KMV The students learned about the basic concepts of patents acquired through the workshop
ਜਲੰਧਰ (ਗੁਰਪ੍ਰੀਤ ਸਿੰਘ ਸੰਧੂ)- ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਦੀ ਬੇਸਿਕਸ ਆਫ ਪੇਟੇਂਟਸ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਮੈਡਮ ਮੋਨਿਕਾ ਸ਼ਰਮਾ, ਪੇਟੈਂਟ ਫੈਸਿਲੀਟੇਟਰ, ਐਸ.ਆਈ.ਪੀ.ਪੀ. ਭਾਰਤ ਸਰਕਾਰ, ਮਹਿਲਾ ਵਿਗਿਆਨੀ ਅਤੇ ਰਜਿਸਟਰਡ ਭਾਰਤੀ ਪੇਟੈਂਟ ਏਜੰਟ ਨੇ ਇਸ ਵਰਕਸ਼ਾਪ ਵਿੱਚ ਬਤੌਰ ਸਰੋਤ ਬੁਲਾਰਾ ਸ਼ਿਰਕਤ ਕੀਤੀ। ਲਗਪਗ 40 ਵਿਦਿਆਰਥਣਾਂ ਦੀ ਸ਼ਮੂਲੀਅਤ ਵਾਲੀ ਇਸ ਵਰਕਸ਼ਾਪ ਦੇ ਵਿਚ ਮੈਡਮ ਮੋਨਿਕਾ ਨੇ ਸੰਬੋਧਿਤ ਹੁੰਦੇ ਹੋਏ ਪੇਟੈਂਟ ਨੂੰ ਵਿਸਥਾਰ ਸਹਿਤ ਪ੍ਰਭਾਸ਼ਿਤ ਕਰਨ ਦੇ ਨਾਲ-ਨਾਲ ਇਸ ਨਾਲ ਜੁੜੇ ਹੋਏ ਵੱਖ-ਵੱਖ ਮਹੱਤਵਪੂਰਨ ਪਹਿਲੂਆਂ ‘ਤੇ ਚਾਨਣਾ ਪਾਇਆ। ਵਪਾਰਕ ਖੇਤਰ ਦੇ ਵਿੱਚ ਨਕਲ ਤੋਂ ਬਚਣ ਦੇ ਲਈ ਪੇਟੈਂਟ ਦੀ ਜ਼ਰੂਰਤ ਅਤੇ ਹੋਂਦ ਸਬੰਧੀ ਗੱਲ ਕਰਦੇ ਹੋਏ ਉਨ੍ਹਾਂ ਪੇਟੈਂਟ ਐਪਲੀਕੇਸ਼ਨਜ਼ ਦੀਆਂ ਵਿਭਿੰਨ ਕਿਸਮਾਂ ਜਿਵੇਂ ਪ੍ਰੋਵੀਜ਼ਨਲ ਐਪਲੀਕੇਸ਼ਨ, ਕੰਪਲੀਟ ਐਪਲੀਕੇਸ਼ਨ, ਡਿਵੀਜ਼ਨਲ ਐਪਲੀਕੇਸ਼ਨ ਅਤੇ ਪੇਟੈਂਟ ਆਫ ਅਡੀਸ਼ਨ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੇਟੈਂਟਯੋਗ ਅਤੇ ਗੈਰ-ਪੇਟੈਂਟਯੋਗ ਚੀਜ਼ਾਂ ਸੰਬੰਧੀ ਜਿੱਥੇ ਚਾਨਣਾ ਪਾਇਆ ਉੱਥੇ ਨਾਲ ਹੀ ਉਨ੍ਹਾਂ ਨੇ ਟਰੇਡ ਮਾਰਕ, ਟਰੇਡ ਸੀਕਰੇਟ ਅਤੇ ਕਾਪੀਰਾਈਟ ਬਾਰੇ ਗੱਲ ਕਰਨ ਤੋਂ ਇਲਾਵਾ ਪੇਟੈਂਟ ਸਬੰਧੀ ਅਰਜ਼ੀ ਦਾਇਰ ਕਰਨ ਦੀ ਪ੍ਰਕਿਰਿਆ ਤੇ ਵੀ ਵਿਚਾਰ ਪੇਸ਼ ਕੀਤੇ । ਵਿਦਿਆਰਥਣਾਂ ਦਾ ਸਰਕਾਰੀ ਪੇਟੇਂਟ ਪ੍ਰੀਖਿਆਵਾਂ ਸਬੰਧੀ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਵੱਲੋਂ ਪੁੱਛੇ ਗਏ ਵੱਖ -ਵੱਖ ਸਵਾਲਾਂ ਦੇ ਜਵਾਬ ਵੀ ਵਰਕਸ਼ਾਪ ਦੇ ਅੰਤ ਵਿੱਚ ਸਰੋਤ ਬੁਲਾਰੇ ਵੱਲੋਂ ਬੇਹੱਦ ਸਰਲ ਢੰਗ ਨਾਲ ਦਿਤੇ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮਹੱਤਵਪੂਰਨ ਜਾਣਕਾਰੀ ਦੇ ਲਈ ਮੈਡਮ ਮੋਨਿਕਾ ਸ਼ਰਮਾ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਵਿਚ ਬੇਹੱਦ ਲਾਹੇਵੰਦ ਸਾਬਿਤ ਹੁੰਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਸ ਸਫਲ ਆਯੋਜਨ ਦੇ ਲਈ ਬਾਇਓਟੈਕਨੋਲੋਜੀ ਵਿਭਾਗ ਦੇ ਅਧਿਆਪਕਾਂ ਦੁਆਰਾ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।