ਕੇਸਰੀ ਨਿਊਜ਼ ਨੈੱਟਵਰਕ : ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ‘ਚ ਸੋਮਵਾਰ ਰਾਤ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ 5 ਯਾਤਰੀਆਂ ਦੀ ਮੌਤ ਹੋ ਗਈ। ਜਦਕਿ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।
ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਬਟੂਵਾ ਪਿੰਡ ਵਿੱਚ ਸੋਮਵਾਰ ਰਾਤ ਨੂੰ ਵਾਪਰੀ। ਚਸ਼ਮਦੀਦਾਂ ਅਨੁਸਾਰ ਮ੍ਰਿਤਕ ਕੋਇੰਬਟੂਰ-ਸਿਲਚਰ ਐਕਸਪ੍ਰੈਸ (ਨੰਬਰ 12515) ਰੇਲਗੱਡੀ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਉਸ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਇਸ ਦੌਰਾਨ ਚੇਨ ਖਿੱਚ ਲਈ।
ਇਸ ਤੋਂ ਬਾਅਦ ਉਹ ਰੇਲਗੱਡੀ ਤੋਂ ਹੇਠਾਂ ਉਤਰ ਕੇ ਟਰੈਕ ‘ਤੇ ਖੜ੍ਹੇ ਹੋ ਗਏ। ਉਦੋਂ ਹੀ ਉਲਟ ਦਿਸ਼ਾ ਤੋਂ ਇਕ ਹੋਰ ਰੇਲਗੱਡੀ ਕੋਨਾਰਕ ਐਕਸਪ੍ਰੈਸ ਆਈ ਅਤੇ ਉਨ੍ਹਾਂ ਨੂੰ ਕੁਚਲ ਕੇ ਰਵਾਨਾ ਹੋ ਗਈ। ਇਹ ਟਰੇਨ ਭੁਵਨੇਸ਼ਵਰ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ।