ਚੰਡੀਗੜ (ਕੇਸਰੀ ਨਿਊਜ਼ ਨੈੱਟਵਰਕ)-ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ। ਇਹ ਸਿੱਧੂ ਮੂਸੇਵਾਲਾ ਦੇ ਗਾਏ ਉਸ ਗਾਣੇ ਦੇ ਬੋਲ ਹਨ ਜੋ ਜਿੰਨਾ ਮਸ਼ਹੂਰ ਹੈ, ਓਨਾ ਹੀ ਵਿਵਾਦਤ ਵੀ। ਉਹ ਇਕ ਗਾਇਕ ਹੈ ਪਰ ਹਥਿਆਰਾਂ ਨਾਲ ਉਸ ਨੂੰ ਖ਼ਾਸ ਲਗਾਓ ਹੈ। ਇਸੇ ਕਰਕੇ ਉਸ ਖਿਲਾਫ਼ ਪੁਲਿਸ ਕੇਸ ਵੀ ਦਰਜ ਹਨ। ਮਾਨਸਾ ਦੇ ਪਿੰਡ ਮੂਸਾ ਦਾ ਇੱਕ ਅੱਖੜ ਨੌਜਵਾਨ। ਜੋ ਪੜ੍ਹਨ ਦੇ ਲਈ ਕੈਨੇਡਾ ਗਿਆ ਤੇ ਗਾਇਕ ਬਣਕੇ ਮੁੜਿਆ। ਉਸ ਦੇ ਜਿੰਨੇ ਪ੍ਰਸ਼ੰਸਕ ਹਨ, ਓਨੇ ਹੀ ਆਲੋਚਕ ਵੀ। ਸਿੱਧੂ ਮੂਸੇਵਾਲਾ ਦੇ ਸ਼ੋਹਰਤ ਤੱਕ ਪਹੁੰਚਣ ਦੀ ਕਹਾਣੀ ਬੜੀ ਦਿਲਚਸਪ ਹੈ। ਉਹ ਹੁਣ ਸਿਆਸਤ ਵਿੱਚ ਸ਼ਾਮਲ ਹੋ ਗਿਆ ਹੈ।
ਸਿੱਧੂ ਵੱਲੋਂ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਬਾਅਦ ਕੁਝ ਲੋਕਾਂ ਅਤੇ ਵੱਡੇ ਸਿਆਸੀ ਆਗੂਆਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਅਤੇ ਹਵਾਲਾ ਦਿੱਤਾ ਗਿਆ ਸੀ, ਕਿ ਸਿੱਧੂ ਮੂਸੇਵਾਲਾ ਦੇ ਗਾਣੇ ਵਿਵਾਦਿਤ ਹੁੰਦੇ ਹਨ ਅਤੇ ਗੱਲੀਂ ਬਾਤੀਂ ਵਿਵਾਦ ਸਿੱਧੂ ਨੂੰ ਆ ਘੇਰਦੇ ਹਨ, ਆਖਿਰਕਾਰ ਕੀ ਹਨ ਉਹ ਵਿਵਾਦ ਜਿਹਨਾਂ ਨੇ ਸਿੱਧੂ ਨੂੰ ਚਰਚਾ ਦਾ ਵਿਸ਼ਾ ਬਣਾਇਆ?
ਮੂਸੇਵਾਲਾ ਲਈ ਵਿਵਾਦ ਕਿਸੇ ਹੋਰ ਨੇ ਨਹੀਂ ਬਲਕਿ ਗੀਤਾਂ ਦੀ ਸ਼ਬਦਾਵਲੀ ਅਤੇ ਵੀਡੀਓਸ ਨੇ ਕੀਤਾ।
‘ਗੱਭਰੂ ‘ਤੇ ਕੇਸ ਜਿਹੜਾ ਸੰਜੇ ਦੱਤ ‘ਤੇ, ‘ਡਾਲਰਾਂ ਵਾਗੂਂ ਨੀਂ ਨਾਮ ਸਦਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ…’
ਅਜਿਹੇ ਕਈ ਹਿੱਟ ਗਾਣੇ ਗਾਉਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋਏ ਤਾਂ ਇਸ ਖ਼ਬਰ ਦੀ ਚਰਚਾ ਚਾਰੇ ਪਾਸੇ ਹੋਈ, ਗਨ ਕਲਚਰ ਨੂੰ ਵਧਾਵਾ ਦੇਣ ਦੇ ਇਲਜ਼ਾਮਾਂ ਨੂੰ ਝੱਲ ਰਹੇ ਮੂਸੇਵਾਲਾ ਦੇ ਖਿਲਾਫ਼ ਅਤੇ ਹੱਕ ਵਿੱਚ ਸੋਸ਼ਲ ਮੀਡੀਆ ‘ਤੇ ਵੀ ਖਾਸੀ ਚਰਚਾ ਹੋਈ।
ਕੌਣ ਹੈ ਸਿੱਧੂ ਮੂਸੇਵਾਲਾ
ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋਏ। ਸਿੱਧੂ ਮੂਸੇਵਾਲਾ ਦਾ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਵਿੱਚ ਪੈਂਦਾ ਹੈ। ਸਿੱਧੂ ਮੂਸੇਵਾਲਾ ਦੀ ਚਰਚਾ ਸਾਲ 2018 ਤੋਂ ਜ਼ਿਆਦਾ ਹੋਣ ਲੱਗੀ ਜਦੋਂ ਬੰਦੂਕ ਸੱਭਿਆਚਾਰ ਸਬੰਧੀ ਕਈ ਗੀਤ ਆਏ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨਜੀਤ ਕੌਰ ਮੂਸਾ ਪਿੰਡ ਦੇ ਸਰਪੰਚ ਹਨ। ਸਰਪੰਚੀ ਦੀਆਂ ਚੋਣਾਂ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੀ ਮਾਂ ਲਈ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ।
