ਨਵੀਂ ਦਿੱਲੀ, ਬਿਜ਼ਨੈੱਸ ਡੈਸਕ (KNN): ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਰਬੀਆਈ ਨੇ ਭਾਰਤ ਦੇ ਸਾਰੇ ਬੈਂਕਾਂ ਦੇ ਸਾਰੇ ਏਟੀਐਮਾਂ ‘ਤੇ ਕਾਰਡ ਰਹਿਤ ਨਕਦ ਨਿਕਾਸੀ ਦੀ ਸਹੂਲਤ ਪ੍ਰਦਾਨ ਕਰਨ ਦਾ ਪ੍ਰਸਤਾਵ ਦਿੱਤਾ ਹੈ। ਆਰਬੀਆਈ ਗਵਰਨਰ ਤਿੰਨ ਦਿਨਾਂ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਦਾ ਐਲਾਨ ਕਰ ਰਹੇ ਸਨ। ਦਾਸ ਨੇ ਕਿਹਾ ਕਿ ਇਹ ਸਹੂਲਤ ਯੂਨੀਫਾਈਡ ਪੇਮੈਂਟਸ ਇੰਟਰਫੇਸ ਜਾਂ UPI ਰਾਹੀਂ ਉਪਲਬਧ ਕਰਵਾਉਣ ਦਾ ਪ੍ਰਸਤਾਵ ਹੈ।
ਮੌਜੂਦਾ ਸਮੇਂ ਏਟੀਐਮ ਰਾਹੀਂ ਕਾਰਡ ਰਹਿਤ ਨਕਦ ਨਿਕਾਸੀ ਦੀ ਸਹੂਲਤ ਸਿਰਫ ਕੁਝ ਬੈਂਕਾਂ ਤਕ ਸੀਮਤ ਹੈ। ਹੁਣ UPI ਦੀ ਵਰਤੋਂ ਕਰਦੇ ਹੋਏ ਸਾਰੇ ਬੈਂਕਾਂ ਅਤੇ ATM ਨੈੱਟਵਰਕਾਂ ‘ਤੇ ਕਾਰਡ ਰਹਿਤ ਨਕਦੀ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਸਤਾਵ ਹੈ। ਆਰਬੀਆਈ ਗਵਰਨਰ ਨੇ ਕਿਹਾ ਕਿ ਲੈਣ-ਦੇਣ ਦੀ ਸੌਖ ਲਈ ਅਤੇ ਅਜਿਹੇ ਲੈਣ-ਦੇਣ ਲਈ ਕਿਸੇ ਭੌਤਿਕ ਕਾਰਡ ਦੀ ਲੋੜ ਨਹੀਂ ਹੈ, ਇਹ ਕਾਰਡ ਸਕਿਮਿੰਗ, ਕਾਰਡ ਕਲੋਨਿੰਗ ਆਦਿ ਵਰਗੀਆਂ ਧੋਖਾਧੜੀਆਂ ਨੂੰ ਰੋਕਣ ਵਿੱਚ ਮਦਦ ਕਰੇਗਾ। ਸ਼ਕਤੀਕਾਂਤ ਦਾਸ ਨੇ ਇਹ ਵੀ ਐਲਾਨ ਕੀਤਾ ਕਿ ਆਰਬੀਆਈ ਨਿਯੰਤ੍ਰਿਤ ਸੰਸਥਾਵਾਂ ਵਿੱਚ ਗਾਹਕ ਸੇਵਾ ਮਿਆਰਾਂ ਦੀ ਸਮੀਖਿਆ ਕਰੇਗਾ।
ਕਾਰਡ ਰਹਿਤ ਨਿਕਾਸੀ ਸਹੂਲਤ ਕੀ ਹੈ?
ਜਿਵੇਂ ਕਿ ਨਾਂ ਤੋਂ ਪਤਾ ਲੱਗਦਾ ਹੈ ਕਿ ਕਾਰਡ ਰਹਿਤ ਕੈਸ਼ ਕਢਵਾਉਣ ਦੀ ਸਹੂਲਤ ਲਈ ਬੈਂਕ ਗਾਹਕ ਨੂੰ ਏਟੀਐਮ ਤੋਂ ਨਕਦ ਕਢਵਾਉਣ ਵੇਲੇ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਇਹ ਮੌਜੂਦਾ ਸਮੇਂ ਵੱਖ-ਵੱਖ ਬੈਂਕਾਂ ‘ਚ ਉਪਲਬਧ ਹੈ ਅਤੇ ਇਸ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਸੀ ਜਦੋਂ ਬਹੁਤ ਸਾਰੇ ਲੋਕ ATM ਵਿੱਚ ਨਹੀਂ ਜਾਣਾ ਚਾਹੁੰਦੇ ਸਨ।
ਐਸਬੀਆਈ, ਆਈਸੀਆਈਸੀਆਈ ਬੈਂਕ, ਐਕਸਿਸ ਬੈਂਕ ਤੇ ਬੈਂਕ ਆਫ਼ ਬੜੌਦਾ ਸਮੇਤ ਵੱਖ-ਵੱਖ ਬੈਂਕਾਂ ਦੇ ਕਾਰਡ ਧਾਰਕ ਆਪਣੇ ਡੈਬਿਟ ਕਾਰਡਾਂ ਤੋਂ ਬਿਨਾਂ ਵੀ ਆਪਣੇ ਫ਼ੋਨ ਰਾਹੀਂ ਨਕਦੀ ਕਢਵਾ ਸਕਦੇ ਹਨ। ਕਾਰਡਧਾਰਕ ਨੂੰ ਜ਼ਿਆਦਾਤਰ ਮੋਬਾਈਲ ਬੈਂਕਿੰਗ ਐਪ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਜੇਕਰ ਉਨ੍ਹਾਂ ਕੋਲ ਡੈਬਿਟ ਕਾਰਡ ਨਹੀਂ ਹੈ ਤਾਂ ATM ਤੋਂ ਨਕਦ ਕਢਵਾਉਣ ਲਈ ਬੇਨਤੀ ਕਰਨੀ ਪੈਂਦੀ ਹੈ।ਮਾਹਿਰਾਂ ਅਨੁਸਾਰ ਇਹ ਪ੍ਰਣਾਲੀ ਏਟੀਐਮ ਧੋਖਾਧੜੀ ‘ਤੇ ਰੋਕ ਲਗਾਵੇਗੀ, ਕਿਉਂਕਿ ਮੋਬਾਈਲ ਪਿੰਨ ਦੀ ਵਰਤੋਂ ਨਕਦੀ ਕਢਵਾਉਣ ਲਈ ਕੀਤੀ ਜਾਂਦੀ ਹੈ, ਕਾਰਡ ਰਹਿਤ ਨਕਦ ਨਿਕਾਸੀ ਪ੍ਰਣਾਲੀ ਨੂੰ ਕੰਮ ਕਰਨ ਲਈ ਯੂਪੀਆਈ ਸਹੂਲਤ ਦੀ ਵਰਤੋਂ ਕਰਨੀ ਪੈਂਦੀ ਹੈ।