ਅੰਮ੍ਰਿਤਸਰ, 22 ਫਰਵਰੀ (ਕੇਸਰੀ ਨਿਉਜ ਨੈਟਵਰਕ) – ਅਫ਼ਗ਼ਾਨਿਸਤਾਨ ਰਾਹਤ ਸਮਗਰੀ ਭੇਜਣ ਲਈ ਲਗਭਗ 4 ਮਹੀਨਿਆਂ ਬਾਅਦ ਪਾਕਿਸਤਾਨ ਵਲੋਂ ਭਾਰਤ ਨੂੰ ਰਸਤਾ ਦੇਣ ਦੀ ਮਨਜ਼ੂਰੀ ਦੇਣ ਉਪਰੰਤ ਅੱਜ ਸ਼ਾਮ 4 ਵਜੇ ਵਿਦੇਸ਼ ਸਕੱਤਰ ਹਰਸ਼ ਵਰਧਨ ਸਿੰਗਲਾ ਵਲੋਂ ਹਰੀ ਝੰਡੀ ਦੇ ਕੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਹਿਲੀ ਖੇਪ ‘ਚ ਲਗਭਗ 40 ਟਰੱਕ ਪਾਕਿ ਰਸਤੇ ਅਫ਼ਗ਼ਾਨਿਸਤਾਨ ਰਵਾਨਾ ਕੀਤੇ ਜਾਣਗੇ। ਅਫ਼ਗ਼ਾਨ ਟਰੱਕ ਅਫਗਾਨ-ਪਾਕਿ ਸਰਹੱਦ ਤੋਰਖਮ ਤੋਂ ਅਟਾਰੀ ਆਈ. ਸੀ. ਪੀ. ਵਿਖੇ ਪਹੁੰਚ ਚੁਕੇ ਹਨ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਅਫ਼ਗ਼ਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਤੁਰੰਤ ਬਾਅਦ ਭਾਰਤ ਨੇ ਰਾਹਤ ਦੀ ਪੇਸ਼ਕਸ਼ ਕੀਤੀ ਸੀ। ਇਸ ਨੂੰ ਪਾਕਿਸਤਾਨ ਰਾਹੀਂ ਲਿਜਾਇਆ ਜਾਣਾ ਸੀ। ਇਜਾਜ਼ਤ ਮਿਲਣ ਤੋਂ ਬਾਅਦ ਭਾਰਤ ਤੋਂ 50 ਹਜ਼ਾਰ ਮੀਟਰਿਕ ਟਨ ਕਣਕ ਪਾਕਿਸਤਾਨ ਦੇ ਰਸਤੇ ਅਫ਼ਗ਼ਾਨਿਸਤਾਨ ਭੇਜੀ ਜਾਵੇਗੀ।