ਜਲੰਧਰ (ਗੁਰਪ੍ਰੀਤ ਸਿੰਘ ਸੰਧੂ)– ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ 20 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਪਰ ਇਸ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਡੀ ਮੁਸ਼ਕਲ ‘ਚ ਫਸ ਗਏ ਹਨ।
ਦਰਅਸਲ ਕੇਜਰੀਵਾਲ ਦੇ ਸਾਬਕਾ ਸਹਿਯੋਗੀ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਦੋਸ਼ ਲਾਇਆ ਹੈ ਕਿ ਕੇਜਰੀਵਾਲ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੱਖਵਾਦੀਆਂ ਦੀ ਮਦਦ ਲੈਣ ਦੀ ਗੱਲ ਆਖੀ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕਿਸੇ ਵੱਖਰੇ ਦੇਸ਼ (ਖਾਲਿਸਤਾਨ) ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ।
ਕੇਜਰੀਵਾਲ ਬਾਰੇ ਇਸ ਖੁਲਾਸੇ ਤੋਂ ਬਾਅਦ ਤਾਜ਼ਾ ਖਬਰ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੇਜਰੀਵਾਲ ‘ਤੇ ਲੱਗੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇਣ ਦੀ ਅਪੀਲ ਕੀਤੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਜਰੀਵਾਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਚੰਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੁਮਾਰ ਵਿਸ਼ਵਾਸ ਵੱਲੋਂ ਕੀਤੇ ਗਏ ਦਾਅਵਿਆਂ ਦੀ ਨਿਰਪੱਖ ਜਾਂਚ ਦੇ ਹੁਕਮ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੱਖਵਾਦ ਦੀ ਭਾਰੀ ਕੀਮਤ ਅਦਾ ਕੀਤੀ ਹੈ। ਚੰਨੀ ਨੇ ਟਵੀਟ ਕੀਤਾ, “ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮੈਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਕੁਮਾਰ ਵਿਸ਼ਵਾਸ ਦੇ ਵੀਡੀਓ ਦੇ ਮਾਮਲੇ ਦੀ ਨਿਰਪੱਖ ਜਾਂਚ ਦੇ ਆਦੇਸ਼ ਦੇਣ ਦੀ ਬੇਨਤੀ ਕਰਦਾ ਹਾਂ। ਸਿਆਸਤ ਨੂੰ ਪਾਸੇ ਰੱਖ ਕੇ, ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਨ ਦੀ ਭਾਰੀ ਕੀਮਤ ਚੁਕਾਈ ਹੈ। ਮਾਣਯੋਗ ਪ੍ਰਧਾਨ ਮੰਤਰੀ ਨੂੰ ਹਰ ਪੰਜਾਬੀ ਦੀ ਚਿੰਤਾ ਨੂੰ ਦੂਰ ਕਰਨ ਦੀ ਲੋੜ ਹੈ।
ਉਘੇ ਸ਼ਾਇਰ ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਲਾਏ ਦੋਸ਼ਾਂ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਸਿਆਸੀ ਪਾਰਾ ਵੀ ਚੜ੍ਹਾ ਦਿੱਤਾ ਹੈ। ਹੁਣ ਦੋ ਦਿਨਾਂ ਬਾਅਦ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਦੋਸ਼ਾਂ ‘ਤੇ ਚੁੱਪੀ ਤੋੜਦਿਆਂ ਖ਼ਾਲਿਸਤਾਨੀ ਵੱਖਵਾਦੀਆਂ ਨਾਲ ਆਪਣੇ ਸਬੰਧਾਂ ਨੂੰ ਸਪੱਸ਼ਟ ਕਰਦਿਆਂ ਕੁਮਾਰ ਵਿਸ਼ਵਾਸ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਹਾਸਰਸ ਸ਼ਾਇਰ ਹਨ, ਉਹ ਕੁਝ ਵੀ ਕਹਿ ਸਕਦੇ ਹਨ, ਜਿਸ ਨੂੰ ਰਾਹੁਲ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ ਗੰਭੀਰਤਾ ਨਾਲ ਲਿਆ ਹੈ।
ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ‘ਤੇ ਕੱਸਿਆ ਤੰਜ਼
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਤਵਾਦੀ ਨੂੰ ਫੜਨ ਵਾਲੇ ਇਸ ਕਵੀ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਦਾ ਸਭ ਤੋਂ ਪਿਆਰਾ ਅੱਤਵਾਦੀ ਹਾਂ। ਇਹ ਵੀ ਦਾਅਵਾ ਕਿ ਮੈਂ ਹਸਪਤਾਲ ਬਣਾਵਾਂਗਾ, ਬਿਜਲੀ ਮੁਫਤ ਕਰਾਂਗਾ, ਲੋਕਾਂ ਦੀ ਸੇਵਾ ਕਰਾਂਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਮੈਂ ਪਿਛਲੇ 10 ਸਾਲਾਂ ਤੋਂ ਵੱਖਵਾਦੀਆਂ ਨਾਲ ਮਿਲ ਕੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਯੋਜਨਾ ਬਣਾ ਰਿਹਾ ਸੀ ਤਾਂ ਸਰਕਾਰ ਨੇ ਹੁਣ ਤਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਕੁਮਾਰ ਵਿਸ਼ਵਾਸ ਦੇ ਦੋਸ਼ਾਂ ‘ਤੇ ਬੁਖ਼ਲਾਏ ਅਰਵਿੰਦ ਕੇਜਰੀਵਾਲ
ਕੁਮਾਰ ਵਿਸ਼ਵਾਸ ਦੇ ਖੁਲਾਸਿਆਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਡਰ ਨਾਲ ਸਾਰੇ ਭ੍ਰਿਸ਼ਟਾਚਾਰੀ ਇਕ ਹੋ ਗਏ ਹਨ। ਹਰ ਕੋਈ ਪੰਜਾਬ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ, ਕਾਂਗਰਸ, ਅਕਾਲੀ ਦਲ ਸਾਰੇ ਮਿਲ ਕੇ ਸਾਨੂੰ ਗਾਲ੍ਹਾਂ ਕੱਢ ਰਹੇ ਹਨ। ਮੇਰੇ ‘ਤੇ ਦੇਸ਼ ਨੂੰ ਤੋੜਨ ਦਾ ਦੋਸ਼ ਮੈਨੂੰ ਹਸਾਉਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ‘ਕੇਜਰੀਵਾਲ ਨੇ ਮੈਨੂੰ ਕਿਹਾ ਸੀ ਕਿ ਮੈਂ ਪੰਜਾਬ ਦਾ ਸੀਐਮ ਬਣਾਂਗਾ, ਜਦੋਂ ਮੈਂ ਵੱਖਵਾਦ ਦਾ ਜ਼ਿਕਰ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੀ ਹੋਇਆ। ਜੇਕਰ ਮੈਂ ਪੰਜਾਬ ਦਾ ਮੁੱਖ ਮੰਤਰੀ ਨਾ ਬਣਿਆ ਤਾਂ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ।