ਜ਼ਿਕਰਯੋਗ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ 61.95 ਲੱਖ ਮੀਟਰਕ ਟਨ ਕਣਕ ਖਰੀਦੀ ਗਈ ਜਦਕਿ ਬਾਕੀ 3.45 ਲੱਖ ਮੀਟਰਕ ਟਨ ਦੀ ਖਰੀਦ ਪ੍ਰਾਈਵੇਟ ਏਜੰਸੀਆਂ ਵੱਲੋਂ ਕੀਤੀ ਗਈ। ਇਸੇ ਤਰ੍ਹਾਂ 7.27 ਲੱਖ ਮੀਟਰਕ ਟਨ ਕਣਕ ਦੀ ਆਮਦ ਨਾਲ ਸੰਗਰੂਰ ਜ਼ਿਲਾ ਸੂਬੇ ਵਿੱਚ ਸਭ ਤੋਂ ਅੱਗੇ ਹੈ, ਜਿੱਥੇ 19 ਅਪ੍ਰੈਲ, 2022 ਤੱਕ 7.18 ਲੱਖ ਮੀਟਰਕ ਟਨ ਖਰੀਦੀ ਜਾ ਚੁੱਕੀ ਹੈ। ਸੰਗਰੂਰ ਤੋਂ ਬਾਅਦ ਫਿਰੋਜ਼ਪੁਰ ਅਤੇ ਪਟਿਆਲਾ ਕ੍ਰਮਵਾਰ 5.40 ਲੱਖ ਮੀਟਰਕ ਟਨ ਅਤੇ 5.31 ਲੱਖ ਮੀਟਰਕ ਟਨ ਕਣਕ ਦੀ ਆਮਦ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਦੱਸਣਯੋਗ ਹੈ ਕਿ ਸੂਬੇ ਵਿੱਚ 35.02 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਅਨੁਮਾਨ ਅਨੁਸਾਰ 171 ਲੱਖ ਮੀਟਰਕ ਟਨ ਕਣਕ ਦੀ ਪੈਦਾਵਾਰ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਵਿੱਚੋਂ 130 ਲੱਖ ਮੀਟਰਕ ਟਨ ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚਣ ਦੀ ਆਸ ਹੈ।
ਇਸ ਦੌਰਾਨ ਸੂਬਾ ਸਰਕਾਰ ਨੇ ਮੰਡੀ ਫੀਸ ਅਤੇ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.) ਦਿੱਤੇ ਬਿਨਾਂ ਕਣਕ ਖਰੀਦਣ ਵਾਲੇ ਵਪਾਰੀਆਂ ਅਤੇ ਫਰਮਾਂ ਨੂੰ ਤਾੜਨਾ ਕਰਦੇ ਹੋਏ ਇਹ ਪ੍ਰਥਾ ਤੁਰੰਤ ਬੰਦ ਕਰਨ ਜਾਂ ਭਾਰੀ ਜੁਰਮਾਨੇ ਲਈ ਤਿਆਰ ਰਹਿਣ ਲਈ ਕਿਹਾ।
ਬੁਲਾਰੇ ਨੇ ਕਿਹਾ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਵਿਅਕਤੀ, ਵਪਾਰੀ ਅਤੇ ਫਰਮਾਂ ਕੋਈ ਮੰਡੀ ਫੀਸ ਅਤੇ ਦਿਹਾਤੀ ਵਿਕਾਸ ਫੰਡ ਦਿੱਤੇ ਬਿਨਾਂ ਕਿਸਾਨਾਂ ਕੋਲੋਂ ਸਿੱਧੇ ਤੌਰ ਉਤੇ ਗੈਰ-ਕਾਨੂੰਨੀ ਤੌਰ ਉਤੇ ਕਣਕ ਖਰੀਦ ਰਹੀਆਂ ਹਨ।
ਬੁਲਾਰੇ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ, ਵਪਾਰੀਆਂ ਅਤੇ ਫਰਮਾਂ ਨੂੰ ਇਹ ਪ੍ਰਥਾ ਤੁਰੰਤ ਬੰਦ ਕਰਨ ਦੀ ਤਾੜਨਾ ਕੀਤੀ ਜਾਂਦੀ ਹੈ ਅਤੇ ਜੇਕਰ ਜਾਂਚ ਦੌਰਾਨ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਪਾਸੋਂ ਅਸਲ ਮਾਰਕੀਟ ਫੀਸ ਅਤੇ ਆਰ.ਡੀ.ਐਫ. ਦੀ ਵਸੂਲੀ ਕਰਨ ਦੇ ਨਾਲ-ਨਾਲ ਮੰਡੀ ਫੀਸ ਦਾ 10 ਗੁਣਾਂ ਜੁਰਮਾਨਾ ਵੀ ਵਸੂਲਿਆ ਜਾਵੇਗਾ।