ਕੇਸਰੀ ਨਿਊਜ਼ ਨੈੱਟਵਰਕ: ਡਿਫੈਂਸ ਕਲੋਨੀ ਵਿਖੇ ਐਨ.ਸੀ.ਸੀ. ਜਲੰਧਰ ਗਰੁੱਪ ਹੈੱਡਕੁਆਰਟਰ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਜਨਰਲ ਛਿੱਬਰ ਨੇ ਉਨ੍ਹਾਂ ਕੈਡਿਟਾਂ ਨੂੰ ਸਰਟੀਫਿਕੇਟ, ਮੈਡਲ ਅਤੇ ਐਨ.ਸੀ.ਸੀ. ਕੈਪਸ ਪ੍ਰਦਾਨ ਕੀਤੀਆਂ, ਜਿਨ੍ਹਾਂ ਵੱਲੋਂ ਸਵੱਛ ਭਾਰਤ ਮਿਸ਼ਨ, ਬੇਟੀ ਬਚਾਓ ਬੇਟੀ ਪੜ੍ਹਾਓ, ਫਿਟ ਇੰਡੀਆ ਮੂਵਮੈਂਟ ਸਮੇਤ ਵੱਖ-ਵੱਖ ਰਾਸ਼ਟਰੀ ਪ੍ਰੋਗਰਾਮਾਂ ਅਤੇ ਕੋਰੋਨਾ ਸਾਵਧਾਨੀਆਂ ਤੇ ਕੋਵਿਡ ਟੀਕਾਕਰਨ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ ਸਨ। ਇਸ ਮੌਕੇ ਉਨ੍ਹਾਂ ਨਾਲ ਜਲੰਧਰ ਗਰੁੱਪ ਕਮਾਂਡਰ ਬ੍ਰਿਗੇਡੀਅਰ ਆਈ.ਐਸ.ਭੱਲਾ, ਵਸ਼ਿਸ਼ਟ ਸੈਨਾ ਮੈਡਲ ਵੀ ਮੌਜੂਦ ਸਨ। ਰੱਖਿਆ ਬਲਾਂ, ਅਰਧ ਸੈਨਿਕ ਬਲਾਂ ਅਤੇ ਕੁਝ ਸਿਵਲ ਸੈਕਟਰਾਂ ਵਿੱਚ ਭਰਤੀ ਹੋਣ ਲਈ ਐਨ.ਸੀ.ਸੀ. ‘ਸੀ’ ਸਰਟੀਫਿਕੇਟ ਦੇ ਵੱਖ-ਵੱਖ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਛਿੱਬਰ ਨੇ ਕੈਡਿਟਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਹਥਿਆਰਬੰਦ ਫੌਜ ਜੁਆਇਨ ਕਰਨ ਲਈ ਪ੍ਰੇਰਿਤ ਕੀਤਾ।
2 ਪੰਜਾਬ (ਲੜਕੀਆਂ) ਬਟਾਲੀਅਨ ਤੋਂ ਕੈਡਿਟ ਦੀਕਸ਼ਾ ਜਨਰਲ ਛਿੱਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਬੇਹੱਦ ਖੁਸ਼ ਸੀ। ਆਈ.ਏ.ਐਫ਼. ਅਧਿਕਾਰੀ ਦੀ ਧੀ ਨੇ ਕਿਹਾ ਕਿ ਜਨਰਲ ਵੱਲੋਂ ਕੈਡਿਟਾਂ ਨੂੰ ਆਪਣੇ ਜਨੂੰਨ ਦਾ ਪਿੱਛਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਕੈਡੇਟ ਦੀਕਸ਼ਾ ਨੇ ਕਿਹਾ, ‘‘ਮੇਰਾ ਜਨੂੰਨ ਫਾਈਟਰ ਪਾਇਲਟ ਬਣਨਾ ਹੈ ਅਤੇ ਮੈਂ ਇਸ ਲਈ ਪੂਰੀ ਮਿਹਤਨ ਕਰ ਰਹੀ ਹਾਂ।’’ ਕੈਡਿਟ ਦੀਕਸ਼ਾ, ਜਿਸ ਦੇ ਦਾਦਾ ਵੀ ਭਾਰਤੀ ਫੌਜ ਵਿੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ, ਨੇ ਕਿਹਾ ਕਿ ਉਹ ਪਰਿਵਾਰ ਵਿੱਚ ਤੀਜੀ ਪੀੜ੍ਹੀ ਦੀ ਅਫ਼ਸਰ ਬਣਨਾ ਚਾਹੁੰਦੀ ਹੈ। ਬੀ.ਐਸ.ਸੀ. ਦੇ ਵਿਦਿਆਰਥੀ 12 ਪੰਜਾਬ ਬਟਾਲੀਅਨ, ਹੁਸ਼ਿਆਰਪੁਰ ਤੋਂ ਕੈਡਿਟ ਅੰਡਰ ਅਫ਼ਸਰ ਸੌਰਵ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਿਹਾ ਹੈ ਅਤੇ ਇਸ ਸੁਪਨੇ ਨੂੰ ਉਹ ਜ਼ਰੂਰ ਪੂਰਾ ਕਰੇਗਾ।
ਹੋਰ ਕੈਡਿਟਾਂ ਨੇ ਵੀ ਫੌਜ ਵਿੱਚ ਭਰਤੀ ਹੋਣ ਲਈ ਅਜਿਹੀਆਂ ਹੀ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਕੈਡਿਟਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ 2 ਪੰਜਾਬ ਬਟਾਲੀਅਨ ਤੋਂ ਐਨ.ਸੀ.ਸੀ. ਸੀਨੀਅਰ ਅੰਡਰ ਅਫ਼ਸਰ (ਐਸ.ਯੂ.ਓ) ਗੁਰਪ੍ਰੀਤ ਸਿੰਘ, 8 ਪੰਜਾਬ ਤੋਂ ਅੰਡਰ ਅਫ਼ਸਰ ਰਿਤਿਕਾ, 21 ਪੰਜਾਬ ਤੋਂ ਕੈਡਿਟ ਨੈਨਾ, ਨੰਬਰ 1 ਏਅਰ ਸਕੁਐਡਰਨ ਐਨ.ਸੀ.ਸੀ. ਤੋਂ ਐਸ.ਯੂ.ਓ. ਪਰਮਦੀਪ ਸਿੰਘ ਅਤੇ ਸੈਨਿਕ ਸਕੂਲ ਕਪੂਰਥਲਾ ਤੋਂ ਐਸ.ਯੂ.ਓ. ਪੁਨੂੰ ਸ਼ਾਮਲ ਹਨ।
ਉਪਰੰਤ ਜਨਰਲ ਛਿੱਬਰ ਨੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਾਰੇ ਐਸੋਸੀਏਟ ਐਨ.ਸੀ.ਸੀ. ਅਫ਼ਸਰਾਂ (ਏ.ਐਨ.ਓ.) ਨਾਲ ਮੁਲਾਕਾਤ ਕੀਤੀ ਅਤੇ ਐਨ.ਸੀ.ਸੀ. ਕੈਡਿਟਾਂ ਨੂੰ ਸਿਖਲਾਈ ਦੇਣ ਵਿੱਚ ਉਨ੍ਹਾਂ ਦੀ ਭੁਮਿਕਾ ਦੀ ਸ਼ਲਾਘਾ ਕੀਤੀ। ਏ.ਐਨ.ਓਜ਼ ਵਿੱਚ ਮੇਜਰ ਐਸ.ਕੇ. ਤੁਲੀ, ਲੈਫਟੀਨੈਂਟ ਆਸ਼ੂ ਧਵਨ, ਲੈਫਟੀਨੈਂਟ ਸੋਨੀਆ ਮਹਿੰਦਰੂ, ਲੈਫਟੀਨੈਂਟ ਕਮਲਜੀਤ ਸਿੰਘ, ਕੈਪਟਨ ਸੁਰੇਸ਼ ਕੁਮਾਰ, ਕੈਪਟਨ ਅਮਰੀਕ ਸਿੰਘ, ਥਰਡ ਆਫੀਸਰ ਰਾਜਨ ਸ਼ਰਮਾ ਅਤੇ ਥਰਡ ਆਫੀਸਰ ਰਣਵੀਰ ਸਿੰਘ ਰਾਣਾ ਸ਼ਾਮਲ ਸਨ।