ਆਪਣੀ ਸਰਕਾਰ ਦਾ ਪਹਿਲਾ ਮਹੀਨਾ ਪੂਰਾ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਰਾਹੀਂ ਮੁਫਤ ਬਿਜਲੀ ਸਕੀਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। SC, BC, BPL, ਆਜ਼ਾਦੀ ਘੁਲਾਟੀਆਂ ਨੂੰ ਪਹਿਲਾਂ ਦੋ ਸੌ ਯੂਨਿਟ ਮੁਫਤ ਬਿਜਲੀ ਮਿਲਦੀ ਸੀ, ਹੁਣ ਇਹ ਵਧਾ ਕੇ 300 ਯੂਨਿਟ ਕਰ ਦਿੱਤੀ ਗਈ ਹੈ। ਹੁਣ ਲੋਕਾਂ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਮਾਫ਼ ਕੀਤੇ ਜਾਣਗੇ। ਇਸ ਤੋਂ ਉੱਪਰ ਖਰਚ ਕੀਤੇ ਯੂਨਿਟਾਂ ਦੀ ਗਿਣਤੀ ਦਾ ਬਿੱਲ ਆਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 31 ਦਸੰਬਰ 2021 ਤਕ ਦੋ ਕਿਲੋਵਾਟ ਤਕ ਦੇ ਖਪਤਕਾਰਾਂ ਦੇ ਸਮੁੱਚੇ ਬਕਾਇਆ ਬਿੱਲ ਮਾਫ਼ ਕਰ ਦਿੱਤੇ ਗਏ ਹਨ। ਮਾਨ ਨੇ ਕਿਹਾ ਕਿ ਅਮੀਰ ਪਰਿਵਾਰਾਂ ਨੂੰ ਵੀ 600 ਯੂਨਿਟ ਦਾ ਲਾਭ ਮਿਲੇਗਾ ਪਰ ਜੇਕਰ ਉਨ੍ਹਾਂ ਦੀ ਖਪਤ 601 ਹੈ ਤਾਂ ਪੂਰਾ ਬਿੱਲ ਵਸੂਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਿਜਲੀ ਦੀ ਖਪਤ ਘਟਾ ਕੇ ਇਸ ਰਕਮ ਦੀ ਬੱਚਤ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਬਿੱਲ ਤੋਂ ਜਿੰਨਾ ਪੈਸਾ ਬਚੇਗਾ, ਲੋਕਾਂ ਨੂੰ ਆਪਣੇ ਬੱਚਿਆਂ ਦੀ ਬਿਹਤਰ ਸਿੱਖਿਆ ‘ਤੇ ਖਰਚ ਕਰਨਾ ਚਾਹੀਦਾ ਹੈ।
ਸਨਅਤੀ ਤੇ ਵਪਾਰਕ ਬਿਜਲੀ ਦਰਾਂ ‘ਚ ਕੋਈ ਵਾਧਾ ਨਹੀਂ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਪਾਰਕ ਅਤੇ ਉਦਯੋਗਿਕ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਜੋ ਸਬਸਿਡੀ ਮਿਲਦੀ ਹੈ, ਉਹ ਮਿਲਦੀ ਰਹੇਗੀ। ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦੇ ਹਰ ਵਰਗ ਨੂੰ 24 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ। ਦੇਸ਼ ਦੀ ਸਭ ਤੋਂ ਸਸਤੀ ਬਿਜਲੀ ਪੰਜਾਬ ‘ਚ ਮਿਲੇਗੀ।
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਵਰਗੇ ਸੂਬੇ, ਜੋ ਆਪਣੇ ਦਮ ‘ਤੇ ਬਿਜਲੀ ਪੈਦਾ ਕਰਦਾ ਹੈ, ਦੇ ਲੋਕਾਂ ਨੂੰ ਇੰਨੀ ਮਹਿੰਗੀ ਬਿਜਲੀ ਕਿਉਂ ਮਿਲ ਰਹੀ ਹੈ। ਉਧਰ ਦਿੱਲੀ ਬਿਜਲੀ ਖਰੀਦਦੀ ਹੈ ਪਰ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲ ਰਹੀ ਹੈ। ਦਿੱਲੀ ਦੇ 73 ਫੀਸਦੀ ਵਾਸੀ ਸਸਤੀ ਬਿਜਲੀ ਦਾ ਫਾਇਦਾ ਉਠਾ ਰਹੇ ਹਨ।
ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਬਿਜਲੀ ਨਿਗਮ ‘ਚ ਨਵੇਂ 718 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੁੱਖ ਮੰਤਰੀ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ਕੰਮ ਨਿਰਪੱਖ ਢੰਗ ਨਾਲ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੁਲਾਜ਼ਮਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜੋ ਪੰਜਾਬ ਦੇ ਨਵ-ਨਿਰਮਾਣ ਵਿੱਚ ਯੋਗਦਾਨ ਪਾਉਣਗੇ।