‘ਆਪ‘ ਨੇ ਰਾਜ ਭਵਨ ‘ਚ ਸਮਾਗਮ ਕਰਵਾ ਕੇ ਸਹੁੰ ਚੁੱਕਣ ਦੀ ਰਵਾਇਤ ਨੂੰ ਤੋੜਿਆ-ਮਾਨ
ਕੇਜਰੀਵਾਲ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਲ ਸਾਫ-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਦਾ ਵਾਅਦਾ ਕੀਤਾ
Amritsar ‘ਚ ਕੇਜਰੀਵਾਲ ਤੇ ਮਾਨ ਦੀ ਅਗਵਾਈ ‘ਚ ‘ਆਪ‘ ਦੇ ਰੋਡ ਸ਼ੋਅ ਮੌਕੇ ਜਨ ਸੈਲਾਬ ਉਮੜਿਆ
Amritsar, 13 march (kesari news network)- ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ 16 ਮਾਰਚ, 2022 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਰੋਡ ਸ਼ੋਅ ਦੌਰਾਨ ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਨਵੀਂ ਚੁਣੀ ਸਰਕਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਪੂਰਨ ਵਿਸ਼ਵਾਸ ਅਤੇ ਭਰੋਸਾ ਰੱਖਣ ਵਾਲੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਮਾਨ ਨੇ ਲੋਕਾਂ ਨੂੰ ਇਸ ਇਤਿਹਾਸਕ ਦਿਨ ਮੌਕੇ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਪ੍ਰਣ ਲੈਣ ਲਈ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਇਹ ‘ਆਪ‘ ਹੀ ਹੈ, ਜਿਸ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾ ਕੇ ਰੀਤ ਨੂੰ ਤੋੜਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਰਾਜ ਭਵਨ ਵਿਖੇ ਅਜਿਹੇ ਸਮਾਗਮ ਕਰਵਾਏ ਜਾਂਦੇ ਸਨ। ਉਨਾਂ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਸਾਡੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਹੈ।
ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਸਰਕਾਰੀ ਦਫਤਰਾਂ ਵਿੱਚ ਪਿਛਲੀ ਪ੍ਰਥਾ ਦੇ ਅਨੁਸਾਰ ਹੁਣ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ ਅਤੇ ਹੁਣ ਸਿਰਫ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਹੀ ਲਗਾਈਆਂ ਜਾਣਗੀਆਂ।
ਲੋਕਾਂ ਦਾ ਧੰਨਵਾਦ ਕਰਦਿਆਂ ਮਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ‘ਆਪ‘ ਦੀ ਅਹਿਮੀਅਤ ਨੂੰ ਘਟਾ ਕੇ ਨਵੀਂ ਸਰਕਾਰ ਬਣਾਉਣ ਲਈ ਕਮਰ ਕੱਸ ਰਹੀਆਂ ਸਨ ਪਰ ਲੋਕਾਂ ਦੀ ਏਕਤਾ ਨੇ ‘ਆਪ‘ ਦੇ ਹੱਕ ‘ਚ 92 ਸੀਟਾਂ ਦੇ ਵੱਡੇ ਫਤਵੇ ਨਾਲ ਉਨਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
