ਨਵੀਂ ਦਿੱਲੀ, (ਕੇਸਰੀ ਨਿਊਜ਼ ਨੈੱਟਵਰਕ): ਭਾਰਤ ਤੇ ਚੀਨ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ 15ਵੀਂ ਕਮਾਂਡਰ ਪੱਧਰੀ ਫੌ਼ਜੀ ਵਾਰਤਾ ਕਰਨ ਲਈ ਸਹਿਮਤ ਹੋ ਗਏ ਹਨ। ਇਹ ਗੱਲਬਾਤ 11 ਮਾਰਚ ਨੂੰ ਭਾਰਤੀ ਸਰਹੱਦ ਦੇ ਅੰਦਰ ਚੁਸ਼ੁਲ ਮੋਲਡੋ ਵਿਖੇ ਹੋਵੇਗੀ। ਏਐਨਆਈ ਨੇ ਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਜਨਵਰੀ ‘ਚ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਕਮਾਂਡਰ ਪੱਧਰ ਦੀ ਗੱਲਬਾਤ ਦਾ 14ਵਾਂ ਦੌਰ ਹੋਇਆ ਸੀ। ਭਾਵੇਂ ਇਹ ਵਾਰਤਾ ਬੇ-ਨਤੀਜਾ ਸੀ ਪਰ ਇਸ ਤੋਂ ਅੱਗੇ ਵੀ ਗੱਲਬਾਤ ਜਾਰੀ ਰੱਖਣ ਦਾ ਰਾਹ ਜ਼ਰੂਰ ਸੀ। ਇਸ ਵਾਰਤਾ ਵਿੱਚ ਦੋਵਾਂ ਦੇਸ਼ਾਂ ਨੇ ਯਕੀਨੀ ਬਣਾਇਆ ਕਿ ਸ਼ਾਂਤੀ ਬਹਾਲ ਕਰਨ ਤੇ ਅਸਲ ਕੰਟਰੋਲ ਰੇਖਾ ‘ਤੇ ਗਤੀਰੋਧ ਨੂੰ ਸੁਲਝਾਉਣ ਲਈ ਗੱਲਬਾਤ ਤੋਂ ਮੂੰਹ ਨਹੀਂ ਮੋੜਿਆ ਜਾਵੇਗਾ।
ਇਸ ਗੱਲਬਾਤ ਤੋਂ ਹੀ ਅਗਲੇ ਦੌਰ ਦੀ ਗੱਲਬਾਤ ਦੀ ਉਮੀਦ ਵੀ ਬੱਝ ਗਈ ਸੀ। ਗੱਲਬਾਤ ਦੇ 14ਵੇਂ ਦੌਰ ਵਿੱਚ ਹਾਟ ਸਪਰਿੰਗ ਏਰੀਆ ਨੌਰਥ ਐਂਡ ਸਾਊਥ ਪੈਂਗਾਂਗ ਸਾ, ਗੋਵਾਨ ਅਤੇ ਗੋਗਰਾ ਹਾਟ ਸਪਰਿੰਗ ਏਰੀਆ ‘ਤੇ ਗੱਲਬਾਤ ਹੋਈ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਆਪਣੀ ਕੌਮੀ ਲੀਡਰਸ਼ਿਪ ਦੇ ਮਾਰਗਦਰਸ਼ਨ ਅਨੁਸਾਰ ਵਿਵਾਦਤ ਮੁੱਦਿਆਂ ਦੇ ਹੱਲ ਲਈ ਕੰਮ ਕਰਦੇ ਰਹਿਣਗੇ। ਇਸ ਬਿਆਨ ‘ਚ ਐਕਚੁਆਰ ਕੰਟਰੋਲ ਰੇਖਾ ‘ਤੇ ਸ਼ਾਂਤੀ ਬਹਾਲੀ ਨੂੰ ਗੱਲਬਾਤ ਦਾ ਮੁੱਖ ਉਦੇਸ਼ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਮੋਲਡੋ ਵਿੱਚ 14ਵੇਂ ਦੌਰ ਦੀ ਗੱਲਬਾਤ ਹੋਈ ਤੇ ਇਹ 12 ਘੰਟੇ ਤੋਂ ਵੱਧ ਚੱਲੀ। ਇਸ ਦੀ ਅਗਵਾਈ ਭਾਰਤ ਦੇ 14ਵੀਂ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ ਤੇ ਇਸ ਵਿੱਚ ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਵੀ ਸ਼ਾਮਲ ਸਨ। ਹਾਲਾਂਕਿ ਇਹ ਤੈਅ ਨਹੀਂ ਹੈ ਕਿ 15ਵੇਂ ਦੌਰ ਦੀ ਗੱਲਬਾਤ ‘ਚ ਸਾਰੇ ਵਿਵਾਦ ਸੁਲਝਾ ਲਏ ਜਾਣਗੇ ਜਾਂ ਨਹੀਂ। ਇਸ ਦਾ ਕਾਰਨ ਇਹ ਹੈ ਕਿ ਚੀਨ ਆਪਣੇ ਅਡੋਲ ਸਟੈਂਡ ‘ਤੇ ਕਾਇਮ ਹੈ। ਇਸ ਕਾਰਨ ਵਿਵਾਦ ਲਗਾਤਾਰ ਬਣਿਆ ਹੋਇਆ ਹੈ।