ਰੂਪਨਗਰ, (ਕੇਸਰੀ ਨਿਊਜ਼ ਨੈੱਟਵਰਕ): ਪਿੰਡ ਕੋਟਲਾ ਨਿਹੰਗ ਵਿਖੇ ਖੰਡਰ ਬਣ ਚੁਕੇ ਕੋਟਲਾ ਨਿਹੰਗ ਖ਼ਾਂ ਦੇ ਕਿਲ੍ਹੇ ਦੀ ਸੇਵਾ ਸੰਭਾਲ ਨੂੰ ਲੈ ਕੇ ਕਿਰਤੀ ਕਿਸਾਨ ਮੋਰਚਾ ਦੇ ਬੈਨਰ ਹੇਠ ਸ਼ੁੱਕਰਵਾਰ ਨੂੰ ਨਵੀਂ ਅਨਾਜ ਮੰਡੀ ਰੂਪਨਗਰ ਤੋਂ ਕੋਟਲਾ ਨਿਹੰਗ ਖ਼ਾਂ ਦੇ ਕਿਲ੍ਹੇ ਤਕ ਪੈਦਲ ਮਾਰਚ ਕੱਢ ਕੇ ਕਿਲ੍ਹੇ ਦਾ ਜਿੰਦਰਾ ਖੋਲ੍ਹਿਆ ਤੇ ਸੰਗਤਾਂ ਨੇ ਅੰਦਰ ਜਾ ਕੇ ਦਰਸ਼ਨ ਕੀਤੇ, ਨਿਸ਼ਾਨ ਸਾਹਿਬ ਚਡ਼੍ਹਾਇਆ ਤੇ ਅਰਦਾਸ ਬੇਨਤੀ ਕੀਤੀ। ਇਸ ਮੌਕੇ ਐੱਸਡੀਐੱਮ ਗੁਰਵਿੰਦਰ ਸਿੰਘ ਜੌਹਲ, ਡੀਐੱਸਪੀ ਰਵਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਸੀ।
ਇਸ ਮੌਕੇ ਕਿਰਤੀ ਕਿਸਾਨ ਮੋਰਚਾ ਤੇ ਹੋਰ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜ਼ਖ਼ਮੀ ਹੋਏ ਬਚਿੱਤਰ ਸਿੰਘ ਨਾਲ ਨਿਹੰਗ ਖ਼ਾਂ ਦੀ ਹਵੇਲੀ ਵਿਚ ਰੁਕੇ ਸਨ। ਜਿੱਥੇ ਨਿਹੰਗ ਖ਼ਾਂ ਨੇ ਜ਼ਖ਼ਮੀ ਬਚਿੱਤਰ ਸਿੰਘ ਦਾ ਇਲਾਜ ਕੀਤਾ ਤੇ ਮੁਗ਼ਲ ਫ਼ੌਜ ਤੋਂ ਬਚਾਉਣ ਲਈ ਉਨ੍ਹਾਂ ਨੂੰ ਆਪਣੀ ਬੇਟੀ ਮੁਮਤਾਜ ਦੇ ਕਮਰੇ ’ਚ ਪਾ ਕੇ ਮੁਗ਼ਲ ਫ਼ੌਜ ਨੂੰ ਕਿਹਾ ਕਿ ਇੱਥੇ ਮੇਰੀ ਧੀ ਤੇ ਜਵਾਈ ਪਏ ਹਨ। ਸਿੱਖ ਪੰਥ ਦੀ ਇਤਿਹਾਸਕ ਧਰੋਹਰ ਨਿਹੰਗ ਖ਼ਾਂ ਦੀ ਹਵੇਲੀ ਉੱਪਰ ਭੂ-ਮਾਫੀਆ ਵੱਲੋਂ ਕਬਜ਼ਾ ਕਰ ਕੇ ਉਸ ਨੂੰ ਤੋਡ਼ਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ। ਆਗੂੂਆਂ ਨੇ ਕਿਹਾ ਕਿ ਨਿਹੰਗ ਖ਼ਾਂ ਦੀਆਂ ਕਬਰਾਂ ਵਾਲੀ ਜਗ੍ਹਾ ਨੂੰ ਮਾਫ਼ੀਆ ਵੇਚ ਕੇ ਖੁਰਦ ਬੁਰਦ ਕਰ ਚੁੱਕਿਆ ਹੈ। ਇਸ ਕਿਲ੍ਹੇ ਨੂੰ ਮਾਫ਼ੀਆ ਤੋਂ ਆਜ਼ਾਦ ਕਰਵਾਉਣ ਲਈ ਕਿਰਤੀ ਕਿਸਾਨ ਮੋਰਚਾ ਰੋਪਡ਼ ਤੇ ਪੰਜਾਬ ਸਟੂਡੈਂਟਸ ਯੂਨੀਅਨ ਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਲ੍ਹਾ ਅੱਜ ਸੰਗਤ ਲਈ ਖੋਲ੍ਹਿਆ ਗਿਆ
