ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਪੰਜਾਬ ’ਚ ਅਕਾਲੀ ਦਲ (ਬਾਦਲ) ਨਾਲ ਗਠਜੋਡ਼ ’ਚ ਪਿਛਲੇ ਢਾਈ ਦਹਾਕੇ ਤੋਂ ਸਿਰਫ਼ 23 ਸੀਟਾਂ ’ਤੇ ਹੀ ਸਿਮਟੀ ਹੋਈ ਸੀ। ਇਸ ਦੌਰਾਨ ਤਿੰਨ ਵਾਰੀ ਗਠਜੋਡ਼ ਦੀ ਸਰਕਾਰ ਬਣੀ ਪਰ ਭਾਜਪਾ ਨੇ ਕਦੇ ਵੀ ਸਿੱਖ ਬਹੁਗਿਣਤੀ ਵਾਲੀਆਂ ਸੀਟਾਂ ਜਾਂ ਪੇਂਡੂ ਸੀਟਾਂ ’ਤੇ ਖ਼ੁਦ ਨੂੰ ਅੱਗੇ ਨਹੀਂ ਵਧਾਇਆ। ਅਕਾਲੀ ਦਲ ਤੋਂ ਨਾਤਾ ਟੁੱਟ ਜਾਣ ਤੋਂ ਬਾਅਦ ਭਾਜਪਾ ਹੁਣ ਸਿੱਖ ਭਾਈਚਾਰੇ ’ਚ ਆਪਣਾ ਵਿਸਥਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੁੱਕਰਵਾਰ ਨੂੰ ਪ੍ਰਮੁੱਖ ਸਿੱਖ ਹਸਤੀਆਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਨੂੰ ਇਸੇ ਸੰਦਰਭ ’ਚ ਦੇਖਿਆ ਜਾ ਰਿਹਾ ਹੈ।
ਜਿਹਡ਼ੇ ਪੀਐੱਮ ਨੂੰ ਮਿਲੇ, ਪੰਜਾਬ ’ਚ ਅਜਿਹਾ ਹੈ ਉਨ੍ਹਾਂ ਦਾ ਪ੍ਰਭਾਵ
ਮਹੰਤ ਕਰਮਜੀਤ ਸਿੰਘ, ਪ੍ਰਧਾਨ ਡੇਰਾ ਸੇਵਾਪੰਤੀ, ਯਮੁਨਾਨਗਰ
ਇਹ ਡੇਰਾ ਬੇਸ਼ੱਕ ਯਮੁਨਾਨਗਰ ’ਚ ਹੈ ਪਰ ਇਨ੍ਹਾਂ ਦਾ ਇਕ ਵੱਡਾ ਡੇਰਾ ਬਠਿੰਡਾ ਜ਼ਿਲ੍ਹੇ ਦੇ ਮੰਡੀ ਗੋਨਿਆਨਾ ’ਚ ਵੀ ਹੈ। ਅਰੋਡ਼ਾ ਸਿੱਖ ਬਿਰਾਦਰੀ ਇਸ ਡੇਰੇ ਦੀ ਵੱਡੀ ਪੈਰੋਕਾਰ ਹੈ। ਇਸ ਲਈ ਭੁੱਚੋ ਮੰਡੀ, ਮਲੋਟ ਤੇ ਅਬੋਹਰ ਆਦਿ ਸੀਟਾਂ ’ਤੇ ਇਨ੍ਹਾਂ ਦਾ ਚੰਗਾ ਅਸਰ ਹੈ।
ਹਰਮੀਤ ਸਿੰਘ ਖ਼ਾਲਸਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ
ਹਰਮੀਤ ਸਿੰਘ ਖ਼ਾਲਸਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਰਹੇ ਹਨ ਤੇ ਸ਼ਹਿਰੀ ਸਿੱਖਾਂ ’ਚ ਇਨ੍ਹਾਂ ਦਾ ਚੰਗਾ ਆਧਾਰ ਹੈ। ਬੇਸ਼ੱਕ ਸਿੱਧੇ ਤੌਰ ’ਤੇ ਹਰਮੀਤ ਸਿੰਘ ਦਾ ਪੰਜਾਬ ’ਚ ਓਨਾ ਪ੍ਰਭਾਵ ਨਹੀਂ ਹੈ ਪਰ ਸੁਖਬੀਰ ਦੇ ਕਰੀਬੀ ਰਹੇ ਮਨਜਿੰਦਰ ਸਿੰਘ ਸਿਰਸਾ ਤੋਂ ਬਾਅਦ ਜਿਸ ਤਰ੍ਹਾਂ ਹਰਮੀਤ ਸਿੰਘ ਭਾਜਪਾ ਦੇ ਕਰੀਬੀ ਹੋ ਗਏ ਹਨ ਉਸ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਦੇਸ਼ ਭਰ ’ਚ ਘੱਟ ਗਿਣਤੀਆਂ ਦੇ ਤੌਰ ’ਤੇ ਰਹਿ ਰਹੇ ਸਿੱਖਾਂ ’ਚ ਉਨ੍ਹਾਂ ਦਾ ਪ੍ਰਭਾਵ ਹੈ।
ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਸੁਲਤਾਨਪੁਰ ਲੋਧੀ
ਸੰਤ ਸੀਚੇਵਾਲ ਦਾ ਪੰਜਾਬ ’ਚ ਚੰਗਾ ਪ੍ਰਭਾਵ ਹੈ। ਇਹ ਇਸ ਲਈ ਨਹੀਂ ਹੈ ਕਿ ਉਨ੍ਹਾਂ ਦਾ ਨਿਰਮਲ ਫਿਰਕਾ ਪੰਜਾਬ ਭਰ ’ਚ ਫੈਲਿਆ ਹੈ ਬਲਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੇ ਕਾਰਨ ਉਹ ਪੰਜਾਬ ’ਚ ਮਕਬੂਲ ਹੋ ਗਏ ਹਨ।
ਬਾਬਾ ਯੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ, ਨਾਨਕਸਰ (ਕਰਨਾਲ)
ਇਸ ਡੇਰੇ ਦਾ ਲੁਧਿਆਣਾ ਜ਼ਿਲ੍ਹੇ ’ਚ ਵੀ ਇਕ ਡੇਰਾ ਹੈ ਤੇ ਪੇਂਡੂ ਹਲਕੇ ’ਚ ਇਨ੍ਹਾਂ ਦੀ ਚੰਗੀ ਪੈਠ ਹੈ। ਖ਼ਾਸ ਤੌਰ ’ਤੇ ਲੁਧਿਆਣਾ ਤੇ ਮੋਗਾ ਦੇ ਆਸਪਾਸ ਦੇ ਇਲਾਕਿਆਂ ’ਚ ਨਾਨਕਸਰ ਡੇਰੇ ਦਾ ਪ੍ਰਭਾਵ ਹੈ। ਹਾਲਾਂਕਿ ਪੰਜਾਬ ਦਾ ਇਹ ਡੇਰਾ ਅਕਾਲੀ ਦਲ ਦਾ ਵੀ ਸਮਰਥਨ ਕਰਦਾ ਰਿਹਾ ਹੈ।
ਸੰਤ ਬਾਬਾ ਮੇਜਰ ਸਿੰਘ ਵਾਹਾ, ਮੁਖੀ ਡੇਰਾ ਬਾਬਾ ਤਾਰਾ ਸਿੰਘ ਵਾਹਾ, ਅੰਮ੍ਰਿਤਸਰ
ਇਹ ਮਾਝਾ ਦਾ ਇਕ ਪ੍ਰਮੁੱਖ ਡੇਰਾ ਹੈ ਤੇ ਅੰਮ੍ਰਿਤਸਰ ਦੀਆਂ ਪੇਂਡੂ ਸੀਟਾਂ ’ਤੇ ਇਸ ਡੇਰੇ ਦਾ ਚੰਗਾ ਪ੍ਰਭਾਵ ਹੈ।
ਜਥੇਦਾਰ ਬਾਬਾ ਸਾਹਿਬ ਸਿੰਘ, ਕਾਰ ਸੇਵਾ ਅਨੰਦਪੁਰ ਸਾਹਿਬ
ਕਿਲ੍ਹਾ ਅਨੰਦਗਡ਼੍ਹ ਦੇ ਰੂਪ ’ਚ ਜਾਣੇ ਜਾਣ ਵਾਲੇ ਇਸ ਡੇਰੇ ਦਾ ਮੋਹਾਲੀ, ਰੋਪਡ਼ ਆਦਿ ਇਲਾਕਿਆਂ ’ਚ ਚੰਗਾ ਪ੍ਰਭਾਵ ਹੈ। ਇਸ ਡੇਰੇ ਵਲੋਂ ਕੰਡੀ ਦੇ ਖੇਤਰਾਂ ’ਚ ਕੀਤੇ ਜਾ ਰਹੇ ਸਮਾਜਿਕ ਕੰਮਾਂ ਦਾ ਕਾਫੀ ਅਸਰ ਦੇਖਣ ਨੂੰ ਮਿਲਦਾ ਹੈ।
ਬਾਬਾ ਜੱਸਾ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ, ਪੰਜਵਾਂ ਤਖ਼ਤ
ਇਹ ਨਿਹੰਗ ਸਿੰਘਾਂ ਦੇ ਵੱਡੇ ਸੰਗਠਨ ਦਾ ਇਕ ਹਿੱਸਾ ਹੈ, ਜਿਸ ਦੀ ਕਮਾਨ ਬਲਬੀਰ ਸਿੰਘ ਦੇ ਹੱਥ ’ਚ ਹੈ। ਬਲਬੀਰ ਸਿੰਘ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਰਹੇ ਹਨ ਜਦਕਿ ਬਾਬਾ ਜੱਸਾ ਸਿੰਘ ਉਨ੍ਹਾਂ ਦੇ ਖ਼ਿਲਾਫ਼ ਹਨ।
ਡਾ. ਹਰਭਜਨ ਸਿੰਘ, ਦਮਦਮੀ ਟਕਸਾਲ, ਚੌਕ ਮਹਿਤਾ
ਦਮਦਮੀ ਟਕਸਾਲ ਦਾ ਪੰਜਾਬ ਦੇ ਪੇਂਡੂ ਹਲਕਿਆਂ ’ਚ ਚੰਗਾ ਪ੍ਰਭਾਵ ਹੈ। ਇਨ੍ਹਾਂ ਦੇ ਪੈਰੋਕਾਰ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਬਹੁਤ ਪਸੰਦ ਕਰਦੇ ਹਨ। ਪਿਛਲੇ ਦਿਨੀਂ ਹੀ ਟਕਸਾਲ ਦੇ ਇਕ ਆਗੂ ਪ੍ਰੋ. ਸਰਚਾਂਦ ਸਿੰਘ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਹ ਮੰਨਦੇ ਹਨ ਕਿ ਟਕਸਾਲ ਨੂੰ ਸਹੀ ਤਰੀਕੇ ਨਾਲ ਪਛਾਣਨ ’ਚ ਸਾਰਿਆਂ ਨੇ ਗਲਤੀ ਕੀਤੀ ਹੈ।
ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ
ਗਿਆਨੀ ਰਣਜੀਤ ਸਿੰਘ ਦਾ ਪੰਜਾਬ ’ਚ ਜ਼ਿਆਦਾ ਅਸਰ ਨਹੀਂ ਹੈ ਪਰ ਕਿਉਂਕਿ ਉਹ ਸਿੱਖਾਂ ਦੇ ਪੰਜ ਤਖ਼ਤਾਂ ’ਚੋਂ ਇਕ ਦੇ ਜਥੇਦਾਰ ਹਨ ਇਸ ਲਈ ਸਿੱਖ ਫਿਰਕੇ ’ਚ ਪੈਠ ਜ਼ਰੂਰ ਹੈ।
– ਰਵਿੰਦਰ ਸਿੰਘ ਆਹੂਜਾ, ਪ੍ਰਧਾਨ ਸਿੱਖ ਫੋਰਮ ਨਵੀਂ ਦਿੱਲੀ
– ਮਨਜੀਤ ਸਿੰਘ ਭਾਟੀਆ, ਪ੍ਰਧਾਨ, ਸਿੰਘ ਸਭਾ ਗੁਰਦੁਆਰਾ ਸਾਹਿਬ, ਇੰਦੌਰ (ਐੱਮਪੀ)
– ਪ੍ਰਭਲੀਨ ਸਿੰਘ, ਪ੍ਰਧਾਨ, ਯੰਗ ਪ੍ਰੋਗੈਸਿਵ ਫੋਰਮ, ਪਟਿਆਲਾ
ਇਨ੍ਹਾਂ ਤਿੰਨਾਂ ਹੀ ਸੰਗਠਨਾਂ ਦਾ ਸ਼ਹਿਰੀ ਸਿੱਖਾਂ ’ਚ ਚੰਗਾ ਪ੍ਰਭਾਵ ਹੈ ਪਰ ਪੰਜਾਬ ’ਚ ਕੋਈ ਜ਼ਿਆਦਾ ਆਧਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਦਾਆਵਾ ਕੀਤਾ ਜਾਂਦਾ ਹੈ ਪਰ ਅਕਾਲੀ ਦਲ ਨੇ ਸ਼ਹਿਰੀ ਸਿੱਖਾਂ ’ਚ ਇਕ-ਅੱਧੇ ਨੂੰ ਛੱਡ ਕੇ ਕਿਸੇ ਨੂੰ ਟਿਕਟ ਨਹੀਂ ਦਿੱਤੀ। ਹਾਲਾਂਕਿ ਹਾਲੇ ਤਕ ਸ਼ਹਿਰੀ ਸਿੱਖ ਅਕਾਲੀ ਦਲ ਦੇ ਨਾਲ ਹੀ ਚੱਲਦੇ ਰਹੇ ਹਨ। ਪਟਿਆਲਾ, ਲੁਧਿਆਣਾ, ਜਲੰਧਰ, ਮੋਹਾਲੀ ਤੇ ਅੰਮ੍ਰਿਤਸਰ ਆਦਿ ’ਚ ਇਨ੍ਹਾਂ ਦਾ ਚੰਗਾ ਆਧਾਰ ਹੈ। ਇਹ ਸਿੱਖ ਮੁੱਖ ਤੌਰ ’ਤੇ ਵਪਾਰੀ ਹਨ, ਇਸ ਲਈ ਜ਼ਿਆਦਾਤਰ ਉਸੇ ਦਾ ਸਾਥ ਦਿੰਦੇ ਹਨ, ਜਿਸ ਦੀ ਸਰਕਾਰ ਬਣਨ ਦੇ ਆਸਾਰ ਹੋਣ।