Super Giants beat Chennai Super Kings by six wickets
ਕੇਸਰੀ ਨਿਊਜ਼ ਨੈੱਟਲਰਕ (ਮੁੰਬਈ): ਬ੍ਰੇਬੋਰਨ ਸਟੇਡੀਅਮ ਵਿਖੇ ਆਈਪੀਐੱਲ (IPL) ਦੇ ਇਕ ਫਸਵੇਂ ਮੁਕਾਬਲੇ ’ਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਚੇਨਈ ਸੁਪਰ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ’ਚ ਸੱਤ ਵਿਕਟਾਂ ’ਤੇ 210 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਲਖਨਊ ਦੇ ਕਪਤਾਨ ਕੇਐੱਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਚੇਨਈ ਦੇ ਰਾਬਿਨ ਉਥੱਪਾ ਟੀਮ ਦੇ ਸਰਬੋਤਮ ਸਕੋਰਰ ਰਹੇ ਜਿਨ੍ਹਾਂ ਨੇ 27 ਗੇਂਦਾਂ ਵਿਚ ਅੱਠ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਰਾਬਿਨ ਉਥੱਪਾ ਦਾ ਚੰਗਾ ਸਾਥ ਮੋਇਨ (35) ਨੇ ਦਿੱਤਾ। ਲਖਨਊ ਵੱਲੋਂ ਆਵੇਸ਼, ਟਾਈ ਤੇ ਬਿਸ਼ਨੋਈ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਵਾਬ ਵਿਚ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਚੰਗੀ ਰਹੀ। ਸਲਾਮੀ ਬੱਲੇਬਾਜ਼ਾਂ ਰਾਹੁਲ ਤੇ ਡਿਕਾਕ ਨੇ ਕ੍ਰਮਵਾਰ 40 ਤੇ 61 ਦੌੜਾਂ ਦਾ ਯੋਗਦਾਨ ਦਿੱਤਾ ਤੇ ਆਖ਼ਰ ’ਚ ਇਵਿਨ ਲੁਇਸ (55) ਨੇ ਤੇਜ਼ ਪਾਰੀ ਖੇਡ ਕੇ ਟੀਮ ਨੂੰ ਤਿੰਨ ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।