Center and state governments will work together for national security: Bhagwant Mann
ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕੱਠਿਆਂ ਫਾਜ਼ਿਲਕਾ ਦਾ ਦੌਰਾ
ਕਿਹਾ ਪੰਜਾਬ ਪੁਲਿਸ ਨੂੰ ਦਿੱਤੀ ਜਾਵੇਗੀ ਹਰ ਸਹੂਲਤ, ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੋ ਵੀ ਕਰਨਾ ਪਵੇ, ਉਹ ਕਰਾਂਗੇ
ਫਾਜਿ਼ਲਕਾ, 9 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)-ਰਾਜ ਦੇ 6 ਸਰਹੱਦੀ ਜਿ਼ਲ੍ਹਿਆਂ ਵਿਚ ਕੌਮੀ ਸੁਰੱਖਿਆ ਤੇ ਵਿਸੇਸ਼ ਧਿਆਨ ਕੇਂਦਰਤ ਕਰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸ਼ਨੀਵਾਰ ਨੂੰ ਕੇਂਦਰੀ ਅਤੇ ਰਾਜ ਸੁਰੱਖਿਆ ਏਂਜਸੀਆਂ ਵਿਚਕਾਰ ਆਪਸੀ ਤਾਲਮੇਲ ਦੀ ਲੋੜ ਤੇ ਵਿਸੇਸ਼ ਜ਼ੋਰ ਦਿੱਤਾ ਤਾਂ ਜ਼ੋ ਦੇਸ਼ ਦੀ ਏਕਤਾ ਅਤੇ ਅੰਖਡਤਾ ਨੂੰ ਹਰ ਹਾਲ ਕਾਇਮ ਰੱਖਿਆ ਜਾ ਸਕੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੁੱਖ ਮੰਤਰੀ ਸ: ਭਗਵੰਤ ਮਾਨ ਦੇ ਨਾਲ ਸਰੱਹਦੀ ਜਿ਼ਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦੇ ਨਾਲ ਨਾਲ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਰਾਜਪਾਲ ਨੇ ਕਿਹਾ, “ਮੀਟਿੰਗ ਦਾ ਮੁੱਖ ਏਜੰਡਾ ਇਨ੍ਹਾਂ ਜਿ਼ਲ੍ਹਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਮਜ਼ਬੂਤ ਤੰਤਰ ਤਿਆਰ ਕਰਨਾ ਸੀ, ਖ਼ਾਸਕਰ ਜਦੋਂ ਗੁਆਂਢੀ ਦੇਸ਼ ਡਰੋਨਾਂ ਰਾਹੀਂ ਨਸਿ਼ਆਂ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਵਿੱਚ ਸੰਕਟ ਪੈਦਾ ਕਰਨ ਦੇ ਤਰੀਕੇ ਲੱਭ ਰਿਹਾ ਹੈ,” ਰਾਜਪਾਲ ਨੇ ਅੱਗੇ ਕਿਹਾ, ਇਸ ਸਬੰਧ ਵਿੱਚ ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਸਰਹੱਦ ਪਾਰੋਂ ਆਏ ਨਸ਼ੇ ਸਕੂਲ ਜਾਣ ਵਾਲੇ ਬੱਚਿਆਂ ਦੇ ਹੱਥਾਂ ਤੱਕ ਪੁੱਜ ਜਾਣ ਤੇ ਚਿੰਤਾ ਜ਼ਾਹਰ ਕਰਦਿਆਂ ਰਾਜਪਾਲ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਅਜਿਹੀ ਨਾਪਾਕ ਗਤੀਵਿਧੀ ਧਿਆਨ ਵਿਚ ਆਉਣ ਤੇ ਤੁਰੰਤ ਇਸਦੀ ਸੂਚਨਾ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਦੇਣ ਲਈ ਕਿਹਾ।
ਰਾਜਪਾਲ ਨੇ ਅੱਗੇ ਦੱਸਿਆ ਕਿ ਨੌਜਵਾਨਾਂ, ਖਾਸ ਕਰਕੇ ਸਰਹੱਦੀ ਖੇਤਰਾਂ ਨਾਲ ਸਬੰਧਤ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਜਲਦੀ ਹੀ ਅਗਨੀਪਥ ਨਾਂ ਦੀ ਇੱਕ ਸਕੀਮ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਵਿੱਚ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਤੋਂ ਇਲਾਵਾ ਫੌਜ ਵਿੱਚ 4 ਸਾਲ ਲਈ ਰੁਜ਼ਗਾਰ ਵੀ ਦਿੱਤਾ ਜਾਵੇਗਾ। ਰਾਜਪਾਲ ਨੇ ਅੱਗੇ ਕਿਹਾ “ਮੈਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹਿੱਤਾਂ ਦੇ ਮੁੱਦੇ ਭਾਰਤ ਸਰਕਾਰ ਕੋਲ ਉਠਾਉਣ ਲਈ ਕੀਤੇ ਗਏ ਹਰ ਯਤਨ ਨੂੰ ਦਿਲੋਂ ਸਮਰਥਨ ਦੇਵਾਂਗਾ”, ਰਾਜਪਾਲ ਨੇ ਇਹ ਵੀ ਕਿਹਾ ਕਿ ਉਹ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਹਰ 3 ਮਹੀਨਿਆਂ ਬਾਅਦ ਸਰਹੱਦੀ ਜਿਲਿਆਂ ਦਾ ਦੌਰਾ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ (ਫਾਜਿ਼ਲਕਾ) ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ (ਜਲਾਲਾਬਾਦ) ਜਗਦੀਪ ਕੰਬੋਜ, ਵਿਧਾਇਕ (ਬੱਲੂਆਣਾ) ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਡੀ.ਜੀ.ਪੀ ਵੀ.ਕੇ. ਭਾਵੜਾ, ਪ੍ਰਮੁੱਖ ਸਕੱਤਰ (ਯੋਜਨਾ) ਰਾਜ ਕਮਲ ਚੌਧਰੀ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ ਬਾਲਾਮੁਰੂਗਨ, ਫਿਰੋਜ਼ਪੁਰ ਡਿਵੀਜ਼ਨ ਦੇ ਕਮਿਸ਼ਨਰ ਡੀ.ਐਸ.ਮਾਂਗਟ, ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐਸਡੀਐਮ ਰਵਿੰਦਰ ਸਿੰਘ ਅਰੋੜਾ, ਸ੍ਰੀ ਅਮਿਤ ਗੁਪਤਾ, ਸ੍ਰੀ ਦੇਵਦਰਸ਼ ਦੀਪ ਸਿੰਘ ਵੀ ਹਾਜਰ ਸਨ।