ਕਣਕ ਦੀ ਉਪਜ ਘਟਣ ਲਈ ਕੇਂਦਰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ : ਬੀਬੀ ਰਾਜਵਿੰਦਰ ਕੌਰ ਰਾਜੂ
ਬੀਬੀ ਰਾਜੂ ਨੇ ਇਹ ਵੀ ਮੰਗ ਕੀਤੀ ਕਿ ਕੇਂਦਰ ਵੱਲੋਂ 23 ਫ਼ਸਲਾਂ ਲਈ ਐਲਾਨੇ ਜਾਂਦੇ ਐਮ.ਐਸ.ਪੀ. ਤੋਂ ਇਲਾਵਾ ਬਾਕੀ ਬਚਦੀਆਂ ਤਮਾਮ ਫ਼ਸਲਾਂ/ਪੈਦਾਵਾਰਾਂ ਜਿਵੇਂ ਕਿ ਸਬਜ਼ੀਆਂ, ਫ਼ਲ, ਦੁੱਧ ਅਤੇ ਮੱਛੀ ਆਦਿ ਲਈ ਵੀ ਘੱਟੋ-ਘੱਟ ਸਮਰਥਨ ਕੀਮਤ ਦਾ ਐਲਾਨ ਕੀਤਾ ਜਾਵੇ ਅਤੇ ਉਸੇ ਕੀਮਤ ‘ਤੇ ਹੀ ਪੈਦਾਵਾਰ ਖਰੀਦਣ ਦੀ ਗਾਰੰਟੀ ਕੀਤੀ ਜਾਵੇ।
ਮਹਿਲਾ ਕਿਸਾਨ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਐਤਕੀ ਵੱਧ ਗਰਮੀ ਕਾਰਨ ਕਣਕ ਦੇ ਝਾੜ ਵਿੱਚ ਆਈ ਕਮੀ ਅਤੇ ਦਾਣੇ ਮਾਜੂ ਰਹਿਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ ਅਤੇ ਨਿਰਧਾਰਤ ਖਰੀਦ ਮਾਪਦੰਡਾਂ ਵਿੱਚ ਲੋੜ ਅਨੁਸਾਰ ਛੋਟ ਦਿੰਦਿਆਂ ਮੰਡੀਆਂ ਵਿੱਚੋਂ ਦਾਣੇ-ਦਾਣੇ ਦੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ।
ਮਹਿਲਾ ਕਿਸਾਨ ਨੇਤਾ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਇਸ ਵਾਰ ਹਾੜੀ ਦੇ ਸੀਜ਼ਨ ਦੌਰਾਨ ਰਿਕਾਰਡਤੋੜ ਗਰਮੀ ਪੈਣ ਕਾਰਨ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਹਰ ਕਿਸਾਨ ਨੂੰ ਪ੍ਰਤੀ ਏਕੜ ਪੰਜ ਤੋਂ ਅੱਠ ਕੁਇੰਟਲ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਇਸ ਤਰਾਂ ਕਿਸਾਨਾਂ ਦੀ ਆਮਦਨ ਵਧਣ ਦੀ ਬਜਾਏ ਘਟ ਗਈ ਹੈ। ਉਨ੍ਹਾਂ ਕੇਂਦਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਨੁਕਸਾਨ ਦੀ ਪੂਰਤੀ ਲਈ ਤੁਰੰਤ ਆਰਥਿਕ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।
ਬੀਬੀ ਰਾਜੂ ਨੇ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ ਕਣਕ ਦੇ ਸੁੰਗੜੇ ਦਾਣੇ ਵਾਲੀ ਖਰੀਦੀ ਹੋਈ ਜਿਣਸ ਦੀ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਝਾੜ ਘੱਟ ਨਿਕਲਣ ਕਾਰਨ ਪ੍ਰੇਸ਼ਾਨ ਹਨ ਉਥੇ ਕੇਂਦਰ ਸਰਕਾਰ ਦੇ ਨਵੇਂ ਫ਼ੈਸਲੇ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਅਤੇ ਖਰੀਦੀ ਹੋਈ ਕਣਕ ਨਾ ਚੁੱਕੇ ਜਾਣ ਕਰਕੇ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ।
ਮਹਿਲਾ ਨੇਤਾ ਬੀਬੀ ਰਾਜੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਉਹ ਤੁਰੰਤ ਦਖ਼ਲ ਦੇ ਕੇ ਕੇਂਦਰ ਸਰਕਾਰ ਨੂੰ ਕਣਕ ਦੀ ਘੱਟ ਪੈਦਾਵਾਰ ਹੋਣ ਕਾਰਨ ਮੁਆਵਜ਼ਾ ਦੇਣ ਲਈ ਜ਼ੋਰ ਪਾਉਣ ਅਤੇ ਕਿਸਾਨਾਂ ਨੂੰ ਮੰਡੀਆਂ ਅੰਦਰ ਕਣਕ ਵੇਚਣ ਵਿੱਚ ਆ ਰਹੀ ਵੱਡੀ ਪਰੇਸ਼ਾਨੀ ਤੋਂ ਬਚਾਉਣ ਅਤੇ ਸੁਚਾਰੂ ਖ਼ਰੀਦ ਕਰਵਾਈ ਜਾਵੇ।
ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਅਨ ਦੀ ਜਨਰਲ ਸਕੱਤਰ ਦਵਿੰਦਰ ਕੌਰ, ਪਰਮਵੀਰ ਕੌਰ, ਕੁਲਵਿੰਦਰ ਕੌਰ, ਰਾਜਬੀਰ ਕੌਰ, ਜਸ਼ਨਪ੍ਰੀਤ ਕੌਰ, ਦਲਜਿੰਦਰ ਕੌਰ, ਹਰਮੇਸ਼ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਸਨਦੀਪ ਕੌਰ, ਮਨਜੀਤੀ, ਪਰਮਜੀਤ ਕੌਰ, ਕਮਲੇਸ਼, ਰਾਣੀ, ਰਾਜਵਿੰਦਰ ਕੌਰ ਸ਼ੇਰਗਿੱਲ, ਕਿਰਪਾਲ ਕੌਰ, ਹਰਮੀਤ ਕੌਰ, ਪਰਮਜੀਤ ਕੌਰ, ਹਰਨਿੰਦਰ ਕੌਰ, ਸ਼ਲਿੰਦਰ ਕੌਰ, ਰਾਜ ਕੌਰ, ਸ਼ਾਤੀ ਦੇਵੀ ਵੀ ਮੌਜੂਦ ਸਨ।