Awareness is the key to stay healthy: Dr. Vijay Singla
ਸਿਹਤ ਵਿਭਾਗ ਵੱਲੋਂ ਮੈਗਜ਼ੀਨ ਅਤੇ ਯੂਟਿਊਬ ਚੈਨਲ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ: 08 ਅਪ੍ਰੈਲ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਵਿਜੇ ਸਿੰਗਲਾ ਵੱਲੋਂ ਸਿਹਤ ਵਿਭਾਗ ਦੀਆਂ ਦੋ ਨਵੀਆਂ ਪਹਿਲਕਦਮੀਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ, ਜਿਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸਿਹਤ ਸਬੰਧੀ ਜਾਣਕਾਰੀ ਪਿੰਡ ਪੱਧਰ ਤੱਕ ਪਹੁੰਚਾਉਣਾ ਹੈ। ਪ੍ਰਮੁੱਖ ਸਕੱਤਰ, ਸਿਹਤ, ਸ਼੍ਰੀ ਰਾਜ ਕਮਲ ਚੌਧਰੀ ਅਤੇ ਡਾ: ਜੀ.ਬੀ. ਸਿੰਘ, ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵੀ ਇਸ ਮੌਕੇ ਹਾਜ਼ਰ ਸਨ।
ਉਨ੍ਹਾਂ ਕਿਹਾ“ਸਾਡਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਰਾਜ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ, ਸਾਡੇ ਸਿਹਤ ਮਾਹਿਰ ਵੀ ਇਨ੍ਹਾਂ ਮਾਧਿਅਮਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਬਿਮਾਰੀਆਂ ਦੇ ਲੱਛਣਾਂ,ਇਲਾਜ ਅਤੇ ਰੋਕਥਾਮ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ”।
ਡਾ: ਸਿੰਗਲਾ ਨੇ ਜ਼ੋਰ ਦੇ ਕੇ ਕਿਹਾ, “ਮੈਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵੀ ਇਨਾਂ ਮਾਧਿਅਮਾਂ ਰਾਹੀਂ ਪੰਜਾਬ ਵਾਸੀਆਂ ਨਾਲ ਗੱਲਬਾਤ ਕਰਾਂਗਾ ਅਤੇ ਸਰਕਾਰੀ ਸਿਹਤ ਸਹੂਲਤਾਂ ਵਿੱਚ ਸੁਧਾਰਾਂ ਅਤੇ ਤਬਦੀਲੀਆਂ ਬਾਰੇ ਵੀ ਜਾਣੂ ਕਰਾਵਾਂਗਾ”। “ਮੈਨੂੰ ਬਹੁਤ ਉਮੀਦ ਹੈ ਕਿ ਲੋਕ ਸਾਡੇ ਯੂਟਿਊਬ ਚੈਨਲ ਰਾਹੀਂ ਸਾਡੇ ਨਾਲ ਜੁੜਨਗੇ”।
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਮੈਗਜ਼ੀਨ ਪੰਜਾਬੀ ਭਾਸ਼ਾ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਈ-ਮੈਗਜ਼ੀਨ ਦੇ ਰੂਪ ਵਿੱਚ ਵੀ ਉਪਲਬਧ ਹੋਵੇਗਾ, ਇਸੇ ਤਰ੍ਹਾਂ ਜਾਗਰੂਕਤਾ ਦੇ ਨਾਲ-ਨਾਲ ਵਿਭਾਗੀ ਗਤੀਵਿਧੀਆਂ ਅਤੇ ਜਾਣਕਾਰੀ ਭਰਪੂਰ ਵੀਡੀਓ ਵੀ ਯੂ-ਟਿਊਬ ਚੈਨਲ ‘ਤੇ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ।
ਰੋਕਥਾਮ ਅਤੇ ਪ੍ਰਮੋਟਿਵ ਸਿਹਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨਾ ਸਿਰਫ਼ ਇਲਾਜ ਦੇ ਪੱਖ ‘ਤੇ ਕੰਮ ਕਰਦਾ ਹੈ ਬਲਕਿ ਇਹ ਯਕੀਨੀ ਬਣਾਉਣ ਲਈ ਵੀ ਯਤਨ ਕਰਦਾ ਹੈ ਕਿ ਪੰਜਾਬ ਦੇ ਲੋਕ ਬਿਮਾਰ ਹੀ ਨਾ ਹੋਣ ਅਤੇ ਬਿਮਾਰੀਆਂ ਦਾ ਬੋਝ ਵੀ ਘੱਟ ਹੋਵੇ।
ਪੰਜਾਬ ਦੇ ਸਿਹਤ ਵਿਭਾਗ ਕੋਲ ਐਮ.ਈ.ਐਮ. (ਜਨ ਸਿੱਖਿਆ ਅਤੇ ਮੀਡੀਆ) ਵਿੰਗ ਦੇ ਰੂਪ ਵਿੱਚ ਇੱਕ ਸਥਾਪਿਤ ਪ੍ਰਣਾਲੀ ਹੈ, ਜੋ ਸੂਬਾ ਪੱਧਰ ਤੋਂ ਲੈਕੇ ਬਲਾਕ ਪੱਧਰ ਤੱਕ ਕਾਰਜਸ਼ੀਲ ਹੈ ਅਤੇ ਜੋ ਕਿ ਵੱਖ-ਵੱਖ ਆਈ.ਈ.ਸੀ. (ਸੂਚਨਾ, ਸਿੱਖਿਆ ਅਤੇ ਸੰਚਾਰ) ਅਤੇ ਬੀ.ਸੀ.ਸੀ. (ਵਿਵਹਾਰ ਵਿੱਚ ਤਬਦੀਲੀ ਲਈ ਸੰਚਾਰ) ਅਧੀਨ ਵਿਸਤਾਰ ਸਿੱਖਿਆ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵੀ ਬਿਮਾਰੀਆਂ ਦੀ ਰੋਕਥਾਮ ਵਾਲੇ ਪਾਸੇ ਕੰਮ ਕਰਦਾ ਹੈ। ਇਸ ਵਿੰਗ ਦੇ ਕਰਮਚਾਰੀ ਆਸ਼ਾ ਵਰਕਰਾਂ ਅਤੇ ਵਿਭਾਗ ਦੇ ਹੋਰ ਪੈਰਾਮੈਡੀਕਲ ਸਟਾਫ ਦੀ ਸਿਖਲਾਈ ਲਈ ਮਾਸਟਰ ਟ੍ਰੇਨਰ ਵਜੋਂ ਵੀ ਕੰਮ ਕਰਦੇ ਹਨ।
ਡਾ: ਸਿੰਗਲਾ ਨੇ ਕਿਹਾ, “ਇਹ ਸਮੇਂ ਦੀ ਲੋੜ ਹੈ ਕਿ ਸਾਨੂੰ ਆਪਣੇ ਐਮ.ਈ.ਐਮ ਵਿੰਗ ਨੂੰ ਮਜ਼ਬੂਤ ਕਰਨਾ ਪਏਗਾ, ਇਸ ਲਈ ਅਸੀਂ ਆਪਣੇ ਕਰਮਚਾਰੀਆਂ ਨੂੰ ਨਵੀਨਤਮ ਤਕਨਾਲੋਜੀ ਅਤੇ ਯੰਤਰ ਪ੍ਰਦਾਨ ਕਰਾਂਗੇ ਤਾਂ ਜੋ ਉਹ ਲੋਕਾਂ ਤੱਕ ਪਹੁੰਚ ਸਕਣ ਅਤੇ ਬਿਹਤਰ ਤਰੀਕੇ ਨਾਲ ਜਾਣਕਾਰੀ ਦਾ ਪ੍ਰਸਾਰ ਕਰ ਸਕਣ ਅਤੇ ਸਰਕਾਰ ਦੇ ਤੰਦਰੁਸਤ ਪੰਜਾਬ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਯੋਗ ਹੋ ਸਕਣ।