ਕੇਸਰੀ ਨਿਊਜ਼ ਨੈੱਟਵਰਕ : ਅਮਰੀਕਾ ਨੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਰੂਸ ਨਾਲ ਹਥਿਆਰਾਂ ਦਾ ਕੋਈ ਵੀ ਵੱਡਾ ਸਮਝੌਤਾ ਕਰਨ ਤੋਂ ਪਰਹੇਜ਼ ਕਰਨ। ਭਾਰਤ ਅਤੇ ਅਮਰੀਕਾ ਵਿਚਾਲੇ ਟੂ ਪਲੱਸ ਟੂ ਵਾਰਤਾ ਤੋਂ ਬਾਅਦ ਆਯੋਜਿਤ ਸੰਯੁਕਤ ਪ੍ਰੈੱਸ ਕਾਨਫਰੰਸ ‘ਚ ਅਮਰੀਕੀ ਪੱਖ ਤੋਂ ਇਹ ਗੱਲ ਕਹੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਰੱਖਿਆ ਮੰਤਰੀ ਵਾਸ਼ਿੰਗਟਨ ਦੇ ਪੰਜ ਦਿਨਾਂ ਦੌਰੇ ‘ਤੇ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਉੱਥੇ ਮੌਜੂਦ ਸਨ। ਟੂ ਪਲੱਸ ਟੂ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਮੁੱਦਿਆਂ ‘ਤੇ ਗੱਲਬਾਤ ਹੋਈ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਸਾਰੇ ਦੇਸ਼ਾਂ ਨੂੰ ਰੂਸ ਨਾਲ ਹਥਿਆਰਾਂ ਦਾ ਨਵਾਂ ਸੌਦਾ ਨਾ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ ਜਿਸ ਤਰ੍ਹਾਂ ਰੂਸ ਯੂਕਰੇਨ ‘ਤੇ ਜੰਗ ਥੋਪ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਬਲਿੰਕਨ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਅਮਰੀਕਾ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਖਰੀਦ ਤੋਂ ਬਾਅਦ ਭਾਰਤ ‘ਤੇ ਪਾਬੰਦੀਆਂ ਲਗਾਉਣ ‘ਤੇ ਵਿਚਾਰ ਕਰੇਗਾ। ਇਸ ਸਵਾਲ ਦੇ ਜਵਾਬ ਵਿੱਚ ਬਲਿੰਕਨ ਨੇ ਕਿਹਾ ਕਿ ਉਹ ਫਿਲਹਾਲ ਇਸ ਗੱਲ ‘ਤੇ ਕੰਮ ਕਰ ਰਹੇ ਹਨ ਕਿ CAATSA ਨਿਯਮਾਂ ਤਹਿਤ ਪਾਬੰਦੀਆਂ ਲਗਾਈਆਂ ਜਾਣ ਜਾਂ ਨਾ। ਉਨ੍ਹਾਂ ਇਹ ਵੀ ਮੰਨਿਆ ਕਿ ਭਾਰਤ ਅਤੇ ਰੂਸ ਦੇ ਸਬੰਧ ਬਹੁਤ ਪੁਰਾਣੇ ਅਤੇ ਬਹੁਤ ਮਜ਼ਬੂਤ ਹਨ। ਭਾਰਤ ਅਤੇ ਰੂਸ ਵਿਚਾਲੇ ਹਥਿਆਰਾਂ ਦੇ ਵਪਾਰ ਦਾ ਲੰਮਾ ਇਤਿਹਾਸ ਰਿਹਾ ਹੈ।
ਬਲਿੰਕਨ ਨੇ ਕਿਹਾ ਕਿ ਇਹ ਉਦੋਂ ਸੰਭਵ ਹੈ ਜਦੋਂ ਅਸੀਂ ਇੱਕ ਦੂਜੇ ਦੇ ਸਾਥੀ ਬਣਨਾ ਚਾਹੁੰਦੇ ਹਾਂ। ਅਸੀਂ ਦੋਵੇਂ ਇਸ ਸਮੇਂ ਇਹੀ ਚਾਹੁੰਦੇ ਹਾਂ ਅਤੇ ਅਮਰੀਕਾ ਭਾਰਤ ਦਾ ਸੁਰੱਖਿਆ ਭਾਈਵਾਲ ਬਣਨਾ ਚਾਹੁੰਦਾ ਹੈ। ਇਸ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰੀਕਾ ਦੇ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਕਿਹਾ ਕਿ ਭਾਰਤ ਨਾਲ ਅਮਰੀਕਾ ਦੀ ਗੱਲਬਾਤ ਵਿੱਚ ਫੌਜ ਨੂੰ ਅਪਗ੍ਰੇਡ ਕਰਨ ਬਾਰੇ ਵੀ ਗੱਲ ਹੋਈ ਹੈ। ਅਮਰੀਕਾ ਭਾਰਤ ਨੂੰ ਸਸਤੇ ਭਾਅ ‘ਤੇ ਹਥਿਆਰ ਵੇਚਣ ਦੀ ਤਿਆਰੀ ਕਰ ਰਿਹਾ ਹੈ।
ਭਵਿੱਖ ਦੀਆਂ ਤਿਆਰੀਆਂ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਆਸਟਿਨ ਨੇ ਕਿਹਾ ਕਿ ਉਹ ਇਸ ਸਬੰਧੀ ਭਾਰਤ ਦੇ ਸੰਪਰਕ ‘ਚ ਹਨ। ਅਮਰੀਕਾ ਦੇਖੇਗਾ ਕਿ ਉਹ ਭਾਰਤ ਦੀ ਫੌਜ ਨੂੰ ਹੋਰ ਅਪਗ੍ਰੇਡ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ। ਦੱਸ ਦੇਈਏ ਕਿ ਯੂਕਰੇਨ-ਰੂਸ ਵਿਵਾਦ ‘ਚ ਭਾਰਤ ਨੇ ਖੁਦ ਨੂੰ ਨਿਰਪੱਖ ਰੱਖਿਆ ਹੋਇਆ ਹੈ। ਭਾਰਤ ਨੇ ਹੁਣ ਤਕ ਰੂਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ‘ਤੇ ਆਪਣੀ ਸਹਿਮਤੀ ਨਹੀਂ ਦਿੱਤੀ ਹੈ।