ਲੁਧਿਆਣਾ 20 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ) : ਨਵੀਆਂ ਪੀੜ੍ਹੀਆਂ ਨੂੰ ਆਪਣੀ ਅਮੀਰ ਕਲਾਤਮਕ ਵਿਰਾਸਤ ਨਾਲ ਜੋੜਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਹਮੇਸ਼ਾ ਯਤਨਸ਼ੀਲ ਰਹੀ ਹੈ । ਇਸ ਸਿਲਸਿਲੇ ਵਿੱਚ ਇੱਕ ਵਿਰਾਸਤ ਕਲਾ ਮੇਲਾ 20 ਅਪ੍ਰੈਲ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ । ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਇਸ ਮੇਲੇ ਵਿੱਚ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਪੱਗ ਬੰਨਣ, ਪਰਾਂਦਾ ਗੁੰਦਣ, ਪੱਖੀ ਬੁਨਣ, ਫੁਲਕਾਰੀ ਕੱਢਣ, ਕਰੋਸ਼ੀਆ, ਮਹਿੰਦੀ ਲਾਉਣ, ਪੀੜੀ, ਇੰਨੂ ਅਤੇ ਛਿੱਕੂ ਬੁਨਣ ਦੇ ਮੁਕਾਬਲੇ ਪ੍ਰਮੁੱਖ ਹਨ । ਇਨ੍ਹਾਂ ਤੋਂ ਇਲਾਵਾ ਇੱਕ ਸੱਭਿਆਚਾਰਕ ਸਮਾਗਮ ਵੀ ਹੋਵੇਗਾ ਜਿਸ ਵਿੱਚ ਵਿਰਾਸਤੀ ਕਲਾਵਾਂ ਦਾ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਕੀਤਾ ਜਾਵੇਗਾ । ਪੰਜਾਬੀ ਵਿਰਾਸਤ ਦੀ ਮਹੱਤਤਾ ਬਾਰੇ ਪ੍ਰਸਿੱਧ ਪੰਜਾਬੀ ਕਵੀ ਡਾ. ਸੁਰਜੀਤ ਪਾਤਰ ਵਿਸ਼ੇਸ਼ ਭਾਸ਼ਣ ਦੇਣਗੇ। ਡਾ. ਬੁੱਟਰ ਨੇ ਦੱਸਿਆ ਕਿ ਇਹ ਮੁਕਾਬਲੇ ਸਟੂਡੈਂਟ ਹੋਮ ਵਿੱਚ ਹੋਣਗੇ ਜਦਕਿ ਇਨਾਮ ਵੰਡ ਸਮਾਰੋਹ ਸ਼ਾਮ 4 ਵਜੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗਾ ।