ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਂਡਮਾਈਜ਼ੇਸ਼ਨ ਦਾ ਮੰਤਵ 10 ਮਾਰਚ, 2022 ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਟਾਫ਼ ਦੀ ਤਾਇਨਾਤੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ –19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਵਿਧਾਨ ਸਭਾ ਹਲਕੇ ਲਈ ਦੋ ਗਿਣਤੀ ਹਾਲ ਬਣਾਏ ਗਏ ਹਨ ਅਤੇ ਹਰੇਕ ਹਾਲ ਵਿੱਚ 7 ਕਾਊਂਟਿੰਗ ਟੇਬਲ ਹੋਣਗੇ । 14 ਕਾਊਂਟਿੰਗ ਟੇਬਲਾਂ ਤੋਂ ਇਲਾਵਾ ਇਲੈਕਟ੍ਰਾਨਿਕਲੀ ਟਰਾਂਸਮਿਟਿਡ ਪੋਸਟਲ ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ.) ਅਤੇ ਪੋਸਟਲ ਬੈਲਟ ਦੀ ਗਿਣਤੀ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।ਇਸੇ ਤਰ੍ਹਾਂ ਰਿਟਰਨਿੰਗ ਅਫਸਰਾਂ ਲਈ ਵੀ ਟੇਬਲ ਲਗਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲੀ ਰੈਂਡਮਾਈਜ਼ੇਸ਼ਨ ਦੌਰਾਨ ਹਰੇਕ ਗਿਣਤੀ ਕੇਂਦਰ ਲਈ 23 ਕਾਊਂਟਿੰਗ ਪਾਰਟੀਆਂ (ਰਿਜ਼ਰਵ ਸਮੇਤ) ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇੱਕ ਪੋਲਿੰਗ ਪਾਰਟੀ ਵਿੱਚ ਇੱਕ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਸਹਾਇਕ ਅਤੇ ਇੱਕ ਮਾਈਕਰੋ ਅਬਜ਼ਰਵਰ ਸ਼ਾਮਲ ਹੁੰਦਾ ਹੈ।
ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਗਿਣਤੀ ਅਮਲੇ ਨੂੰ ਸਿਖਲਾਈ ਦੇਣ ਲਈ ਪਹਿਲੀ ਅਤੇ ਦੂਜੀ ਰਿਹਰਸਲ ਕ੍ਰਮਵਾਰ 6 ਅਤੇ 8 ਮਾਰਚ ਨੂੰ ਹੋਵੇਗੀ। ਗਿਣਤੀ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜ੍ਹਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਆਰਟ ਤੇ ਸਪੋਰਟਸ ਕਾਲਜ ਅਤੇ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ‘ਤੇ ਗਿਣਤੀ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤੋਂ ਇਲਾਵਾ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ.) ਓਜਸਵੀ ਅਲੰਕਾਰ, ਜ਼ਿਲ੍ਹਾ ਸੂਚਨਾ ਅਫ਼ਸਰ ਰਣਜੀਤ ਸਿੰਘ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।