ਇਸ ਮੌਕੇ ਪ੍ਰਸ਼ਾਸਨ ਨੇ ਆਗੂਆਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਪਰ ਵੱਡੀ ਗਿਣਤੀ ਸੰਗਤ ਨੇ ਕਿਲ੍ਹਾ ਖੋਲ੍ਹ ਦਿੱਤਾ। ਇਸ ਮੌਕੇ ਪ੍ਰਸ਼ਾਸਨ ਨੇ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਹੋਏ 15 ਦਿਨਾਂ ਦਾ ਸਮਾਂ ਮੰਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 15 ਦਿਨਾਂ ਬਾਅਦ ਇਸ ਮਸਲੇ ਨੂੰ ਪੂਰੀ ਤਰ੍ਹਾਂ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਆਗੂ ਵੀਰ ਸਿੰਘ ਬਡ਼ਵਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰੋਹਿਤ ਕੁਮਾਰ ਨੇ ਕਿਹਾ ਕਿ ਭੂ ਮਾਫ਼ੀਆ ਲਾਲਚ ਵਿਚ ਆ ਕੇ ਇਤਿਹਾਸਕ ਇਮਾਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿ ਇਨ੍ਹਾਂ ਯਾਦਗਾਰਾਂ ਤੋਂ ਪ੍ਰੇਰਣਾ ਲੈ ਕੇ ਹੀ ਨੌਜਵਾਨੀ ਸੰਘਰਸ਼ਾਂ ਵਿਚ ਹਿੱਸਾ ਲੈਂਦੀ ਹੈ, ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਯਾਦਗਾਰਾਂ ਨੂੰ ਬਚਾਉਣ ਲਈ ਕੋਈ ਧਿਆਨ ਨਹੀਂ ਦਿੱਤਾ। ਇਕ ਮੁਸਲਮਾਨ ਵੱਲੋਂ ਸਿੱਖ ਗੁਰੂਆਂ ਦੀ ਮਦਦ ਕਰਨਾ ਉਨ੍ਹਾਂ ਕੱਟਡ਼ਪੰਥੀਆਂ ਨੂੰ ਵੀ ਜਵਾਬ ਹੈ ਜੋ ਪੰਜਾਬ ਸਿੱਖ ਬਨਾਮ ਮੁਸਲਮਾਨ ਕਰਕੇ ਪੂਰੀ ਸਿੱਖ ਲਹਿਰ ਨੂੰ ਮੁਸਲਮਾਨਾਂ ਦੇ ਵਿਰੁੱਧ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿ ਇਹ ਯਾਦਗਾਰ ਇਕ ਭਾਈਚਾਰੇ ਦਾ ਚਿੰਨ੍ਹ ਹੈ ਜਿਸ ਨੂੰ ਸਲਾਮਤ ਰੱਖਣਾ ਹਰ ਪੰਜਾਬ ਵਾਸੀ ਦਾ ਫ਼ਰਜ਼ ਹੈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਨਿਹੰਗ ਖ਼ਾਂ ਯਾਦਗਾਰੀ ਟਰੱਸਟ ਬਣਾਇਆ ਜਾਵੇਗਾ। ਉਸ ਟਰੱਸਟ ਵੱਲੋਂ ਇਸ ਯਾਦਗਾਰ ਦੀ ਸਾਂਭ ਸੰਭਾਲ ਕੀਤੀ ਜਾਵੇਗੀ।
ਇਸ ਮੌਕੇ ਜਗਮਨਦੀਪ ਸਿੰਘ ਪਡ਼ੀ, ਜਥੇਦਾਰ ਸੰਤੋਖ ਸਿੰਘ ਅਸਮਾਨਪੁਰ, ਅਵਤਾਰ ਸਿੰਘ ਅਸਾਲਤਪੁਰ, ਦਵਿੰਦਰ ਸਰਥਲੀ, ਕੁਲਦੀਪ ਕੌਰ ਸਰਥਲੀ, ਜਰਨੈਲ ਸਿੰਘ ਮਗਰੌਡ਼ ਆਦਿ ਨੇ ਵੀ ਸੰਬੋਧਨ ਕੀਤਾ।