸਿੱਧੂ ਨੇ ਕਿਹਾ ਕਿ ਪਾਣੀ ਦੀ ਇਕ ਬੂੰਦ ਨਹੀਂ ਦੇਵਾਂਗੇ। ਪਾਣੀ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ। ਇਸ ਲਈ ਜੋ ਕਰਨਾ ਪਿਆ ਹੋ ਕਰਾਂਗੇ ਕਿਉਂਕਿ ਸਿੱਧੂ ਨੂੰ ਕਦੇ ਵੀ ਅਹੁਦਿਆਂ ਦੀ ਚਾਹਤ ਨਹੀਂ ਰਹੀ। ਸਿੱਧੂ ਤਾਂ ਹਮੇਸ਼ਾਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਤੇ ਕੁਰਪਟ ਸਿਸਟਮ ਦੇ ਖਿਲਾਫ਼ ਲਡ਼ਦਾ ਆਇਆ ਹੈ ਤੇ ਲਡ਼ਦਾ ਰਹੇਗਾ। ਮੇਰੀ ਲਡ਼ਾਈ ਹਮੇਸ਼ਾ ਹੀ ਮੁੱਦਿਆਂ ਦੀ ਹੀ ਰਹੀ ਹੈ।
ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਬਾਰੇ ਸਵਾਲ ਟਾਲ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਦੋ-ਤਿੰਨ ਘੰਟਿਆਂ ਵਿੱਚ ਜਾਣਕਾਰੀ ਦੇਣਗੇ। ਸਿੱਧੂ ਦੇ ਨਾਲ ਸਾਬਕਾ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ, ਨਵਤੇਜ ਚੀਮਾ, ਅਸ਼ਵਨੀ ਸੇਖੜੀ ਵੀ ਮੌਜੂਦ ਸਨ।