ਕੇਸਰੀ ਨਿਊਜ਼ ਨੈੱਟਵਰਕ- ਚੰਡੀਗੜ੍ਹ,16 ਮਾਰਚ : ਪੰਜਾਬ ਰਾਜ ਵਿੱਚ ਅੱਜ 12-14 ਸਾਲ ਉਮਰ ਵਰਗ ਲਈ ਕੋਵਿਡ ਟੀਕਾਕਰਨ ਮੁਹਿੰਮ ਦਾ ਰਸਮੀ ਉਦਘਾਟਨ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਰਾਜ ਕਮਲ ਚੌਧਰੀ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਕੀਤਾ।
ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਇੱਕ ਮਾਹਰ ਗਰੁੱਪ ਦੀ ਸਿਫ਼ਾਰਸ਼ ‘ਤੇ ਕੋਵਿਡ ਟੀਕਾਕਰਨ ਪ੍ਰੋਗਰਾਮ ਨੂੰ 12-14 ਉਮਰ ਵਰਗ ਦੀ ਆਬਾਦੀ ਲਈ ਵਧਾਇਆ ਜਾ ਰਿਹਾ ਹੈ। ਇਸ ਉਮਰ ਸਮੂਹ ਦੇ ਲਾਭਪਾਤਰੀਆਂ ਲਈ ਸਿਰਫ ਕੋਰਬੇਵੈਕਸ ਵੈਕਸੀਨ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਹ ਇਸ ਉਮਰ ਸਮੂਹ ਲਈ ਪ੍ਰਵਾਨਿਤ ਸਵਦੇਸ਼ੀ ਟੀਕਾ ਹੈ। ਇਸ ਟੀਕੇ ਦੀਆਂ ਦੋ ਖੁਰਾਕਾਂ 28 ਦਿਨਾਂ ਦੇ ਅੰਤਰਾਲ ‘ਤੇ ਦਿੱਤੀਆਂ ਜਾਣੀਆਂ ਹਨ। ਪੰਜਾਬ ਵਿੱਚ ਇਸ ਉਮਰ ਵਰਗ ਦੀ 8.65 ਲੱਖ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਹੈ। ਇਸ ਵਿਸ਼ੇਸ਼ ਉਮਰ ਸਮੂਹ ਲਈ ਵਿਸ਼ੇਸ਼ ਟੀਕਾਕਰਨ ਸੈਸ਼ਨ ਲਗਾਏ ਜਾਣਗੇ।
ਇਸ ਤੋਂ ਇਲਾਵਾ, ਸਾਵਧਾਨੀ ਦੀ ਖੁਰਾਕ/ ਬੂਸਟਰ ਖੁਰਾਕ ਹੁਣ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਹੀ ਵਿਅਕਤੀਆਂ ਨੂੰ ਦਿੱਤੀ ਜਾ ਸਕਦੀ ਹੈ। ਇਸ ਖੁਰਾਕ ਦਾ ਕ੍ਰਮ ਦੂਜੀ ਖੁਰਾਕ ਦੀ ਮਿਤੀ ਤੋਂ 9 ਮਹੀਨਿਆਂ ਦੇ ਪੂਰੇ ਹੋਣ ‘ਤੇ ਅਧਾਰਤ ਹੋਵੇਗਾ। ਸਾਵਧਾਨੀ ਦੀ ਖੁਰਾਕ ਲਈ ਸਿਰਫ ਪਹਿਲਾਂ ਲਈ ਗਈ ਵੈਕਸੀਨ ਦੀ ਹੀ ਵਰਤੋਂ ਕੀਤੀ ਜਾਣੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਰਾਜ ਨੇ ਯੋਗ ਆਬਾਦੀ ਦੇ 96% (18 ਸਾਲ ਅਤੇ ਇਸ ਤੋਂ ਵੱਧ) ਨੂੰ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਨਾਲ ਕਵਰ ਕੀਤਾ ਹੈ ਅਤੇ 72% ਤੋਂ ਵੱਧ ਆਬਾਦੀ ਦਾ ਪੂਰਣ ਟੀਕਾਕਰਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੌਥੀ ਲਹਿਰ ਦੀ ਕਿਸੇ ਵੀ ਸੰਭਾਵਨਾ ਤੋਂ ਬਚਣ ਲਈ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਜਰੂਰ ਕਰਨ।