Announcing all bus permits online to break the back of mafia
*ਕਿਹਾ, “ਇੱਕ ਬੱਸ-ਇੱਕ ਪਰਮਿਟ” ਨੀਤੀ ਸ਼ਿੱਦਤ ਨਾਲ ਲਾਗੂ ਕਰਾਂਗੇ
*ਡਿਪੂ ਜਨਰਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਪਾਰਦਰਸ਼ੀ ਤੇ ਈਮਾਨਦਾਰ ਪ੍ਰਸ਼ਾਸਨ ਦੇਣ ਦਾ ਸਪੱਸ਼ਟ ਸੰਕੇਤ
*ਡਿਪੂ ਜਨਰਲ ਮੈਨੇਜਰ ਨੂੰ ਬੱਸ ਸਟੈਂਡਾਂ ਦੇ 500 ਮੀਟਰ ਖੇਤਰ ਵਿੱਚ ਨਾਜਾਇਜ਼ ਬੱਸਾਂ ‘ਤੇ ਸ਼ਿਕੰਜਾ ਕਸਣ ਦੀ ਹਦਾਇਤ
*ਤੇਲ ਚੋਰੀ ਰੋਕਣ ਲਈ 4.8 ਕਿਲੋਮੀਟਰ ਪ੍ਰਤੀ ਲੀਟਰ ਤੋਂ ਘੱਟ ਮਾਈਲੇਜ ਦੇਣ ਵਾਲੇ ਬੱਸ ਡਰਾਈਵਰਾਂ ਵਿਰੁੱਧ ਕਾਰਵਾਈ ਲਈ ਜਨਰਲ ਮੈਨੇਜਰ ਕੀਤੇ ਪਾਬੰਦ
ਚੰਡੀਗੜ੍ਹ, 30 ਮਾਰਚ (ਕੇਸਰੀ ਨਿਊਜ਼ ਨੈੱਟਵਰਕ)-ਪੰਜਾਬ ਭਵਨ ਵਿਖੇ ਸੂਬੇ ਦੇ ਸਮੂਹ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨਾਲ ਮੀਟਿੰਗ ਦੌਰਾਨ ਸ. ਭੁੱਲਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਮ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਜਾ ਰਿਹਾ ਹੈ। ਮੰਤਰੀ ਨੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੂੰ ਨਿਰਦੇਸ਼ ਦਿੱਤੇ ਕਿ ਉਹ ਛੇਤੀ ਤੋਂ ਛੇਤੀ ਪਰਮਿਟ ਆਨਲਾਈਨ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ।
ਬੱਸ ਅੱਡਿਆਂ ਦੇ ਬਾਹਰੋਂ ਚਲ ਰਹੀਆਂ ਨਾਜਾਇਜ਼ ਪ੍ਰਾਈਵੇਟ ਬੱਸਾਂ ‘ਤੇ ਸ਼ਿੰਕਜਾ ਕਸਣ ਦੀ ਹਦਾਇਤ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਸਮੂਹ ਡਿਪੂ ਜਨਰਲ ਮੈਨੇਜਰ ਨੂੰ ਕਿਹ ਕਿ ਵਿਭਾਗ ਵੱਲੋਂ ਪਹਿਲਾਂ ਹੀ ਉਨ੍ਹਾਂ ਨੂੰ ਬੱਸ ਸਟੈਂਡਾਂ ਦੇ 500 ਮੀਟਰ ਖੇਤਰ ਵਿੱਚ ਨਾਜਾਇਜ਼ ਬੱਸਾਂ ਰੋਕਣ ਦੇ ਅਧਿਕਾਰ ਦਿੱਤੇ ਗਏ ਹਨ। ਇਸ ਲਈ ਜਨਰਲ ਮੈਨੇਜਰ ਆਪਣੀਆਂ ਸ਼ਕਤੀਆਂ ਵਰਤਦਿਆਂ ਬੱਸ ਅੱਡਿਆਂ ਦੇ ਬਾਹਰ ਤੋਂ ਸਵਾਰੀਆਂ ਚੁੱਕਣ ਵਾਲੀਆਂ ਪ੍ਰਾਈਵੇਟ ਅਤੇ ਟਰੈਵਲ ਬੱਸਾਂ ਨੂੰ ਫੜਨ ਦੀ ਕਾਰਵਾਈ ਕਰਨ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਜਨਰਲ ਮੈਨੇਜਰਾਂ ਨੂੰ ਸਕੱਤਰ ਆਰ.ਟੀ.ਏ. ਦਾ ਸਹਿਯੋਗ ਲੈਣ ਦੀ ਵੀ ਹਦਾਇਤ ਕੀਤੀ ਗਈ।
ਮੰਤਰੀ ਨੇ ਹਦਾਇਤ ਕੀਤੀ ਕਿ ਵਿਦਿਆਰਥੀ ਪਾਸ ਬਿਨਾਂ ਖੱਜਲ-ਖੁਆਰੀ ਅਤੇ ਸਮਾਂਬੱਧ ਤਰੀਕੇ ਨਾਲ ਬਣਾਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਬੱਸ ਪਾਸਾਂ ਸਬੰਧੀ ਲੰਬਤ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਸ. ਭੁੱਲਰ ਨੇ ਜਨਰਲ ਮੈਨੇਜਰਾਂ ਨੂੰ ਬੱਸ ਅੱਡਿਆਂ ‘ਤੇ ਬਣੇ ਪਖ਼ਾਨਿਆਂ ਦੀ ਸਫ਼ਾਈ, ਡਰਾਈਵਰਾਂ-ਕੰਡਕਟਰਾਂ ਦੇ ਸਵਾਰੀਆਂ ਨਾਲ ਵਿਹਾਰ ਅਤੇ ਬੱਸਾਂ ਵਿੱਚ ਸਾਫ਼ ਪੀਣਯੋਗ ਪਾਣੀ ਦਾ ਪ੍ਰਬੰਧ ਕਰਨ ਵੱਲ ਉਚੇਚਾ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ, “ਮੈਂ ਅਗਲੇ ਦਿਨਾਂ ਤੋਂ ਬੱਸ ਅੱਡਿਆਂ ਦੀ ਚੈਕਿੰਗ ਮੁਹਿੰਮ ਅਰੰਭ ਰਿਹਾ ਹਾਂ ਅਤੇ ਇਸ ਦੌਰਾਨ ਅਣਗਹਿਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਪੰਜਾਬ ਸਰਕਾਰ ਦੀ ਪਾਰਦਰਸ਼ੀ ਤੇ ਈਮਾਨਦਾਰ ਪ੍ਰਸ਼ਾਸਨ ਦੇਣ ਦੀ ਨੀਤੀ ਮੁਤਾਬਕ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਜੇ ਕੋਈ ਅਧਿਕਾਰੀ ਤੇ ਮੁਲਾਜ਼ਮ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀਮਤੀ ਅਮਨਦੀਪ ਕੌਰ ਅਤੇ ਸਮੂਹ ਡਿਪੂ ਜਨਰਲ ਮੈਨੇਜਰ ਮੌਜੂਦ ਸਨ।