ਪ੍ਰਸਿੱਧ ਕੱਥਕ ਨਿੱਤ ਕਲਾਕਾਰ ਗੁਰੂ ਸ੍ਰੀਮਤੀ ਮਾਲਤੀ ਸ਼ਿਆਮ ਨੇ ਬੇਹੱਦ ਖੂਬਸੂਰਤੀ ਨਾਲ ਕੱਥਕ ਨੂੰ ਕੀਤਾ ਪੇਸ਼
ਪ੍ਰੋਗਰਾਮ ਦੇ ਵਿੱਚ ਸ੍ਰੀਮਤੀ ਅਨੁਰਾਧਾ ਸੋੰਧੀ, ਸ਼੍ਰੀਮਤੀ ਨੀਰੂ ਕਪੂਰ ਅਤੇ ਸ੍ਰੀਮਤੀ ਸ਼ਿਵ ਮਿੱਤਲ, ਮੈਂਬਰ, ਕੇ.ਐਮ.ਵੀ. ਮੈਨੇਜਿੰਗ ਕਮੇਟੀ ਦੇ ਨਾਲ-ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਦਿਆਲਾ ਨੂੰ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਸਨਮਾਨ ਪ੍ਰਦਾਨ ਕਰਨ ਵਾਲੀਆਂ ਸਾਬਕਾ ਵਿਦਿਆਰਥਣਾਂ ਸ੍ਰੀਮਤੀ ਸੁਸ਼ਮਾ ਸੂਦ, ਸ੍ਰੀਮਤੀ ਨੀਨਾ ਚਾਹਲ ਦੇ ਨਾਲ-ਨਾਲ ਸ੍ਰੀਮਤੀ ਜੋਤੀ ਸੱਗੀ, ਹਰਸ਼ਿਤਾ ਸ਼ਰਮਾ ਆਦਿ ਨੇ ਵਿਸ਼ੇਸ਼ ਰੂਪ ਵਿੱਚ ਆਪਣੀ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਈਟੋਵਾਸ ਲੋਰੈਂਡ ਯੂਨੀਵਰਸਿਟੀ, ਹੰਗਰੀ ਤੋਂ ਡਾ. ਰੌਬਰਟ ਅਰਬਨ ਵੀ ਮੌਜੂਦ ਰਹੇ। ਪ੍ਰਸਿੱਧ ਤਬਲਾ ਵਾਦਕ ਸ੍ਰੀ ਪ੍ਰਦੀਪ ਪਾਠਕ ਦੇ ਨਾਲ ਸ੍ਰੀ ਅਤੁਲ ਸ਼ਰਮਾ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਵਾਈ। ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਨ੍ਰਿਤ ਵਿੱਚ ਮਨੋਵੇਗਾਂ ਅਤੇ ਵਿਚਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਜੀਵਨ ਦੇ ਲਈ ਜ਼ਰੂਰੀ ਵਿਹਾਰਕ ਸੰਤੁਲਨ ਦੀ ਹੀ ਪ੍ਰਤੀਕਾਤਮਕ ਅਭਿਵਿਅਕਤੀ ਹੈ।
ਉਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਅਤੇ ਪ੍ਰਾਚੀਨ ਨ੍ਰਿਤ ਸੰਗੀਤ ਸ਼ੈਲੀਆਂ ਨੂੰ ਸਾਂਭ-ਸੰਭਾਲ ਪ੍ਰਦਾਨ ਕਰ ਰਹੀ ਸੰਸਥਾ ਸਪਿਕ ਮੈਕੇ ਦੁਆਰਾ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਗੁਰੂ ਸ੍ਰੀਮਤੀ ਮਾਲਤੀ ਸ਼ਾਮ ਨੇ ਪ੍ਰਸਿੱਧ ਭਾਰਤੀ ਨ੍ਰਿਤ ਸ਼ੈਲੀ ਕਥਕ ਦੀ ਮੰਚ ‘ਤੇ ਪੇਸ਼ਕਾਰੀ ਕਰਦੇ ਹੋਏ ਇਸ ਦੇ ਨਾਲ ਸਬੰਧਿਤ ਵਿਭਿੰਨ ਮੁਦਰਾਵਾਂ ਜਿਵੇਂ:- ਤੀਨਤਾਲ, ਠਾਟ,ਉਡਾਨ, ਆਮਦ ਚੱਕਰ ਅਤੇ ਵਿਭਿੰਨ ਸ਼ੈਲੀਆਂ ਨੂੰ ਬੇਹੱਦ ਖੂਬਸੂਰਤੀ ਦੇ ਨਾਲ ਪੇਸ਼ ਕਰਦੇ ਹੋਏ ਸਮੂਹ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨ੍ਰਿਤ ਨੂੰ ਇੱਕ ਸਾਧਨਾ ਦੱਸਿਆ ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਪਹਿਲੂਆਂ ਵਿੱਚ ਇੱਕ ਸੰਤੁਲਨ ਦੀ ਕੜੀ ਹੈ।
ਅਗੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਨ੍ਰਿਤ ਕੇਵਲ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਇਹ ਜੀਵਨ ਦੇ ਵਿਭਿੰਨ ਮੁੱਲਾਂ ਨੂੰ ਦਰਸਾਉਣ ਦੀ ਸਮਰੱਥਾ ਰੱਖਦੇ ਹੋਏ ਕਲਾ ਅਤੇ ਵਿਗਿਆਨ ਦਾ ਸੁਮੇਲ ਵੀ ਹੈ। ਸ੍ਰੀਮਤੀ ਅਨੁਰਾਧਾ ਸੋੰਧੀ ਨੇ ਸ੍ਰੀਮਤੀ ਮਾਲਤੀ ਸ਼ਿਆਮ ਦੁਆਰਾ ਇਸ ਕੱਥਕ ਪ੍ਰਸਤੂਤੀ ਦੇ ਲਈ ਧੰਨਵਾਦ ਵਿਅਕਤ ਕੀਤਾ। ਮੈਡਮ ਪ੍ਰਿੰਸੀਪਲ ਨੇ ਇਸ ਸਫਲ ਆਯੋਜਨ ਦੇ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈੱਲਫੇਅਰ ਅਤੇ ਡਾ. ਪੂਨਮ ਸ਼ਰਮਾ, ਡੀਨ, ਫੈਕਲਟੀ ਆਫ਼ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ ਦੇ ਨਾਲ-ਨਾਲ ਸਮੂਹ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।