ਪੁਲਿਸ ਟੀਮ ਨੇ ਕਬਜ਼ੇ ਹਟਾਉਣ ਤੋਂ ਪਹਿਲਾਂ ਲਿਆ ਸਥਿਤੀ ਦਾ ਜਾਇਜ਼ਾ
ਉੱਥੇ ਹੀ ਐੱਮਸੀਡੀ ਵੱਲੋਂ ਐਲਾਨ ਕੀਤੀ ਗਈ ਕਬਜ਼ੇ ਵਿਰੋਧੀ ਮੁਹਿੰਮ ਤੋਂ ਪਹਿਲਾਂ ਡੀਸੀਪੀ ਉੱਤਰੀ ਪੱਛਮੀ ਊਸ਼ਾ ਰੰਗਨਾਨੀ ਨੇ ਪੁਲਿਸ ਟੀਮ ਨਾਲ ਜਹਾਂਗੀਰਪੁਰੀ ਖੇਤਰ ਦਾ ਨਿਰੀਖਣ ਕੀਤਾ। ਦਿੱਲੀ ਪੁਲਿਸ ਨੇ ਬੁੱਧਵਾਰ ਸਵੇਰੇ ਜਹਾਂਗੀਰਪੁਰੀ ’ਚ ਸਥਿਤੀ ਦਾ ਜਾਇਜਜ਼ਾ ਲਿਆ, ਜਿੱਥੇ 16 ਅਪ੍ਰੈਲ ਨੂੰ ਇਕ ਧਾਰਮਿਕ ਜਲੂਸ ਦੌਰਾਨ ਹਿੰਸਾ ਹੋਈ ਸੀ।
ਜਹਾਂਗੀਰਪੁਰੀ ’ਚ ਕਬਜ਼ੇ ਵਿਰੋਧੀ ਮੁਹਿੰਮ ਬਾਰੇ ਰਾਜਾ ਇਕਬਾਲ ਸਿੰਘ (ਮੇਅਰ, ਉੱਤਰੀ ਦਿੱਲੀ ਨਗਰ ਨਿਗਮ ਦਿੱਲੀ) ਦਾ ਕਹਿਣਾ ਹੈ ਕਿ ਇਹ ਸਾਡਾ ਰੁਟੀਨ ਦਾ ਕੰਮ ਹੈ ਕਿ ਅਸੀਂ ਉਸ ਜਗ੍ਹਾ ਨੂੰ ਖ਼ਾਲੀ ਕਰਵਾਉਂਦੇ ਹਾਂ, ਜਿੱਥੇ ਨਾਜਾਇਜ਼ ਉਸਾਰੀ ਅਤੇ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਹਨ। ਅੱਜ (ਬੁੱਧਵਾਰ) ਵੀ ਅਸੀਂ ਅਜਿਹਾ ਹੀ ਕਰਨ ਜਾ ਰਹੇ ਹਾਂ। ਸਾਡਾ ਇਹੀ ਸੁਨੇਹਾ ਹੈ ਕਿ ਲੋਕ ਜਨਤਕ ਜ਼ਮੀਨ ਖ਼ਾਲੀ ਕਰ ਦੇਣ।
ਜ਼ਿਕਰਯੋਗ ਹੈ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਉੱਤਰੀ ਦਿੱਲੀ ਨਗਰ ਨਿਗਮ (ਐੱਨਡੀਐੱਮਸੀ) ਦੇ ਮੇਅਰ ਰਾਜਾ ਇਕਬਾਲ ਸਿੰਘ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਇੱਥੇ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਲਈ ਨਿਗਮ ਨੇ 400 ਪੁਲਿਸ ਕਰਮਚਾਰੀ ਮੰਗੇ ਹਨ। ਮੰਗਲਵਾਰ ਨੂੰ ਵੀ ਜਹਾਂਗੀਰਪੁਰੀ ’ਚ ਕਬਾੜੀਆਂ ਦੇ ਕਬਜ਼ੇ ਹਟਾਉਣ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਪਰ ਪੁਲਸ ਫੋਰਸ ਨਾ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ।
ਆਦੇਸ ਗੁਪਤਾ ਨੇ ਆਪਣੇ ਪੱਤਰ ’ਚ ਮੇਅਰ ਨੂੰ ਬੇਨਤੀ ਕੀਤੀ ਹੈ। ਇਸ ਵਿਚ ਉਨ੍ਹਾਂ ਕਿਹਾ ਕਿ 16 ਅਪ੍ਰੈਲ ਨੂੰ ਕੱਢੀ ਗਈ ਸ਼ੋਭਾ ਯਾਤਰਾ ’ਤੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਪਥਰਾਅ ਕੀਤਾ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਦੀ ਸ਼ਹਿ ਹੇਠ ਨਾਜਾਇਜ਼ ਉਸਾਰੀ ਅਤੇ ਕਬਜ਼ੇ ਕੀਤੇ ਹਨ। ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਦੀ ਨਿਸਾਨਦੇਹੀ ਕਰ ਕੇ ਕਾਰਵਾਈ ਕੀਤੀ ਜਾਵੇ।
ਨਿਗਮ ਨੇ ਡਿਪਟੀ ਕਮਿਸ਼ਨਰ ਪੁਲਿਸ ਨੂੰ ਲਿਖਿਆ ਪੱਤਰ
ਉੱਤਰੀ ਦਿੱਲੀ ਨਗਰ ਨਿਗਮ ਨੇ ਉੱਤਰ-ਪੱਛਮੀ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਮੰਗਲਵਾਰ ਤੋਂ ਵੀਰਵਾਰ ਤਕ ਕਬਜ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਲਿਖਿਆ ਹੈ। ਇਸ ਸਬੰਧੀ ਨਿਗਮ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦੇ ਨਾਲ-ਨਾਲ ਨਿਗਮ ਦੇ ਵੱਖ-ਵੱਖ ਵਿਭਾਗਾਂ ਵੱਲੋਂ ਜਹਾਂਗੀਰਪੁਰੀ ਖੇਤਰ ’ਚ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ। ਉੱਤਰੀ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਨੇ ਕਬਾੜ ਦੇ ਨਾਲ ਸੜਕ ਅਤੇ ਜਨਤਕ ਸੰਪਤੀ ’ਤੇ ਕਬਜ਼ਾ ਕੀਤਾ ਹੋਇਆ ਹੈ। ਅਧਿਕਾਰੀਆਂ ਨੂੰ ਜਹਾਂਗੀਰਪੁਰੀ ਖੇਤਰ ਨੂੰ ਕਬਜ਼ਿਆਂ ਤੇ ਨਾਜਾਇਜ਼ ਉਸਾਰੀਆਂ ਤੋਂ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਬੁੱਧਵਾਰ ਨੂੰ ਦਿਨ ਦੇ ਕਿਸੇ ਵੀ ਸਮੇਂ ਕਾਰਵਾਈ ਕੀਤੀ ਜਾ ਸਕਦੀ ਹੈ।
ਉਥੇ ਹੀ ਰਾਜਾ ਇਕਬਾਲ ਸਿੰਘ, ਮੇਅਰ, ਉੱਤਰੀ ਦਿੱਲੀ ਨਗਰ ਨਿਗਮ ਦਾ ਕਹਿਣਾ ਹੈ ਕਿ ਜ਼ੋਨਲ ਅਧਿਕਾਰੀਆਂ ਨੇ ਮੰਗਲਵਾਰ ਨੂੰ ਵੀ ਸੁਰੱਖਿਆ ਦੀ ਮੰਗ ਕੀਤੀ ਸੀ ਪਰ ਪੁਲਸ ਫੋਰਸ ਨਾ ਹੋਣ ਕਾਰਨ ਕਾਰਵਾਈ ਨਹੀਂ ਹੋ ਸਕੀ। ਅੱਜ ਫਿਰ ਕਾਰਵਾਈ ਕਰਨਗੇ।