ਜਲੰਧਰ 11 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ): ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ ਮਿਤੀ 12-04-2022 ਨੂੰ ਸਸਟੇਨੇਬਲ ਫੈਸ਼ਨ ਨੂੰ ਸਮਰਪਿਤ ਇਕ ਬਹੁ ਰੰਗੀ ਫੈਸ਼ਨ ਫੀਏਸਟਾ ਸੁਕ੍ਰਿਤੀ-22 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ । ਮਹਿਲਾ ਸਸ਼ਕਤੀਕਰਨ ਦੀ ਨੁਮਾਇੰਦਗੀ ਕਰਦੇ ਇਸ ਸ਼ੋਅ ਦੇ ਵਿੱਚ ਸਿਰਜਣਾਤਮਕਤਾ, ਸੁੰਦਰਤਾ ਅਤੇ ਦਿਲ ਖਿੱਚਵੇਂ ਰੰਗਾਂ ਦਾ ਸੁਮੇਲ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਵੱਖ-ਵੱਖ ਪਹਿਰਾਵਿਆਂ ਰਾਹੀਂ ਵੇਖਣ ਨੂੰ ਮਿਲੇਗਾ। ਵਰਨਣਯੋਗ ਹੈ ਕਿ ਇਸ ਸ਼ੋਅ ਦੀ ਵੱਡੀ ਸਫਲਤਾ ਦੇ ਲਈ ਵਿਦਿਆਲਾ ਦੇ 500 ਤੋਂ ਵੀ ਵੱਧ ਮਾਡਲਜ਼ ਅਤੇ ਡਿਜ਼ਾਈਨਰਜ਼ ਦਿਨ-ਰਾਤ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਕੰਮ ਕਰ ਰਹੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੰਨਿਆ ਮਹਾਂ ਵਿਦਿਆਲਾ ਦੀ ਇਹ ਸਾਲਾਨਾ ਵਿਸ਼ੇਸ਼ਤਾ ਇਸ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਉੱਚ ਪੱਧਰੀ ਕੰਪਨੀਆਂ ਦੁਆਰਾ ਸਪਾਂਸਰ ਕੀਤੀ ਗਈ ਹੈ। ਅੱਗੇ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕੇ.ਐੱਮ.ਵੀ. ਦਾ ਇਹ ਮੈਗਾ ਈਵੈਂਟ ਸਮੁੱਚੇ ਉੱਤਰ ਭਾਰਤ ਦੇ ਵਿੱਚ ਆਪਣੀ ਸ਼ਾਨਦਾਰ ਪੇਸ਼ਕਾਰੀ ਅਤੇ ਉੱਤਮਤਾ ਦੇ ਲਈ ਪਛਾਣਿਆ ਜਾਂਦਾ ਹੈ। ਵਰਨਣਯੋਗ ਹੈ ਕਿ ਵਿਦਿਆਰਥਣਾਂ ਦੀ ਰਚਨਾਤਮਕਤਾ ਨੂੰ ਇਕ ਵਿਸ਼ੇਸ਼ ਮੰਚ ਪ੍ਰਦਾਨ ਕਰਦੇ ਇਸ ਫੈਸ਼ਨ ਸ਼ੋਅ ਦੇ ਵਿਚ ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਜਿਵੇਂ:- ਫੈਸ਼ਨ ਡਿਜ਼ਾਈਨਿੰਗ, ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ, ਕੌਸਮੈਟੋਲੋਜੀ, ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਫਾਇਨ ਆਰਟਸ ਆਦਿ ਦੁਆਰਾ ਸਾਂਝੇ ਯਤਨ ਕੀਤੇ ਜਾ ਰਹੇ ਹਨ। ਉੱਭਰ ਰਹੇ ਡਿਜ਼ਾਈਨਰਜ਼ ਦੁਆਰਾ ਤਿਆਰ ਕੀਤੇ ਵਿਸ਼ਵ ਪੱਧਰੀ ਡਿਜ਼ਾਈਨਜ਼ ਨੂੰ ਪ੍ਰਦਰਸ਼ਿਤ ਕਰਦੇ ਪਹਿਰਾਵਿਆਂ ਦਾ ਆਤਮਵਿਸ਼ਵਾਸ ਨਾਲ ਭਰੀਆਂ ਹੋਈਆਂ ਮਾਡਲਸ ਰੈਂਪ ‘ਤੇ ਆਪਣੀ ਖੂਬਸੂਰਤ ਪੇਸ਼ਕਾਰੀ ਕਰਨਗੀਆਂ। 08 ਰਾਊਂਡਜ਼ ਵਿੱਚ ਵੰਡੇ ਹੋਏ ਇਸ ਪ੍ਰੋਗਰਾਮ ਦੇ ਹਰੇਕ ਰਾਊਂਡ ਦੇ ਵਿੱਚ ਦਰਸ਼ਕਾਂ ਅਤੇ ਜੱਜਾਂ ਨੂੰ ਰਵਾਇਤੀ ਪਹਿਰਾਵਿਆਂ, ਆਫਿਸ ਵੀਅਰਜ਼, ਵੈਸਟਰਨ ਡ੍ਰੈਸੇਜ਼, ਈਵਨਿੰਗ ਗਾਊਨਜ਼, ਇੰਡੋ-ਵੈਸਟਰਨ ਸਟਾਈਲ, ਸ਼ਾਰਟ ਸਕਰਟਸ, ਇਨੋਵੇਟਿਵ ਸਾੜੀ ਡ੍ਰੇਪਸ, ਲਹਿੰਗਾ ਆਦਿ ਦੇ ਵਿੱਚ ਕੁਝ ਨਵੀਂ ਕਲਾਕਾਰੀ ਅਤੇ ਰਚਨਾਤਮਕਤਾ ਵੇਖਣ ਨੂੰ ਮਿਲੇਗੀ। ਮੈਡਮ ਪ੍ਰਿੰਸੀਪਲ ਨੇ ਉੱਭਰਦੇ ਹੋਏ ਡਿਜ਼ਾਈਨਰਸ ਅਤੇ ਮਾਡਲਸ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ਹਿਰ ਦੇ ਪਤਵੰਤਿਆਂ ਨੂੰ ਇਸ ਮੈਗਾ ਈਵੈਂਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।