ਜਲੰਧਰ (ਕੇਸਰੀ ਨਿਊਜ਼ ਨੈੱਟਵਰਕ )-ਪੰਜਾਬ ਵਿਧਾਨ ਸਭਾ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੇ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਪਾਰਟੀ ਦੀ ਕਮਾਨ ਨੌਜਵਾਨ ਆਗੂਆਂ ਦੇ ਹੱਥਾਂ ਵਿੱਚ ਸੌਂਪ ਦਿੱਤੀ ਹੈ। ਪਾਰਟੀ ਵੱਲੋਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ, ਜਦੋਂਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹੋਣਗੇ।
ਇਸ ਸਮੇਂ ਬਾਜਵਾ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਵਿਧਾਇਕ ਹਨ, ਜੋ ਚਾਰ ਵਾਰ ਵਿਧਾਨ ਸਭਾ ਦੇ ਮੈਂਬਰ ਹੋਣ ਦੇ ਨਾਲ-ਨਾਲ ਲੋਕ ਸਭਾ ਅਤੇ ਦੋ ਵਾਰ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ।
ਕਾਂਗਰਸ ਪਾਰਟੀ ਦੀ ਇਸ ਕਾਰਵਾਈ ਕਾਰਨ ਮਾਝਾ ਦੇ ਕਈ ਪ੍ਰਮੁੱਖ ਲੀਡਰਾਂ ਨੂੰ ਝਟਕਾ ਲੱਗਾ ਹੈ। ਮਾਝਾ ਖੇਤਰ ਦੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਵਿੰਦਰ ਸਿੰਘ ਸਰਕਾਰੀਆ ਵਿਰੋਧੀ ਧਿਰ ਦੇ ਨੇਤਾ ਅਤੇ ਪਾਰਟੀ ਪ੍ਰਧਾਨ ਦੀ ਦੌੜ ਵਿੱਚ ਸਨ, ਪਰ ਪਾਰਟੀ ਨੇ ਮਾਲਵੇ ਨੂੰ ਸੂਬੇ ਦੀ ਕਮਾਨ ਸੌਂਪ ਕੇ ਸਥਿਤੀ ਨੂੰ ਸਪੱਸ਼ਟ ਕਰ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਕਿਸੇ ਤੇਜ਼ ਤਰਾਰਆਗੂ ਦੇ ਹੱਥਾਂ ਵਿੱਚ ਕਮਾਂਡ ਦੇ ਕੇ ਮੁੜ ਤੋਂ ਉਛਾਲ ਲੈਣਾ ਚਾਹੁੰਦੀ ਹੈ।
ਪਾਰਟੀ ਹਾਈਕਮਾਂਡ ਦੇ ਲਏ ਗਏ ਫੈਸਲੇ ਤੋਂ ਬਾਦ ਪਾਰਟੀ ਦੇ ਵਿਵਾਦਿਤ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਖੰਭ ਕੁਤਰੇ ਗਏ ਹਨ । ਇਸ ਤੋਂ ਬਾਦ ਦੇਖਣਾ ਦਿਲਚਸਪ ਹੋਵੇਗਾ ਕਿ ਸ਼ੋ ਬਿਜਨਸ ਅਤੇ ਕ੍ਰਿਕਟ ਤੋਂ ਬਾਦ ਸਿਆਸਤ ਵਿਚ ਹਾਸ਼ੀਏ ਉੱਪਰ ਧਕੇਲੇ ਗਏ ਨਵਜੋਤ ਹੁਣ ਕਿਸ ਖੇਤਰ ਵਿਚ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕਰਦੇ ਹਨ ।