ਸਿੱਧੂ ਮੂਸੇਵਾਲਾ ‘ਤੇ ਪਏ ਕੇਸ ਅਤੇ ਵਿਵਾਦ
* ਸਿੱਧੂ ਮੂਸੇਵਾਲਾ ਦੇ ਫਾਇਰਿੰਗ ਕਰਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਬਰਨਾਲਾ ਦੀ ਬਡਬਰ ਫਾਇਰਿੰਗ ਰੇਂਜ ਵਿੱਚ ਕਥਿਤ ਤੌਰ ‘ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਦੇ ਦੀ ਸੀ।
ਸਿੱਧੂ ਮੂਸੇਵਾਲਾ ਸਣੇ 9 ਲੋਕਾਂ ਖ਼ਿਲਾਫ ਸੰਗਰੂਰ ਅਤੇ ਬਰਨਾਲਾ ਵਿੱਚ ਮਈ 2020 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਦੋਵੇਂ ਵੀਡੀਓ ਲੌਕਡਾਊਨ ਵੇਲੇ ਦੇ ਸਨ। ਪੁਲਿਸ ਨੇ ਪਹਿਲਾਂ ਆਪਦਾ ਪ੍ਰਬੰਧਨ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਆਰਮਜ਼ ਐਕਟ ਵੀ ਜੋੜਿਆ ਗਿਆ।
ਇਸ ਤੋਂ ਪਹਿਲਾਂ ਵੀ ਹਥਿਆਰਾਂ ਨੂੰ ਵਧਾਵਾ ਦੇਣ ਵਾਲੇ ਗੀਤਾਂ ਕਾਰਨ ਮੂਸੇਵਾਲਾ ‘ਤੇ ਫ਼ਰਵਰੀ 2020 ਵਿੱਚ ਮਾਨਸਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ।
ਇਸ ਗੀਤ ਕਰਕੇ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
* ‘ਸੰਜੂ’ ਟਾਇਟਲ ਹੇਠਾਂ 16 ਜੁਲਾਈ 2020 ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕੀਤੀ ਸੀ।
ਉਸ ਵੇਲੇ ਓਲੰਪਿਕ ਨਿਸ਼ਾਨੇਬਾਜ਼ ਅਤੇ ਸੀਨੀਅਰ ਪੁਲਿਸ ਅਫਸਰ ਅਵਨੀਤ ਕੌਰ ਸਿੱਧੂ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਸਿੱਧੂ ਮੂਸੇਵਾਲਾ ਨੂੰ ਨਸੀਹਤ ਵੀ ਦਿੱਤੀ ਗਈ ਸੀ। ਆਪਣੇ ਇਸ ਨਵੇਂ ਗੀਤ ‘ਸੰਜੂ’ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਮੁੜ ਚਰਚਾ ਵਿੱਚ ਹੈ।
ਇਸ ਗੀਤ ਕਰਕੇ ਹੀ ਪੰਜਾਬ ਦੀ ਕ੍ਰਾਈਮ ਬਰਾਂਚ ਨੇ ਬੰਦੂਕ ਕਲਚਰ ਅਤੇ ਹਿੰਸਾ ਨੂੰ ਵਧਾਵਾ ਦੇਣ ਕਰਕੇ IPC ਦੀਆਂ ਧਾਰਾਵਾਂ 188/294/504/120- ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਮਾਮਲਾ ਮੋਹਾਲੀ ਦੇ ਫੇਸ-4 ਵਿਖੇ ਪੰਜਾਬ ਕ੍ਰਾਈਮ ਬਰਾਂਚ ਵਿੱਚ ਦਰਜ ਹੋਇਆ ਹੈ।
‘ਸੰਜੂ’ ਟਾਇਟਲ ਹੇਠਾਂ 16 ਜੁਲਾਈ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਆਪਣੇ ਉੱਤੇ ਆਰਮਜ਼ ਐਕਟ ਦੇ ਤਹਿਤ ਦਰਜ ਹੋਏ ਕੇਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਉੱਤੇ ਲੱਗੇ ਕੇਸ ਨਾਲ ਕਰ ਰਿਹਾ ਹੈ।