122 ਸਿਆਸੀ ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲੈਣ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ 27 ਪੁਲਿਸ ਵਾਹਨਾਂ ਨੂੰ ਵਾਪਸ ਲੈਣ ਸਮੇਤ 403 ਸੁਰੱਖਿਆ ਕਰਮਚਾਰੀ ਨੂੰ ਥਾਣਿਆਂ ਵਿੱਚ ਮੁੜ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪੁਲਿਸ ਮੁਲਾਜਮ ਥਾਣਿਆਂ ਵਿੱਚ ਅਮਨ-ਕਾਨੂੰਨ ਨਾਲ ਸਬੰਧਤ ਡਿਊਟੀਆਂ ਨਿਭਾਉਣ ਲਈ ਪੇਸ਼ੇਵਰ ਢੰਗ ਨਾਲ ਕੰਮ ਕਰਨਗੇ। ਉਨਾਂ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਪਿੰਡਾਂ/ਮੁਹੱਲਿਆਂ ਵਿੱਚ ਆਪਣੇ ਤੌਰ ‘ਤੇ ਠੀਕਰੀ ਪਹਿਰੇ (ਰਾਤ ਦੀ ਚੌਕਸੀ) ਲਾਉਣ ਲਈ ਕਹਿ ਕੇ ਉਨਾਂ ਦਾ ਮਜਾਕ ਉਡਾਇਆ ਜਦੋਂ ਕਿ ਇਹ ਪੁਲਿਸ ਕਰਮੀ ਉਹਨਾਂ ਦੀ ਰਿਹਾਇਸ ਦੇ ਬਾਹਰ ਲੱਗੇ ਟੈਂਟਾਂ ਵਿੱਚ ਠਹਿਰੇ ਹੋਏ ਸਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਦੌਰਾਨ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਨੂੰ ਲੰਮੇ ਸਮੇਂ ਬਾਅਦ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ, ਜੋ ਸਾਫ-ਸੁਥਰੀ ਅਤੇ ਪਾਰਦਰਸ਼ੀ ਸਰਕਾਰ ਨੂੰ ਯਕੀਨੀ ਬਣਾਏਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨਾਂ ਦੀ ਪਾਰਟੀ ਦਾ ਕੋਈ ਵੀ ਮੰਤਰੀ ਅਤੇ ਵਿਧਾਇਕ ਦੁਰਵਿਵਹਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਲ ਭੇਜਿਆ ਜਾਵੇਗਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਇੱਕ ਸਥਾਪਿਤ ਤੱਥ ਹੈ ਕਿ ਪੰਜਾਬੀਆਂ ਨੂੰ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ ਅਤੇ ਉਨਾਂ ਨੇ ਸੱਚਮੁੱਚ ਇੱਕ ਮਹਾਨ ਕ੍ਰਾਂਤੀ ਲਿਆ ਕੇ ਅਜਿਹਾ ਕੀਤਾ ਹੈ।
ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਕਿਹਾ, ‘‘ਤੁਸੀ ਕਮਾਲ ਕਰ ਦਿੱਤਾ ਹੈ, ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ‘‘ ਕਿਉਂਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਅਕਾਲੀ ਦਲ ਅਤੇ ਕਾਂਗਰਸ ਦੇ ਦਿੱਗਜ ਆਗੂ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਹਾਰ ਗਏ ਹਨ। ਉਨਾਂ ਕਿਹਾ ਕਿ ਅਕਾਲੀਆਂ ਅਤੇ ਕਾਂਗਰਸ ਦੋਵਾਂ ਦਾ ਸਫਾਇਆ ਕਰਨ ਵਰਗਾ ਕੰਮ ਪੰਜਾਬੀਆਂ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ।
ਕੇਜਰੀਵਾਲ ਨੇ ਦੁਹਰਾਇਆ ਕਿ ਅਸੀਂ ਜਲਦੀ ਹੀ ਭਿ੍ਰਸ਼ਟਾਚਾਰ ਦੀ ਅਲਾਮਤ ਤੋਂ ਮੁਕਤ ਪੰਜਾਬ (ਰੰਗਲਾ ਪੰਜਾਬ) ਬਣਾਵਾਂਗੇ। ਉਨਾਂ ਕਿਹਾ ਕਿ ਪੰਜਾਬੀਆਂ ਨੂੰ ਬੇਈਮਾਨ ਅਤੇ ਦਾਗੀ ਸਿਆਸਤਦਾਨਾਂ ਤੋਂ ਛੁਟਕਾਰਾ ਮਿਲੇਗਾ, ਜੋ ਸੂਬੇ ਨੂੰ ਦੋਵੇਂ ਹੱਥਾਂ ਨਾਲ ਲੁੱਟ ਰਹੇ ਹਨ। ਕੇਜਰੀਵਾਲ ਨੇ ਲੋਕਾਂ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਮੌਕੇ ਖਟਕੜ ਕਲਾਂ ਪਹੁੰਚਣ ਦਾ ਸੱਦਾ ਦਿੱਤਾ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਵਜੋਂ ਉਨਾਂ ਦੇ ਛੋਟੇ ਭਰਾ ਭਗਵੰਤ ਮਾਨ ਹੀ ਨਹੀਂ, ਸਗੋਂ ਸਾਰੇ ਪੰਜਾਬ ਵਾਸੀ ਵੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਉਨਾਂ ਕਿਹਾ ਕਿ ਹੁਣ ਤੋਂ ਸਰਕਾਰੀ ਖਜਾਨੇ ਵਿੱਚੋਂ ਇੱਕ-ਇੱਕ ਪੈਸਾ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇਗਾ, ਇਸ ਤੋਂ ਇਲਾਵਾ ਸਾਰੀਆਂ ਗਾਰੰਟੀਆਂ/ਵਾਅਦਿਆਂ ਨੂੰ ਸਹੀ ਮਾਅਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਹਾਲਾਂਕਿ ਉਨਾਂ ਕਿਹਾ ਕਿ ਕੁਝ ਗਰੰਟੀਆਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਾਗੂ ਹੋ ਜਾਣਗੀਆਂ ਜਦਕਿ ਬਾਕੀਆਂ ਨੂੰ ਸਮਾਂ ਲੱਗ ਸਕਦਾ ਹੈ।
ਇਸ ਮੌਕੇ ‘ਆਪ‘ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ, ਨਵੇਂ ਚੁਣੇ ਗਏ ਵਿਧਾਇਕ, ਸੀਨੀਅਰ ਆਗੂ ਅਤੇ ਵਲੰਟੀਅਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕ ਹਾਜਰ ਸਨ।
ਰੋਡ ਸੋਅ ਦੌਰਾਨ ਉਮੜਿਆ ਜਨ ਸੈਲਾਬ: ਵਿਧਾਨ ਸਭਾ ਚੋਣਾਂ-2022 ਦੌਰਾਨ ਹਾਲ ਹੀ ਵਿੱਚ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੱਢੇ ਗਏ ਰੋਡ ਸ਼ੋਅ ਦੌਰਾਨ ਪਵਿੱਤਰ ਸਹਿਰ ਅੰਮਿ੍ਰਤਸਰ ਦੀਆਂ ਸੜਕਾਂ ‘ਤੇ ਜਨ ਸੈਲਾਬ ਉਮੜਿਆ।
ਸੜਕਾਂ ਦੇ ਦੋਵੇਂ ਪਾਸੇ ਖੜੇ ਲੋਕ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ ਜੋਸ ਨਾਲ ‘ਇਨਕਲਾਬ ਜ਼ਿੰਦਾਬਾਦ, ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋ ਨਿਹਾਲ’ ਦੇ ਨਾਅਰੇ ਲਗਾਉਂਦੇ ਹੋਏ ਤਖਤੀਆਂ, ਝੰਡੇ ਅਤੇ ਤਿਰੰਗੇ ਫੜ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਦੋਵਾਂ ਆਗੂਆਂ ਨੇ ‘ਆਪ‘ ਨੂੰ ਇੰਨਾ ਵੱਡਾ ਫਤਵਾ ਦੇ ਕੇ ਸੂਬੇ ਦੀ ਰਾਜਨੀਤੀ ਵਿਚ ਇਕ ਨਵਾਂ ਅਧਿਆਏ ਲਿਖਣ ਵਿਚ ਉਨਾਂ ਦੇ ਭਰਵੇਂ ਸਹਿਯੋਗ ਲਈ ਹੱਥ ਹਿਲਾ ਕੇ ਲੋਕਾਂ ਦਾ ਧੰਨਵਾਦ ਕੀਤਾ।
ਦੇਸ਼ ਭਗਤੀ ਦਾ ਗੀਤ ‘ਰੰਗ ਦੇ ਬਸੰਤੀ ਚੋਲਾ‘ ਵਜਾਉਂਦੇ ਸਾਊਂਡ ਸਿਸਟਮ ਨਾਲ ਲਗਾਏ ਹੋਏ ਫੁੱਲਾਂ ਨਾਲ ਸਜੇ ਵਾਹਨਾਂ ਦੇ ਕਾਫਲੇ ਦੇ ਰੂਪ ਵਿਚ ਕੱਢੇ ਗਏ ਰੋਡ ਸ਼ੋਅ ਨੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਲੋਕਾਂ ਵਿਚ ਭਾਰੀ ਉਤਸ਼ਾਹ ਭਰਿਆ। ਸਥਾਨਕ ਕਚਹਿਰੀ ਚੌਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖੁੱਲੇ ਵਾਹਨ ਵਿੱਚ ਸਵਾਰ ਹੋਏ ਅਤੇ ਇਹ ਰੋਡ ਸ਼ੋਅ 4-ਐੱਸ ਚੌਕ ਵਿਖੇ ਸਮਾਪਤ ਹੋਇਆ।
Bhagwant Mann invites people to reach Khatkar Kalan on March 16