Bhagwant Mann ji Corruption will not end by phone or gossip
ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਠੋਸ ਫ਼ੈਸਲੇ ਲੈਣ ਦੀ ਲੋੜ : ਬੀਬੀ ਰਾਜਵਿੰਦਰ ਕੌਰ ਰਾਜੂ
ਚੰਡੀਗੜ੍ਹ 19 ਮਾਰਚ (ਕੇਸਰੀ ਨਿਊਜ਼ ਨੈੱਟਵਰਕ )- ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਖਿਆ ਹੈ ਕਿ ਫੋਨਾਂ ਰਾਹੀਂ ਜਾਂ ਗੱਲੀਂਬਾਤੀਂ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਣਾ ਅਤੇ ਸੂਬੇ ਦੀ ਤਰੱਕੀ ਨਹੀਂ ਹੋਣੀ। ਆਪ ਪਾਰਟੀ ਵੱਲੋਂ ਪ੍ਰਚਾਰੇ ਜਾ ਰਹੇ ‘ਇਨਕਲਾਬ’ ਖਾਤਰ ਵੱਡੇ ਸੁਧਾਰ ਲਿਆਉਣ ਲਈ ਰਾਜ ਸਰਕਾਰ ਨੂੰ ਠੋਸ ਫ਼ੈਸਲੇ ਲੈਣੇ ਪੈਣਗੇ।
ਅੱਜ ਇੱਥੇ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਪਿਛਲੀਆਂ ਸਰਕਾਰਾਂ ਨੇ ਵੀ ਵੱਡੇ-ਵੱਡੇ ਐਲਾਨ ਕੀਤੇ ਸੀ ਅਤੇ ਇਸੇ ਤਰਾਂ ਹੀ ਭ੍ਰਿਸ਼ਟਾਚਾਰ ਰੋਕਣ ਖਾਤਰ ਆਡੀਓ, ਵੀਡੀਓ ਅਤੇ ਲਿਖਤੀ ਸ਼ਿਕਾਇਤਾਂ ਭੇਜਣ ਲਈ ਪੰਜਾਬ ਵਿਜੀਲੈਂਸ ਬਿਓਰੋ ਰਾਹੀਂ ਟੋਲਫਰੀ ਫੋਨ ਨੰਬਰ, ਮੋਬਾਈਲ ਨੰਬਰ ਅਤੇ ਈਮੇਲ ਵੀ ਆਮ ਜਨਤਾ ਲਈ ਚਾਲੂ ਕੀਤੀ ਸੀ ਅਤੇ ਇਹ ਸਹੂਲਤ ਹੁਣ ਵੀ ਜਾਰੀ ਹੈ ਜਿੱਥੇ ਹਰ ਸ਼ਿਕਾਇਤਕਰਤਾ ਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ ਪਰ ਫਿਰ ਵੀ ਸੂਬਾ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਅਮਰਵੇਲ ਵਾਂਗੂ ਫੈਲ ਰਹੀ ਹੈ।
ਮਹਿਲਾ ਕਿਸਾਨ ਨੇਤਾ ਨੇ ਭਗਵੰਤ ਮਾਨ ਨੂੰ ਚੌਕਸ ਕੀਤਾ ਕਿ ਉਹ ਭਵਿੱਖ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗੂੰ ਐਲਾਨਜੀਤ ਸਾਬਤ ਨਾ ਹੋਣ ਸਗੋਂ ਇਨਕਲਾਬੀ ਨਾਅਰਿਆਂ, ਟੋਟਕਿਆਂ ਜਾਂ ਫੋਕੇ ਐਲਾਨਾਂ ਦੀ ਥਾਂ ਸੂਬੇ ਦੀ ਮਾਲੀ ਸਥਿਤੀ ਸੁਧਾਰਨ, ਬੇਰੁਜ਼ਗਾਰੀ ਦੂਰ ਕਰਨ, ਨਸ਼ਿਆਂ ਦੇ ਮੁਕੰਮਲ ਖਾਤਮੇ, ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ, ਭ੍ਰਿਸ਼ਟਾਚਾਰ ਰੋਕਣ ਅਤੇ ਰੇਤਾ, ਸ਼ਰਾਬ, ਕੇਬਲ, ਟਰਾਂਸਪੋਰਟ ਆਦਿ ਵਿੱਚੋਂ ਹਰ ਤਰਾਂ ਦੇ ਮਾਫੀਆ ਰਾਜ ਖਤਮ ਕਰਨ ਲਈ ਤੁਰੰਤ ਕਾਰਵਾਈ ਕਰਦਿਆਂ ਪਾਰਟੀ ਵੱਲੋਂ ਦਿੱਤੀਆਂ ਇਹ ਗਾਰੰਟੀਆਂ ਲਾਗੂ ਕਰਕੇ ਦਿਖਾਉਣ।

mahila kisan morcha logo

ਬੀਬੀ ਰਾਜੂ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਕਿਸਾਨਾਂ ਨਾਲ ਜਿਹੜੇ ਵੀ ਵਾਅਦੇ ਕੀਤੇ ਗਏ ਹਨ ਉਨ੍ਹਾਂ ਨੂੰ ਤੁਰੰਤ ਪੂਰਾ ਕਰਨ ਲਈ ਯਤਨਸ਼ੀਲ ਹੋਣ ਅਤੇ ਪਿਛਲੇ ਸਮੇਂ ਦੌਰਾਨ ਕੁਦਰਤੀ ਆਫਤਾਂ ਨਾਲ ਵੱਖ ਵੱਖ ਫਸਲਾਂ ਨੂੰ ਹੋਏ ਨੁਕਸਾਨ ਦਾ ਐਲਾਨਿਆ ਮੁਆਵਜ਼ਾ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਕਿਸਾਨਾਂ ਨੂੰ ਬਣਦੀ ਸਹਾਇਤਾ ਰਾਸ਼ੀ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ।